Breaking News
Home / ਕੈਨੇਡਾ / ਸੈਂਡਲਵੁੱਡ ਸੀਨੀਅਰ ਕਲੱਬ ਦੇ ਤਾਸ਼ ਮੁਕਾਬਲੇ ਰੌਚਕ ਰਹੇ

ਸੈਂਡਲਵੁੱਡ ਸੀਨੀਅਰ ਕਲੱਬ ਦੇ ਤਾਸ਼ ਮੁਕਾਬਲੇ ਰੌਚਕ ਰਹੇ

ਬਰੈਂਪਟਨ/ਬਿਊਰੋ ਨਿਊਜ਼ : ਸੈਂਡਲਵੁੱਡ ਸੀਨੀਅਰ ਕਲੱਬ ਵਲੋਂ ਲੰਘੇ ਸ਼ਨਿਚਰਵਾਰ ਕਰਵਾਏ ਗਏ ਤਾਸ਼ ਦੇ ਬੜੇ ਰੌਚਿਕ ਮੁਕਾਬਲਿਆਂ ਵਿਚ 24 ਟੀਮਾਂ ਨੇ, ਜਿਨ੍ਹਾਂ ਦੇ ਮੈਂਬਰ ਬਰੈਂਪਟਨ ਦੇ ਵੱਖ ਵੱਖ ਸੀਨੀਅਰ ਕਲੱਬਾਂ ਤੋਂ ਆਏ ਹੋਏ ਸਨ, ਭਾਗ ਲਿਆ। ਪੰਜਾਬ ਤੋਂ ਆਏ, ਕੰਮਾਂ ਤੋਂ ਵਿਹਲੇ ਹੋ ਚੁੱਕੇ, ਬਜ਼ੁਰਗ, ਸੀਨੀਅਰ ਕਲੱਬਾਂ ਵਿਚ ਜਾ ਕੇ, ਗੱਲਾਂ ਬਾਤਾਂ ਤੋਂ ਇਲਾਵਾ ਤਾਸ਼ ਖੇਡ ਕੇ ਅਪਣਾ ਮਨ ਪ੍ਰਚਾਵਾ ਕਰਦੇ ਹਨ। ਹਰ ਕਲੱਬ ਵਿਚ ਵੱਡੀ ਪੱਧਰ ‘ਤੇ ਤਾਸ਼ ਦੀਆਂ ਬਾਜ਼ੀਆਂ ਲੱਗਦੀਆਂ ਹਨ। ਪੰਜਾਬੀਆਂ ਵਿਚ ਚਲਦੀ ਸਵੀਪ ਖੇਡ ਵਿਚ ਕਈਆਂ ਦੀ ਬੜੀ ਮੁਹਾਰਤ ਬਣ ਜਾਂਦੀ ਹੈ। ਇਹ ਖੇਡ ਦੂਸਰੀਆਂ ਖੇਡਾਂ ਨਾਲੋਂ ਯਾਦ ਸ਼ਕਤੀ ‘ਤੇ ਜ਼ਿਆਦਾ ਨਿਰਭਰ ਹੋਣ ਕਾਰਨ, ਚੰਗਾ ਸਮਾਂ ਬਿਤਾਉਣ ਦੇ ਨਾਲ ਨਾਲ, ਬੁਢੇਪੇ ਵਿਚ ਯਾਦ ਸ਼ਕਤੀ ਘਟਣ ਦੀ ਬਿਮਾਰੀ ਨੂੰ ਕੁਝ ਹੱਦ ਤੱਕ ਦੂਰ ਰੱਖਣ ਵਿਚ ਵੀ ਸਹਾਇਕ ਹੋ ਨਿਬੜਦੀ ਹੈ। ਰੋਜ਼ ਦੇ ਖਿਡਾਰੀ ਇਸ ਖੇਡ ਵਿਚ ਜੇਤੂ ਹੋਣਾ ਵੱਡਾ ਮਾਣ ਮੰਨਦੇ ਹਨ।
ਪ੍ਰੋਗਰਾਮ ਬਾਰੇ ਬਰੈਂਪਟਨ ਵਿਚ ਛਪਦੇ ਤਕਰੀਬਨ ਸਾਰੇ ਪੰਜਾਬੀ ਅਖਬਾਰਾਂ ਵਿਚ ਇਨ੍ਹਾਂ ਮੁਕਾਬਲਿਆਂ ਬਾਰੇ ਜਾਣਕਾਰੀ ਦੇਣ ਕਾਰਨ, ਵੱਡੀ ਗਿਣਤੀ ਵਿਚ ਖਿਡਾਰੀ ਸਵੇਰੇ ਗਿਆਰਾਂ ਵਜੇ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿਨ੍ਹਾਂ ਨੂੰ ਰਜਿਸਟਰ ਕਰਨ ਉਪਰੰਤ ਸ: ਜਗਮੋਹਣ ਸਿੰਘ ਸੇਖੋਂ ਨੇ ਸਹੀ ਤਰੀਕੇ ਨਾਲ ਟਾਈਆਂ ਪਾਈਆਂ। ਕਲਬ ਵਲੋਂ ਖਾਣ ਪੀਣ ਦਾ ਖੁੱਲ੍ਹਾ ਪ੍ਰਬੰਧ ਕੀਤਾ ਹੋਇਆ ਸੀ ਅਤੇ ਇਹ ਖਾਣ ਪੀਣ ਦਾ ਪ੍ਰੋਗਰਾਮ, ਮੁਕਾਬਲਿਆਂ ਦੇ ਨਾਲ ਨਾਲ ਚਲਦਾ ਰਿਹਾ।
ਕਲੱਬ ਦੇ ਪ੍ਰਧਾਨ ਇੰਦਰਜੀਤ ਗਰੇਵਾਲ ਵਲੋਂ ਆਏ ਸਾਰੇ ਮੈਂਬਰਾਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿਚ ਕਹਾਵਤ ਹੈ ਕਿ, ਬੇੜੀ ਦਾ ਪੂਰ, ਤ੍ਰਿਜਣ ਦੀਆਂ ਕੁੜੀਆਂ ਸਬੱਬ ਨਾਲ ਹੋਣ ਕੱਠੀਆਂ ਇਸੇ ਤਰ੍ਹਾਂ ਤਾਸ਼ ਦੇ ਮੁਕਾਬਲੇ ਵੀ ਪੁਰਾਣੇ ਦੋਸਤਾਂ ਨੂੰ ਮਿਲਾਉਣ ਦਾ ਸਬੱਬ ਬਣਦੇ ਹਨ। ਪਹਿਲੇ ਗੇੜ ਵਿਚ ਇੱਕੋ ਵੇਲੇ 12 ਮੇਜ਼ਾਂ ‘ਤੇ ਤਾਸ਼ ਦੀਆਂ ਬਾਜੀਆਂ ਚੱਲ ਪਈਆਂ। ਤਾਸ਼ ਖੇਡਣ ਵਾਲਿਆਂ ਦੇ ਨਾਲ ਨਾਲ ਆਲੇ ਦੁਆਲੇ ਖੜ੍ਹੇ ਦਰਸ਼ਕਾਂ ਦਾ ਜੋਰ ਜਿਆਦਾ ਲਗਦਾ ਨਜ਼ਰ ਆਉਂਦਾ ਸੀ, ਜੋ ਸੁੱਟੇ ਜਾ ਰਹੇ ਇੱਕ ਇੱਕ ਪੱਤੇ ਨੂੰ ਬੜੇ ਗਹੁ ਨਾਲ ਵੇਖਦੇ ਸਨ। ਇੰਸਪੈਕਸਟਰ ਦਰਸ਼ਨ ਸਿੰਘ, ਨਗਿੰਦਰ ਔਲਖ, ਦਰਸ਼ਨ ਦਰਾੜ ਅਤੇ ਰਣਜੀਤ ਸਿੰਘ ਦੀ ਪੜਤਾਲਵੀ ਨਿਗਾਹ ਸਾਰੇ ਮੇਜ਼ਾਂ ‘ਤੇ ਰਹੀ ਤਾਂ ਕਿ ਕੋਈ ਦਰਸ਼ਕ ਜਾਂ ਖਿਡਾਰੀ, ਇਸ਼ਾਰੇ ਨਾਲ ਅਪਣੇ ਸਾਥੀ ਨੂੰ ਜਾਣਕਾਰੀ ਨਾ ਦੇ ਸਕੇ। ਪਰ ਉਨ੍ਹਾਂ ਨੂੰ ਕਿਸੇ ਨੂੰ ਵੀ ਟੋਕਣ ਦੀ ਲੋੜ ਮਹਿਸੂਸ ਨਾ ਹੋਈ, ਕਿਉਂਕਿ ਸਾਰੇ ਖਿਡਾਰੀ ਸਾਫ਼ ਸੁਥਰੀ ਗੇਮ ਹੀ ਖੇਡ ਰਹੇ ਸਨ। ਪਹਿਲੇ ਗੇੜਾਂ ਦੇ ਮੁੱਕਣ ਬਾਅਦ ਜੇਤੂ ਟੀਮਾਂ ਵਿਚਕਾਰ ਅੱਗੇ ਮੁਕਾਬਲੇ ਹੁੰਦੇ ਗਏ ਅਤੇ ਆਖਿਰ ਵਿਚ ਤਿੰਨ ਜੇਤੂ ਟੀਮਾਂ ਦੀ ਚੋਣ ਹੋ ਗਈ। ਤਕਰੀਬਨ 6 ਘੰਟੇ ਚੱਲੇ ਇਨ੍ਹਾਂ ਮੁਕਾਬਲਿਆਂ ਵਿਚ ਗੁਰਪ੍ਰੀਤ ਸਿੰਘ ਅਤੇ ਝਿਲਮਿਲ ਸਿੰਘ ਦੀ ਟੀਮ ਪਹਿਲੇ ਨੰਬਰ ‘ਤੇ, ਨਿਰਮਲ ਸਿੰਘ ਅਤੇ ਨਿਰਭੈਅ ਸਿੰਘ ਦੂਜੇ ਅਤੇ ਤ੍ਰਲੋਕ ਸਿੰਘ ਅਤੇ ਬੂਟਾ ਸਿੰਘ ਦੀ ਟੀਮ ਤੀਜੇ ਨੰਬਰ ‘ਤੇ ਰਹੀਆਂ। ਜੇਤੂ ਟੀਮਾਂ ਨੂੰ ਦੋ ਸੌ ਡਾਲਰ ਅਤੇ ਵੱਡੇ ਕੱਪ ਇਨਾਮ ਵਜੋਂ ਦੇ ਕੇ ਸਨਮਾਨਿਤ ਕੀਤਾ ਗਿਆ। ਜੇਤੂ ਟੀਮਾਂ ਦੇ ਚਿਹਰਿਆਂ ‘ਤੇ ਅੰਤਾਂ ਦੀ ਰੌਣਕ ਸੀ ਅਤੇ ਕੱਪ ਲਈ ਜਾਂਦੇ ਬਾਬੇ ਬੜੇ ਖੁਸ਼ ਨਜ਼ਰ ਆ ਰਹੇ ਸਨ। ਆਖਿਰ ਵਿਚ ਰਣਜੀਤ ਸਿੰਘ (ਮੀਤ ਪ੍ਰਧਾਨ) ਵਲੋਂ ਆਈਆਂ ਟੀਮਾਂ ਦਾ ਧੰਨਵਾਦ ਕਰਨ ਕੀਤਾ ਗਿਆ.

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …