ਬਰੈਂਪਟਨ/ਡਾ.ਝੰਡ : ਪ੍ਰਾਪਤ ਸੂਚਨਾ ਅਨੁਸਾਰ 25 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਬਰੈਂਪਟਨ ਨੌਰਥ ਵਿੱਚੋਂ ਦੋਬਾਰਾ ਮੈਂਬਰ ਪਾਰਲੀਮੈਂਟ ਚੁਣੇ ਜਾਣ ‘ਤੇ ਉਨ੍ਹਾਂ ਨੂੰ ਚਾਹ-ਪਾਰਟੀ ਕੀਤੀ ਗਈ ਅਤੇ ਸਮੂਿਹਕ ਤੌਰ ‘ਤੇ ਮੁਬਾਰਕਾਂ ਦਿੱਤੀਆਂ ਗਈਆਂ। ਰੂਬੀ ਸਹੋਤਾ ਦੇ ਸੰਨੀਮੈਡੋ ਬੁਲੇਵਾਰਡ ਅਤੇ ਸੈਂਡਲਵੁੱਡ ਪਾਰਕਵੇਅ ਨੇੜਲੇ ਜੇਮਜ਼ ਵਿਲੀਅਮ ਹਿਊਸਨ ਪਾਰਕ ਵਿਚ ਪਹੁੰਚਣ ‘ਤੇ ਇਸ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਕੇ ਉਨ੍ਹਾਂ ਦਾ ਸ਼ਾਨਦਾਰ ਸੁਆਗ਼ਤ ਕੀਤਾ ਗਿਆ।
ਉਪਰੰਤ, ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਸਰਗ਼ਰਮ ਮੈਂਬਰ ਬੇਅੰਤ ਸਿੰਘ ਬਿਰਦੀ ਵੱਲੋਂ ਰੂਬੀ ਸਹੋਤਾ ਨੂੰ ਖ਼ੂਬਸੂਰਤ ਸ਼ਬਦਾਂ ਵਿਚ ਨਿੱਘੀ ਜੀ-ਆਇਆਂ ਕਹੀ ਗਈ ਅਤੇ ਕੁਝ ਹੋਰ ਬੁਲਾਰਿਆਂ ਵੱਲੋਂ ਰੂਬੀ ਸਹੋਤਾ ਸਮੇਤ ਬਰੈਂਪਟਨ ਵਿੱਚੋਂ ਪਿਛਲੀ ਵਾਰ ਵਾਂਗ ਪੰਜੇ ਹੀ ਲਿਬਰਲ ਪਾਰਲੀਮੈਂਟ ਚੁਣੇ ਜਾਣ ‘ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ।
ਇਸ ਮੌਕੇ ਕਲੱਬ ਦੇ 100 ਤੋਂ ਵਧੀਕ ਮੈਂਬਰਾਂ ਸਮੇਤ ਕਈ ਹੋਰ ਸੀਨੀਅਰਜ਼ ਕਲੱਬਾਂ ਤੋਂ ਆਏ ਸਾਥੀ ਮੈਂਬਰ ਅਤੇ ਅਹੁਦੇਦਾਰ ਵੀ ਸ਼ਾਮਲ ਸਨ। ਸਾਰਿਆਂ ਨੇ ਰੂਬੀ ਸਹੋਤਾ ਨਾਲ ਉਨ੍ਹਾਂ ਦੇ ਦੂਸਰੀ ਵਾਰ ਬਰੈਂਪਟਨ ਨੌਰਥ ਤੋਂ ਮੈਂਬਰ ਪਾਰਲੀਮੈਂਟ ਬਣਨ ‘ਤੇ ਵਧਾਈਆਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਨਾਲ ਮਿਲ ਕੇ ਚਾਹ-ਪਾਣੀ ਅਤੇ ਸਨੈਕਸ ਵਗ਼ੈਰਾ ਦਾ ਅਨੰਦ ਲਿਆ। ਇਸ ਸੰਖੇਪ ਪਰ ਪ੍ਰਭਾਵਸ਼ਾਲੀ ਸੁਆਗ਼ਤੀ ਸਮਾਰੋਹ ਦੇ ਅਖ਼ੀਰ ਵਿਚ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਵੱਲੋਂ ਰੂਬੀ ਸਹੋਤਾ, ਉਨ੍ਹਾਂ ਦੇ ਸਟਾਫ਼ ਮੈਂਬਰਾਂ, ਆਏ ਮਹਿਮਾਨਾਂ ਅਤੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਰੂਬੀ ਸਹੋਤਾ ਨੂੰ ਅੱਗੋਂ ਹੋਰ ਚਾਰ ਸਾਲ ਲੋਕਾਂ ਦੇ ਕੰਮ ਕਰਨ ਲਈ ਸ਼ੁਭ-ਕਾਮਨਾਵਾਂ ਭੇਂਟ ਕੀਤੀਆਂ ਗਈਆਂ।
Home / ਕੈਨੇਡਾ / ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਵੱਲੋਂ ਰੂਬੀ ਸਹੋਤਾ ਨੂੰ ਮੁੜ ਐੱਮ.ਪੀ.ਬਣਨ ‘ਤੇ ਦਿੱਤੀ ਗਈ ਮੁਬਾਰਕਬਾਦ
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …