Breaking News
Home / Special Story / ਕਰਤਾਰਪੁਰ ਲਾਂਘਾ ਖੁੱਲ੍ਹਣ ਦੀਆਂ ਖੁਸ਼ੀਆਂ ‘ਚ ਹੋਰ ਰੰਗ ਭਰੇਗਾ ਡੇਰਾ ਬਾਬਾ ਨਾਨਕ ਉਤਸਵ

ਕਰਤਾਰਪੁਰ ਲਾਂਘਾ ਖੁੱਲ੍ਹਣ ਦੀਆਂ ਖੁਸ਼ੀਆਂ ‘ਚ ਹੋਰ ਰੰਗ ਭਰੇਗਾ ਡੇਰਾ ਬਾਬਾ ਨਾਨਕ ਉਤਸਵ

ਨਵਦੀਪ ਸਿੰਘ ਗਿੱਲ :-
ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਖੁੱਲ੍ਹ ਰਹੇ ਕਰਤਾਰਪੁਰ ਲਾਂਘੇ ਕਾਰਨ ਨਾਨਕ ਨਾਮ ਲੇਵਾ ਸੰਗਤ ਵੱਡੀ ਗਿਣਤੀ ‘ਚ ਡੇਰਾ ਬਾਬਾ ਨਾਨਕ ਪੁੱਜਣੀ ਸ਼ੁਰੂ ਹੋ ਗਈ ਹੈ। ਉਂਝ ਵੀ ਡੇਰਾ ਬਾਬਾ ਨਾਨਕ ਨੂੰ ਕਰਤਾਰਪੁਰ ਦੀ ਦਰਸ਼ਨੀ ਡਿਓਢੀ ਆਖਿਆ ਜਾਂਦਾ ਹੈ। ਪੰਜਾਬ ਸਰਕਾਰ ਵੱਲੋਂ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਵਿੱਚ 8 ਤੋਂ 11 ਨਵੰਬਰ ਤੱਕ ਡੇਰਾ ਬਾਬਾ ਨਾਨਕ ਉਤਸਵ ਕਰਵਾਇਆ ਜਾ ਰਿਹਾ ਹੈ। ਧਾਰਮਿਕ ਸਮਾਗਮਾਂ, ਸਾਹਿਤ ਤੇ ਕਲਾ ਦੇ ਸੁਮੇਲ ਵਾਲੇ ਇਸ ਉਤਸਵ ਦਾ ਮਨੋਰਥ ਇਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਬਾਬਾ ਨਾਨਕ ਦੇ ਜੀਵਨ ਅਤੇ ਫਲਸਫੇ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਉਤਸਵ ਤੋਂ ਪਹਿਲਾਂ ਪ੍ਰੀ-ਫੈਸਟੀਵਲ ਵੀ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਆਨਲਾਈਨ ਯੁਵਾ ਉਤਸਵ ਵੀ ਸ਼ਾਮਲ ਹੈ।
ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਵੱਖ-ਵੱਖ ਸੂਫੀ ਸੰਤਾਂ, ਭਗਤਾਂ ਦੇ ਅਸਥਾਨਾਂ ‘ਤੇ ਪਹੁੰਚ ਕੇ ਪੰਦਰਾਂ ਭਗਤਾਂ ਦੀ ਬਾਣੀ ਇਕੱਤਰ ਕੀਤੀ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਵੱਖ-ਵੱਖ ਸੂਬਿਆਂ ਵਿੱਚ ਸਥਿਤ ਇਨ੍ਹਾਂ ਭਗਤਾਂ ਦੇ ਸਥਾਨਾਂ ‘ਤੇ ਸ਼ਬਦ-ਸੰਗੀਤ ਪ੍ਰੋਗਰਾਮ ਕੀਤੇ ਜਾਣਗੇ। ਇਨ੍ਹਾਂ ਪ੍ਰੋਗਰਾਮਾਂ ਵਿੱਚ ਸਬੰਧਤ ਭਗਤ ਦੀ ਬਾਣੀ ਦੇ ਸਥਾਨਕ ਅਤੇ ਗੁਰਮਤਿ ਪਰੰਪਰਾ ਵਿੱਚ ਗਾਇਨ ਤੋਂ ਇਲਾਵਾ ਵਿਚਾਰ ਗੋਸ਼ਟੀ ਹੋਵੇਗੀ, ਜਿਸ ਵਿੱਚ ਵੱਖ-ਵੱਖ ਸੰਸਥਾਵਾਂ/ ਯੂਨੀਵਰਸਿਟੀਆਂ ਵਿੱਚ ਸਬਧੰਤ ਭਗਤ ‘ਤੇ ਕੰਮ ਕਰ ਰਹੇ ਖੋਜਾਰਥੀ/ਮਾਹਿਰ/ਅਧਿਆਪਕ ਆਪਣੇ ਵਿਚਾਰ ਪੇਸ਼ ਕਰਨਗੇ। ਹੱਥ ਲਿਖਤਾਂ, ਪੁਸਤਕਾਂ, ਸੰਗੀਤ ਅਤੇ ਹੋਰ ਸਬੰਧਤ ਸਮੱਗਰੀ ਦੀ ਨੁਮਾਇਸ਼ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਇਸ ਪ੍ਰੋਗਰਾਮ ਰਾਹੀਂ ਗੁਰੂ ਨਾਨਕ ਦੇਵ ਜੀ ਦੁਆਰਾ ਸ਼ੁਰੂ ਕੀਤੀ ਭਾਰਤ ਦੀਆਂ ਵੱਖ-ਵੱਖ ਗਿਆਨ ਪ੍ਰੰਪਰਾਵਾਂ ਵਿਚਕਾਰ ਸੰਵਾਦ ਦੀ ਪ੍ਰੰਪਰਾ ਨੂੰ ਮੁੜ ਤੋਂ ਸੁਰਜੀਤ ਕੀਤਾ ਜਾਵੇਗਾ। ਇਸ ਮਗਰੋਂ ਇਹ ਸੰਗੀਤ ਟੋਲੀਆਂ, ਵਿਦਵਾਨ, ਖੋਜਾਰਥੀ, ਕਵੀ, ਚਿੱਤਰਕਾਰ, ਸਾਹਿਤਕਾਰ, ਸੰਗੀਤਕਾਰ, ਪੱਤਰਕਾਰ, ਵਿਦਿਆਰਥੀ ਅਤੇ ਭਾਰਤ ਦੀਆਂ ਵੱਖ ਵੱਖ ਗਿਆਨ ਪ੍ਰੰਪਰਾਵਾਂ ਵਿੱਚ ਕੰਮ ਕਰਨ ਵਾਲੇ ਮਾਹਿਰ ਨੁਮਾਇਸ਼ ਸਮੱਗਰੀ ਸਮੇਤ ਸ਼ਬਦ ਸੰਗੀਤ ਅਤੇ ਗਿਆਨ ਦੇ ਇਸ ਮਹਾਂਕੁੰਭ ਵਿਚ ਸ਼ਾਮਲ ਹੋਣ ਲਈ ਸੰਵਾਦ ਯਾਤਰਾ ਦੇ ਰੂਪ ਵਿੱਚ ਡੇਰਾ ਬਾਬਾ ਨਾਨਕ ਲਈ ਰਵਾਨਾ ਹੋਣਗੇ। ਭਗਤਾਂ ਦੇ ਡੇਰਿਆਂ ਤੋਂ ਆਉਣ ਵਾਲੀਆਂ ਇਨ੍ਹਾਂ ਯਾਤਰਾਵਾਂ ਨੂੰ ਇਸ ਤਰੀਕੇ ਨਾਲ ਸ਼ਾਮਿਲ ਕੀਤਾ ਜਾਵੇਗਾ ਕਿ ਉਹ 6 ਨਵੰਬਰ ਨੂੰ ਡੇਰਾ ਬਾਬਾ ਨਾਨਕ ਪਹੁੰਚ ਜਾਣ।
ਉਤਸਵ ਮੌਕੇ ਡੇਰਾ ਬਾਬਾ ਨਾਨਕ ਨੂੰ ਵਿਰਾਸਤੀ ਦਿੱਖ ਦਿੱਤੀ ਜਾ ਰਹੀ ਹੈ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਉਲੀਕੇ ਇਨ੍ਹਾਂ ਸਮਾਗਮਾਂ ਦੇ ਕੋਆਰਡੀਨੇਟਰ ਅਮਰਜੀਤ ਸਿੰਘ ਗਰੇਵਾਲ ਹਨ।
ਸੁਰਤਿ-ਸ਼ਬਦ ਨਗਰੀ : ਸ਼ਬਦ ਯਾਤਰਾ ‘ਤੇ ਆਉਣ ਵਾਲੇ ਮਹਿਮਾਨਾਂ ਲਈ ਡੇਰਾ ਬਾਬਾ ਨਾਨਕ ਵਿਚ ਸੁਰਤਿ-ਸ਼ਬਦ ਨਗਰੀ ਦੇ ਰੂਪ ਵਿੱਚ ਪੰਦਰਾਂ ਭਗਤਾਂ ਦੇ ਨਾਂ ‘ਤੇ 15 ਪੰਡਾਲਾਂ ਦਾ ਨਿਰਮਾਣ ਕੀਤਾ ਜਾਵੇਗਾ। ਇਨ੍ਹਾਂ ਪੰਡਾਲਾਂ ਵਿਚ ਹੀ ਸਬੰਧਤ ਭਗਤਾਂ ਦੇ ਪ੍ਰੋਗਰਾਮ ਅਤੇ ਨੁਮਾਇਸ਼ਾਂ ਲੱਗਣਗੀਆਂ। ਸਬੰਧਤ ਭਗਤ ਦੇ ਜੀਵਨ ਤੇ ਉਸ ਦੀਆਂ ਰਚਨਾਵਾਂ ਤੋਂ ਇਲਾਵਾ ਉਨ੍ਹਾਂ ਦੇ ਇਲਾਕੇ ਦੀ ਹਸਤ ਕਲਾ ਵੀ ਪ੍ਰਦਰਸ਼ਨੀ ਦਾ ਹਿੱਸਾ ਹੋਵੇਗੀ।
ਸ਼ਿਲਾਲੇਖ : ਲਾਂਘੇ ਤੋਂ 21 ਬਾਣੀਕਾਰਾਂ (15 ਭਗਤਾਂ ਅਤੇ 6 ਗੁਰੂਆਂ) ਦੇ ਯੋਗਦਾਨ ਨੂੰ ਦਰਸਾਉਂਦੇ 21 ਖੂਬਸੂਰਤ ਸ਼ਿਲਾਲੇਖਾਂ ਦੀ ਸਥਾਪਨਾ ਕੀਤੀ ਜਾਵੇਗੀ। ਇਸ ਸ਼ਿਲਾਲੇਖ ਉਪਰ ਸਬੰਧਤ ਭਗਤ ਜੀ ਦੀ ਬਾਣੀ ਵਿਚੋਂ ਕੋਈ ਇਕ ਸ਼ਬਦ ਅਤੇ ਉਨ੍ਹਾਂ ਦੇ ਜੀਵਨ ਤੇ ਯੋਗਦਾਨ ਬਾਰੇ ਜਾਣਕਾਰੀ ਤੋਂ ਇਲਾਵਾ ਨਾਮਵਰ ਚਿੱਤਰਕਾਰ ਦੁਆਰਾ ਤਿਆਰ ਕੀਤਾ ਸਕੈੱਚ ਵੀ ਖੁਣਿਆ ਜਾਵੇਗਾ। ਸ਼ਿਲਾਲੇਖ ਦੇ ਸਾਹਮਣੇ ਵਾਲੇ ਪੱਥਰ ਉਪਰ ਗੁਰਮੁਖੀ ਲਿਪੀ ਹੋਵੇਗੀ ਜਦੋਂਕਿ ਪਾਸਿਆਂ ਉਪਰ ਦੇਵਨਾਗਰੀ (ਹਿੰਦੀ) ਲਿਪੀ ਅਤੇ ਅੰਗਰੇਜ਼ੀ ਅਨੁਵਾਦ ਹੋਵੇਗਾ।
ਥਾਨ ਸੁਹਾਵਾ: ਗੁਰੂ ਨਾਨਕ ਦੀ ਸਮੁੱਚੀ ਬਾਣੀ ਦੇ ਇਸ ਮਿਊਜ਼ੀਅਮ ਨੂੰ ਖੂਬਸੂਰਤ ਬਗੀਚੀ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਵੇਗਾ। ਨਾਨਕ ਬਾਣੀ ਵਿੱਚ ਆਉਣ ਵਾਲੇ ਪੌਦੇ ਲਾਉਣ ਤੋਂ ਇਲਾਵਾ ਹਰ ਰਾਗ ਲਈ ਇਕ ਵੱਖਰੀ ਜਗ੍ਹਾ ਬਣਾਈ ਜਾਵੇਗੀ, ਜਿੱਥੇ ਉਸ ਰਾਗ ਵਿਚ ਗੁਰੂ ਨਾਨਕ ਦਾ ਕੋਈ ਸ਼ਬਦ ਉਕਰਿਆ ਹੋਵੇਗਾ। ਇਸ ਬਗੀਚੀ ਵਿਚ ਭਾਈ ਮਰਦਾਨੇ ਦੇ ਨਾਂ ‘ਤੇ ਸ਼ਾਜਾਂ ਦੀ ਪ੍ਰਦਰਸ਼ਨੀ ਦਾ ਵੀ ਪ੍ਰਬੰਧ ਕੀਤਾ ਜਾਵੇਗਾ, ਜੋ ਬਾਅਦ ਵਿੱਚ ਭਾਈ ਮਰਦਾਨਾ ਸਿੱਖ ਸੰਗੀਤ ਕੇਂਦਰ ਦੇ ਰੂਪ ਵਿੱਚ ਉਭਰੇਗਾ, ਜਿੱਥੇ ਸਿੱਖ ਸੰਗੀਤ ਦੇ ਮਿਊਜ਼ੀਅਮ ਅਤੇ ਡਿਜੀਟਲ ਲਾਇਬ੍ਰੇਰੀ ਤੋਂ ਇਲਾਵਾ ਸਿੱਖ ਸੰਗੀਤ ਦੇ ਇਤਿਹਾਸ ਦੀ ਗੈਲਰੀ ਹੋਵੇਗੀ। ਰਿਕਾਰਡਿੰਗ ਸਟੂਡੀਓ ਵੀ ਬਣਾਏ ਜਾਣਗੇ।
ਗੁਰਬਾਣੀ ਗਾਇਨ/ਕੀਰਤਨ ਦਰਬਾਰ: ਮੁੱਖ ਪੰਡਾਲ ਵਿੱਚ ਹੋਣ ਵਾਲੇ ਇਨ੍ਹਾਂ ਪ੍ਰੋਗਰਾਮਾਂ ਵਿਚ ਆਸਾ ਦੀ ਵਾਰ, ਕਥਾ/ ਗੁਰਮਤਿ ਵਿਚਾਰ, ਕੀਰਤਨ ਦਰਬਾਰ, ਢਾਡੀ ਦਰਬਾਰ ਅਤੇ ਕਵੀਸ਼ਰੀ ਪ੍ਰਮੁੱਖ ਹੋਣਗੇ। 9 ਨਵਬੰਰ ਦਾ ਦਿਨ ਰਾਗ ਦਰਬਾਰ ਲਈ ਰੱਖਿਆ ਗਿਆ ਹੈ, ਜਿਸ ਵਿਚ ਪ੍ਰਸਿੱਧ ਰਾਗੀ ਜਥੇ ਗੁਰੂ ਨਾਨਕ ਬਾਣੀ ਦਾ 19 ਨਿਰਧਾਰਿਤ ਰਾਗਾਂ ਵਿੱਚ ਕੀਰਤਨ ਕਰਨਗੇ। ਸ਼ਬਦ ਸੱਚੀ ਟਕਸਾਲ, ਗੁਰੂ ਨਾਨਕ ਲਿਟਰੇਚਰ ਫੈਸਟੀਵਲ: ਸਮਾਨੰਤਰ ਸੈਸ਼ਨਾਂ ਵਿਚ ਤਿੰਨ ਦਿਨਾਂ ਲਈ ਗੁਰੂ ਨਾਨਕ ਦੇਵ ਜੀ ਦੀ ਵਿਲੱਖਣਤਾ, ਗੁਰੂ ਸਾਹਿਬ ਦੀ ਮਾਨਵ ਜਾਤੀ ਨੂੰ ਦੇਣ, ਵਰਤਮਾਨ ਪ੍ਰਾਸੰਗਿਕਤਾ, ਦਲਿਤ ਸਰੋਕਾਰ, ਨਾਰੀ ਸਰੋਕਾਰ, ਸੰਵਾਦ ਦੀ ਪਰੰਪਰਾ, ਮਲਟੀਕਲਚਰਲਿਜ਼ਮ, ਪੋਸਟ ਮਲਟੀਕਲਚਰਲਿਜ਼ਮ, ਨੈਤਿਕਤਾ, ਸੋਸ਼ਲ, ਇੰਜਨੀਅਰਿੰਗ, ਕਿਰਤ ਆਦਿ ਬਾਰੇ ਕੌਮਾਂਤਰੀ ਪੱਧਰੀ ਦੀਆਂ ਵਿਚਾਰ ਗੋਸ਼ਟੀਆਂ ਕਰਵਾਈਆਂ ਜਾਣਗੀਆਂ। ਗੁਰੂ ਨਾਨਕ ਲਿਟਰੇਚਰ ਫੈਸਟੀਵਲ ਲਈ ਵੱਖਰੇ ਪੰਡਾਲ ਦਾ ਨਿਰਮਾਣ ਕੀਤਾ ਜਾਵੇਗਾ। ਗੁਰੂ ਨਾਨਕ ਸਾਹਿਬ ਦੀਆਂ ਬਾਣੀਆਂ ਜਿਵੇਂ ਕਿ ਜਪੁਜੀ, ਆਸਾ ਦੀ ਵਾਰ, ਸਿੱਧ ਗੋਸਟਿ, ਦੱਖਣੀ ਓਅੰਕਾਰ, ਬਾਬਰਬਾਣੀ ਆਦਿ ਬਾਰੇ ਵੱਖਰੇ ਤੌਰ ‘ਤੇ ਸੰਵਾਦ ਰਚਾਏ ਜਾਣਗੇ।
ਏਜੰਡਾ 2069; ਡੇਰਾ ਬਾਬਾ ਨਾਨਕ ਕੌਨਕਲੇਵ: ਗੁਰੂ ਨਾਨਕ ਲਿਟਰੇਚਰ ਫੈਸਟੀਵਲ ਦੇ ਅੰਗ ਵਜੋਂ ਹੀ ਇਕ ਵੱਖਰੇ ਪੰਡਾਲ ਵਿੱਚ ਵਾਤਾਵਰਨ, ਕਿਰਤ, ਬਰਾਬਰੀ ਅਤੇ ਨੈਤਿਕਤਾ ਦੇ ਮਸਲਿਆਂ, ਜੋ ਗੁਰੂ ਨਾਨਕ ਬਾਣੀ ਦੇ ਮੁੱਖ ਸਰੋਕਾਰ ਹਨ, ਉੱਪਰ ਵੱਖਰੇ ਤੌਰ ‘ਤੇ ਪੈਨਲ ਚਰਚਾ ਕਰਕੇ ਆਉਣ ਵਾਲੇ 50 ਸਾਲਾਂ ਦਾ ਰੋਡ ਮੈਪ ਤਿਆਰ ਕਰਨ ਲਈ ਰਾਹ ਤਿਆਰ ਕੀਤਾ ਜਾਵੇਗਾ।
ਕਵੀ ਦਰਬਾਰ: ਇਕ ਵੱਖਰੇ ਪੰਡਾਲ ਵਿੱਚ ਕੁੱਲ ਹਿੰਦ ਕਵੀ ਦਰਬਾਰ ਕਰਵਾਇਆ ਜਾਵੇਗਾ, ਜਿੱਥੇ ਵੱਖ-ਵੱਖ ਭਾਸ਼ਾਵਾਂ ਦੇ ਸ਼ਾਇਰ ਆਪਣੇ ਕਲਾਮ ਪੇਸ਼ ਕਰਨਗੇ। ਦੂਸਰੀਆਂ ਭਾਸ਼ਾਵਾਂ ਦੇ ਕਵੀ ਜਿੱਥੇ ਆਪੋ-ਆਪਣੀ ਜ਼ੁਬਾਨ ਵਿੱਚ ਕਵਿਤਾ ਪੜ੍ਹਨਗੇ, ਉਥੇ ਪੰਜਾਬੀ ਕਵੀ ਉਸ ਕਵਿਤਾ ਦਾ ਪੰਜਾਬੀ ਅਨੁਵਾਦ ਵੀ ਪੇਸ਼ ਕਰਨਗੇ।
ਗੁਰੂ ਨਾਨਕ ਕਲਾ ਫੈਸਟੀਵਲ: ਇਸ ਪੰਡਾਲ ਵਿਚ ਚਿੱਤਰਕਾਰ ਗੁਰੂ ਨਾਨਕ, ਗੁਰੂ ਨਾਨਕ ਬਾਣੀ, ਜਨਮਸਾਖੀਆਂ ਅਤੇ ਗੁਰੂ ਨਾਨਕ ਸਰੋਕਾਰਾਂ ਦੀ ਮੌਕੇ ‘ਤੇ ਚਿੱਤਰਕਾਰੀ ਕਰਨਗੇ। ਕਲਾ ਅਤੇ ਕਲਾਕਾਰਾਂ ਬਾਰੇ ਵਿਚਾਰ ਗੋਸ਼ਟੀਆਂ ਅਤੇ ਕਲਾ ਪ੍ਰਦਰਸ਼ਨੀਆਂ ਵੀ ਚੱਲਣਗੀਆਂ। ਹੌਲੀ-ਹੌਲੀ ਇਹ ਸਿੱਖ ਵਿਜ਼ੂਅਲ ਆਰਟ ਦਾ ਮਿਊਜ਼ੀਅਮ ਬਣ ਜਾਵੇਗਾ।
ਲਘੂ ਫਿਲਮ ਫੈਸਟੀਵਲ: ਗੁਰੂ ਨਾਨਕ, ਗੁਰੂ ਨਾਨਕ ਬਾਣੀ ਜਾਂ ਗੁਰੂ ਨਾਨਕ ਦੇ ਸਰੋਕਾਰਾਂ ਬਾਰੇ ਬਣਨ ਵਾਲੀਆਂ ਲਘੂ ਫਿਲਮਾਂ ਦਾ ਮੁਕਾਬਲਾ ਕਰਕੇ ਫਿਲਮਾਂ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਹ ਫਿਲਮਾਂ ਗੁਰੂ ਨਾਨਕ ਫਿਲਮ ਲਾਇਬ੍ਰੇਰੀ ਦੀ ਸ਼ਾਨ ਬਣਨਗੀਆਂ।
ਪੁਰਾਤਨ ਤੇ ਦੁਰਲੱਭ ਪਾਵਨ ਸਰੂਪਾਂ ਦੇ ਦਰਸ਼ਨ: ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉਚੇਚੇ ਤੌਰ ‘ਤੇ ਲਿਆਂਦੇ ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਤੇ ਦੁਰਲੱਭ ਹੱਥ ਲਿਖਤ 16 ਸਰੂਪ ਸੰਗਤਾਂ ਦੇ ਦਰਸ਼ਨਾਂ ਲਈ ਸੁਸ਼ੋਭਿਤ ਕੀਤੇ ਜਾਣਗੇ।
ਕਰਤਾਰਪੁਰ ਸਾਹਿਬ ਤੱਕ ਮਾਰਚ: ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਤੱਕ ਲੇਖਕਾਂ, ਵਿਦਵਾਨਾਂ, ਪੱਤਰਕਾਰਾਂ, ਇਤਿਹਾਸਕਾਰਾਂ, ਕਲਾਕਾਰਾਂ, ਸੰਗੀਤਕਾਰਾਂ ਤੇ ਹੋਰ ਪਤਵੰਤਿਆਂ ਦੀ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਰੰਗ ਬਰੰਗੀਆਂ ਪੁਸ਼ਾਕਾਂ ਵਾਲੀਆਂ ਟੋਲੀਆਂ ਅਤੇ ਹੋਰ ਕਈ ਪ੍ਰਕਾਰ ਦੀਆਂ ਪੇਸ਼ਕਾਰੀਆਂ ਦਾ ਮਾਰਚ ਕਰਵਾਇਆ ਜਾਵੇਗਾ। ਇਸ ਪੇਸ਼ਕਾਰੀ ਵਿੱਚ ਕਰੀਬ 100 ਕਲਾਕਾਰ ਗੁਰੂ ਨਾਨਕ ਸਾਹਿਬ ਦੇ ਸਮੇਂ ਨੂੰ ਝਾਕੀਆਂ ਰਾਹੀਂ ਪ੍ਰਗਟ ਕਰਦੇ ਹੋਏ ਨਾਲ-ਨਾਲ ਚੱਲਣਗੇ।
ਸੰਪਰਕ: 97800-36216

Check Also

ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਆਗੂਆਂ ਦਾ ਵਿਰੋਧ ਜਾਰੀ

ਭਾਜਪਾ ਉਮੀਦਵਾਰ ਪ੍ਰਨੀਤ ਕੌਰ ਖਿਲਾਫ ਡਟੇ ਕਿਸਾਨ ਪਟਿਆਲਾ : ਪਟਿਆਲਾ ਤੋਂ ਭਾਜਪਾ ਦੇ ਲੋਕ ਸਭਾ …