Breaking News
Home / ਦੁਨੀਆ / ਇਸਮਾਲਿਕ ਸਟੇਟ ਦੇ ਮੁਖੀ ਬਗਦਾਦੀ ਨੇ ਖੁਦ ਨੂੰ ਬੰਬ ਨਾਲ ਉਡਾਇਆ

ਇਸਮਾਲਿਕ ਸਟੇਟ ਦੇ ਮੁਖੀ ਬਗਦਾਦੀ ਨੇ ਖੁਦ ਨੂੰ ਬੰਬ ਨਾਲ ਉਡਾਇਆ

ਟਰੰਪ ਦੀ ‘ਸਿਆਸੀ ਜਿੱਤ’ ਵਜੋਂ ਦੇਖੀ ਜਾ ਰਹੀ ਹੈ ਬਗਦਾਦੀ ਦੀ ਮੌਤ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਵਿਸ਼ੇਸ਼ ਬਲਾਂ (ਸੀਕ੍ਰੇਟ ਯੂਐੱਸ ਸਪੈਸ਼ਲ ਫੋਰਸਿਜ਼) ਨੇ ਉੱਤਰ-ਪੱਛਮੀ ਸੀਰੀਆ ‘ਚ ਇਕ ਮੁਹਿੰਮ ਦੌਰਾਨ ਇਸਲਾਮਿਕ ਸਟੇਟ (ਆਈਐੱਸ) ਦੇ ‘ਜ਼ਾਲਿਮ’ ਆਗੂ ਅਬੂ ਬਕਰ ਅਲ-ਬਗ਼ਦਾਦੀ ਨੂੰ ਮਾਰ ਮੁਕਾਇਆ ਹੈ। ਸੰਸਾਰ ਦਾ ਨੰਬਰ ਇਕ ਅੱਤਵਾਦੀ ਬਗ਼ਦਾਦੀ ਕਈ ਚਿਰ ਹਥਿਆਰਬੰਦ ਬਲਾਂ ਦੀ ਪਹੁੰਚ ਤੋਂ ਬਾਹਰ ਸੀ। ਟਰੰਪ ਨੇ ਕਿਹਾ ਕਿ ‘ਬਗ਼ਦਾਦੀ ਇਕ ਕੁੱਤੇ ਵਾਂਗ ਕਾਇਰਾਨਾ ਰੁਖ਼ ਅਖ਼ਤਿਆਰ ਕਰਦਿਆਂ ਮਾਰਿਆ ਗਿਆ ਹੈ।’ ਐਤਵਾਰ ਸਵੇਰੇ ਵ੍ਹਾਈਟ ਹਾਊਸ ਤੋਂ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਵਿਸ਼ੇਸ਼ ਸਿਖ਼ਲਾਈ ਪ੍ਰਾਪਤ ਅਮਰੀਕੀ ਕੇ9 ਕੁੱਤਿਆਂ ਨੇ ਆਈਐੱਸਆਈਐੱਸ ਆਗੂ ਦਾ ਪਿੱਛਾ ਕੀਤਾ ਤੇ ਉਸ ਨੂੰ ਇਕ ਲੰਮੀ ਸੁਰੰਗ ਵਿਚ ਤਿੰਨ ਬੱਚਿਆਂ ਨਾਲ ਘੇਰ ਲਿਆ। ਬਗ਼ਦਾਦੀ (48) ਕੋਲ ਜਦ ਕੋਈ ਚਾਰਾ ਨਹੀਂ ਬਚਿਆ ਤਾਂ ਉਸ ਨੇ ਪਹਿਨੀ ਹੋਈ ਆਤਘਾਤੀ ਜੈਕੇਟ ਨਾਲ ਖ਼ੁਦ ਨੂੰ ਉਡਾ ਲਿਆ। ਬਗ਼ਦਾਦੀ ਨੇ ਜਦ ਖ਼ੁਦ ਨੂੰ ਉਡਾਇਆ ਤਾਂ ਨਾਲ ਬੱਚੇ ਵੀ ਮਾਰੇ ਗਏ। ਸੁਰੰਗ ਵੀ ਉਨ੍ਹਾਂ ਦੇ ਉਪਰ ਹੀ ਢਹਿ-ਢੇਰੀ ਹੋ ਗਈ। ਦੱਸਣਯੋਗ ਹੈ ਕਿ ਬਗ਼ਦਾਦੀ ਨੂੰ ਆਈਐੱਸਆਈਐੱਸ ਦਾ ਸੰਸਥਾਪਕ ਤੇ ਸਿਖ਼ਰਲਾ ਆਗੂ ਮੰਨਿਆ ਜਾਂਦਾ ਸੀ। ਇਸ ਤੋਂ ਇਲਾਵਾ ਇਸਲਾਮਿਕ ਸਟੇਟ ਵੀ ਦੁਨੀਆ ਦੀ ਸਭ ਤੋਂ ਖ਼ਤਰਨਾਕ ਤੇ ਹਿੰਸਕ ਅੱਤਵਾਦੀ ਜਥੇਬੰਦੀ ਕਰਾਰ ਦਿੱਤੀ ਗਈ ਹੈ। ਵ੍ਹਾਈਟ ਹਾਊਸ ਦੇ ਈਸਟ ਰੂਮ ‘ਚ ਰਾਸ਼ਟਰਪਤੀ ਟਰੰਪ ਨੇ ਟੈਲੀਵਿਜ਼ਨ ‘ਤੇ ਕੀਤੇ ਐਲਾਨ ਵਿਚ ਕਿਹਾ ਕਿ ਅਮਰੀਕਾ ਨੇ ਬਗ਼ਦਾਦੀ ਦਾ ਨਿਆਂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਨਿਚਰਵਾਰ ਰਾਤ ਅਮਰੀਕਾ ਹੀ ਨਹੀਂ ਬਲਕਿ ਪੂਰੀ ਦੁਨੀਆ ਲਈ ਰਾਹਤ ਲੈ ਕੇ ਆਈ। ਇਕ ਜ਼ਾਲਿਮਾਨਾ ਹਤਿਆਰੇ, ਜਿਸ ਨੇ ਦੁਨੀਆ ਨੂੰ ਔਖ ਤੇ ਮੌਤ ਵੱਲ ਧੱਕ ਦਿੱਤਾ, ਖ਼ੁਦ ਵੀ ਖ਼ਤਰਨਾਕ ਢੰਗ ਨਾਲ ਮਾਰਿਆ ਗਿਆ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਅਮਰੀਕੀ ਬਲਾਂ ਨੇ ‘ਰਾਤ ਨੂੰ ਕੀਤੀ ਬੇਹੱਦ ਹਿੰਮਤੀ ਤੇ ਖ਼ਤਰਨਾਕ ਕਾਰਵਾਈ ‘ਚ ਬਗ਼ਦਾਦੀ ਨੂੰ ਖ਼ਤਮ ਕਰਨ ਦੀ ਪ੍ਰਾਪਤੀ ਕੀਤੀ ਹੈ।’ ਟਰੰਪ ਨੇ ਦੱਸਿਆ ‘ਵ੍ਹਾਈਟ ਹਾਊਸ ਦੇ ਸਿਚੂਏਸ਼ਨ ਰੂਮ ‘ਚੋਂ ਉਪ ਰਾਸ਼ਟਰਪਤੀ ਮਾਈਕ ਪੈਂਸ ਤੇ ਸਿਖ਼ਰਲੀ ਫ਼ੌਜੀ ਲੀਡਰਸ਼ਿਪ ਨਾਲ ਸਾਰਾ ਕੁਝ ਲਾਈਵ ਦੇਖਿਆ, ਕਿਸੇ ਫਿਲਮ ਨਾਲੋਂ ਵੀ ਵਧੀਆ।’ ਟਰੰਪ ਨੇ ਕਿਹਾ ਕਿ ਬਗ਼ਦਾਦੀ ਨੇ ਜਿਵੇਂ ਬੇਦੋਸ਼ੇ ਲੋਕਾਂ ਨਾਲ ਸਲੂਕ ਕੀਤਾ, ਉਸ ਨਾਲ ਵੀ ਉਸੇ ਤਰ੍ਹਾਂ ਦਾ ਵਿਹਾਰ ਕੀਤਾ ਗਿਆ। ਬਗ਼ਦਾਦੀ ਦੀ ਮੌਤ ਨੂੰ ਟਰੰਪ ਦੀ ‘ਸਿਆਸੀ ਜਿੱਤ’ ਵਜੋਂ ਦੇਖਿਆ ਜਾ ਰਿਹਾ ਹੈ।
ਰੂਸ ਨੂੰ ਬਗ਼ਦਾਦੀ ਦੇ ਮਾਰੇ ਜਾਣ ਬਾਰੇ ਸ਼ੱਕ
ਮਾਸਕੋ: ਰੂਸ ਨੇ ਇਸਲਾਮਿਕ ਸਟੇਟ ਦੇ ਮੁਖੀ ਅਬੂ ਬਕਰ-ਅਲ ਬਗ਼ਦਾਦੀ ਦੀ ਮੌਤ ਬਾਰੇ ਸ਼ੱਕ ਜ਼ਾਹਿਰ ਕੀਤਾ ਹੈ। ਰੂਸ ਨੇ ਕਿਹਾ ਕਿ ਉਸ ਦੇ ਮਾਰੇ ਜਾਣ ਬਾਰੇ 2014 ਤੋਂ ਬਾਅਦ ਕਈ ਖ਼ਬਰਾਂ ਆ ਚੁੱਕੀਆਂ ਹਨ। ਰੂਸ ਨੇ ਕਿਹਾ ਹੈ ਕਿ ਅਮਰੀਕੀ ਸੈਨਾ ਦੀ ਕਾਰਵਾਈ ਬਾਰੇ ਰੂਸੀ ਅਥਾਰਿਟੀ ਕੋਲ ਇਦਲਿਬ ਵਿਚ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ। ਤੁਰਕੀ ਨੇ ਕਿਹਾ ਹੈ ਕਿ ਬਗ਼ਦਾਦੀ ਦਾ ਮਾਰੇ ਜਾਣਾ ਅੱਤਵਾਦ ਖਿਲਾਫ ਲੜਾਈ ਵਿਚ ਅਹਿਮ ਮੋੜ ਸਾਬਿਤ ਹੋਵੇਗਾ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …