ਮਲੇਸ਼ੀਆ ‘ਚ ਅੰਗਹੀਣ ਸ਼ਰਧਾਲੂਆਂ ਲਈ ਬਣ ਰਿਹੈ ਗੁਰਦੁਆਰਾ ਸਾਹਿਬ
ਸੁਬਾਂਗ ਸਿੱਖ ਐਸੋਸੀਏਸ਼ਨ ਦਾ ਵੱਡਾ ਉਪਰਾਲਾ ਬਜ਼ੁਰਗਾਂ ਤੇ ਅੰਗਹੀਣ ਸ਼ਰਧਾਲੂਆਂ ਲਈ ਲਿਫਟਾਂ ਤੇ ਵਿਸ਼ੇਸ਼ ਪਾਰਕਿੰਗ
ਕੁਆਲਾਲੰਪੁਰ : ਕੁਆਲਾਲੰਪੁਰ ਦੇ ਬਾਹਰਵਾਰ ਸੁਬਾਂਗ ਜਯਾ ਕਸਬੇ ਦੀ ਰਹਿਣ ਵਾਲੀ 39 ਸਾਲਾ ਘਰੇਲੂ ਔਰਤ ਕੇਸ਼ਵਿੰਦਰ ਕੌਰ ਜੋਕਿ ਵੀ੍ਹਲਚੇਅਰ ‘ਤੇ ਹੈ ਬੜੀ ਬੇਸਬਰੀ ਨਾਲ ਨਵੇਂ ਮੁਕੰਮਲ ਹੋਣ ਵਾਲੇ ਗੁਰਦੁਆਰਾ ਸਾਹਿਬ ਦਾ ਇੰਤਜ਼ਾਰ ਕਰ ਰਹੀ ਹੈ ਜਿਸ ‘ਚ ਅੰਗਹੀਣ ਸ਼ਰਧਾਲੂਆਂ ਲਈ ਵਿਸ਼ੇਸ਼ ਸਹੂਲਤਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਬਜ਼ੁਰਗਾਂ ਤੇ ਅੰਗਹੀਣ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ‘ਚ ਰੱਖਦਿਆਂ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾ ਰਹੀ ਹੈ। ਸਭ ਤੋਂ ਮਹੱਤਵਪੂਰਣ ਸਹੂਲਤ ਪਖਾਨਾ, ਲਿਫਟ, ਰੈਂਪ ਤੇ ਬਿਹਤਰੀਨ ਕਾਰ ਪਾਰਕਿੰਗ ਹੋਏਗੀ। ਇਸ ਤੋਂ ਪਹਿਲਾਂ ਇਥੇ ਬਣੇ ਗੁਰਦੁਆਰਿਆਂ ‘ਚ ਬਜ਼ੁਰਗਾਂ ਤੇ ਅੰਗਹੀਣਾਂ ਲਈ ਕੋਈ ਵਿਸ਼ੇਸ਼ ਸਹੂਲਤ ਦਾ ਪ੍ਰਬੰਧ ਨਹੀਂ ਕੀਤਾ ਗਿਆ।ਕੇਸ਼ਵਿੰਦਰ ਕੌਰ 2011 ਤੋਂ ਵ੍ਹੀਲਚੇਅਰ ‘ਤੇ ਹੈ ਤੇ ਉਹ ਉਨ੍ਹਾਂ 100 ਤੋਂ ਜ਼ਿਆਦਾ ਸਿੱਖ ਸ਼ਰਧਾਲੂਆਂ ‘ਚ ਸ਼ਾਮਿਲ ਹੈ ਜੋ ਐਤਵਾਰ ਸ਼ਾਮ ਨਵੇਂ ਤਿਆਰ ਹੋ ਰਹੇ ਗੁਰਦੁਆਰਾ ਸਾਹਿਬ ‘ਚ ਆਉਂਦੇ ਹਨ। ਸੁਬਾਂਗ ਸਿੱਖ ਐਸੋਸੀਏਸ਼ਨ ਸੀਲਾਂਗੋਰ ਨੇ ਇਹ ਪ੍ਰਾਜੈਕਟ ਆਪਣੇ ਹੱਥਾਂ ‘ਚ ਲਿਆ ਹੈ ਜਿਸ ‘ਚ ਚਾਰ ਮੰਜ਼ਲਾ ਇਮਾਰਤ ਦਾ ਕੰਮ ਚੱਲ ਰਿਹਾ ਹੈ। ਇਸ ਪ੍ਰਾਜੈਕਟ ‘ਤੇ 4.8 ਮਿਲੀਅਨ ਆਰਐੱਮ ਦੀ ਲਾਗਤ ਆਉਣ ਦੀ ਸੰਭਾਵਨਾ ਹੈ ਤੇ ਕਮੇਟੀ ਨੂੰ ਇਸ ਸਮੇਂ ਆਰਐੱਮ 3 ਮਿਲੀਅਨ ਦੀ ਕਮੀ ਪੇਸ਼ ਆ ਰਹੀ ਹੈ। ਇਸ ਇਮਾਰਤ ‘ਚ ਦੋ ਵੱਡੀਆਂ ਲਿਫਟਾਂ ਲਗਾਈਆਂ ਜਾ ਰਹੀਆਂ ਹਨ ਕਿਉਂਕਿ ਦਰਬਾਰ ਹਾਲ ਜਿਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਣਾ ਹੈ ਉਹ ਸਭ ਤੋਂ ਉਪਰਲੀ ਮੰਜ਼ਲ ‘ਤੇ ਹੋਏਗਾ।
ਮੁਢਲਾ ਢਾਂਚਾ ਇਸ ਸਾਲ ਸਤੰਬਰ ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ ਤੇ ਇਮਾਰਤ ਦੀ ਪੂਰੀ ਤਿਆਰੀ ਸਾਲ 2017 ਦਾ ਅਖ਼ੀਰ ਤਕ ਮੁਕੰਮਲ ਹੋ ਜਾਏਗੀ। ਵਿਸਾਖੀ 2018 ਦਾ ਸਮਾਗਮ ਨਵੇਂ ਗੁਰਦੁਆਰਾ ਸਾਹਿਬ ‘ਚ ਕਰਵਾਏ ਜਾਣ ਦੀ ਸੰਭਾਵਨਾ ਹੈ। ਸੁਬਾਂਗ ਸਿੱਖ ਐਸੋਸੀਏਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਹੁਣ ਇੱਟਾਂ, ਮੈਕੇਨੀਕਲ ਤੇ ਇਲੈਕਟ੍ਰੀਕਲ ਦੇ ਕੰਮਾਂ ਲਈ ਫੰਡ ਦੀ ਲੋੜ ਹੈ ਤੇ ਅਸੀਂ ਇਸ ਲਈ ਕਾਰਪੋਰੇਟ ਦਾਨੀਆਂ ਦਾ ਸਹਿਯੋਗ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਸੁਬਾਂਗ ਸਿੱਖ ਐਸੋਸੀਏਸ਼ਨ ਦਾ ਗਠਨ ਸਾਲ 2002 ‘ਚ ਦੋ ਉਦੇਸ਼ਾਂ ਨੂੰ ਸਾਹਮਣੇ ਰੱਖ ਕੇ ਕੀਤਾ ਗਿਆ ਸੀ। ਪਹਿਲਾ ਸੁਬਾਂਗ ‘ਚ ਸਿੱਖ ਧਰਮ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਅਤੇ ਇਕ ਨਵਾਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਜ਼ਮੀਨ ਹਾਸਿਲ ਕਰਨਾ।
ਇਸ ਲਈ 2003 ‘ਚ ਸਥਾਨਕ ਸਰਕਾਰ ਨੂੰ ਅਰਜ਼ੀ ਦਿੱਤੀ ਗਈ ਤੇ ਜਨਵਰੀ 2012 ‘ਚ ਸੇਲਾਂਗੋਰ ਸਟੇਟ ਗੌਰਮਿੰਟ ਨੇ ਗੁਰਦੁਆਰਾ ਸਾਹਿਬ ਲਈ 10 ਹਜ਼ਾਰ ਵਰਗ ਫੁੱਟ ਪਲਾਟ ਨੂੰ ਮਨਜ਼ੂਰੀ ਦੇ ਦਿੱਤੀ। 4 ਜਨਵਰੀ, 2015 ਨੂੰ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਾਉਣ ਉਪਰੰਤ 9 ਮਈ ਨੂੰ ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ ਹੋਇਆ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …