ਕੈਲੀਫੋਰਨੀਆ/ਹੁਸਨ ਲੜੋਆ ਬੰਗਾ : 2002 ਵਿਚ ਦਰਾਮਦ-ਬਰਾਮਦ ਘੁਟਾਲੇ ਸਬੰਧੀ ਦਾਇਰ ਇਕ ਮਾਮਲੇ ਵਿੱਚ ਭਗੌੜੀ ਭਾਰਤੀ ਔਰਤ ਮੋਨਿਕਾ ਕਪੂਰ ਨੂੰ ਅਮਰੀਕਾ ਨੇ ਭਾਰਤ ਦੇ ਹਵਾਲੇ ਕਰ ਦਿੱਤਾ ਹੈ। ਮੈਸਰਜ ਮੋਨਿਕਾ ਓਵਰਸੀਜ ਦੀ ਮਾਲਕਣ ਮੋਨਿਕਾ ਕਪੂਰ ਨੂੰ ਸੀ.ਬੀ.ਆਈ. ਦੇ ਸਪੁਰਦ ਕੀਤਾ ਗਿਆ। ਮੋਨਿਕਾ ਕਪੂਰ ਦੀ ਹਵਾਲਗੀ ਦੋ ਦਹਾਕਿਆਂ ਬਾਅਦ ਸੰਭਵ ਹੋਈ ਹੈ। ਸੀਬੀਆਈ ਅਨੁਸਾਰ 1998 ਵਿੱਚ ਮੋਨਿਕਾ ਕਪੂਰ ਨੇ ਆਪਣੇ ਭਰਾਵਾਂ ਰਾਜਨ ਖੰਨਾ ਤੇ ਰਾਜੀਵ ਖੰਨਾ ਨਾਲ ਮਿਲ ਕੇ ਫਰਜੀ ਬਰਾਮਦ ਦਸਤਾਵੇਜ਼ ਬਣਾਏ। ਬਣਾਏ ਗਏ ਫਰਜੀ ਦਸਤਾਵੇਜਾਂ ਵਿੱਚ ਸ਼ਿੱਪਿੰਗ ਬਿੱਲ, ਚਲਾਣ ਤੇ ਬੈਂਕ ਸਰਟੀਫਿਕੇਟ ਸ਼ਾਮਿਲ ਹਨ ਜਿਨ੍ਹਾਂ ਦੇ ਆਧਾਰ ‘ਤੇ ਉਨ੍ਹਾਂ ਨੇ ਕਰ ਮੁੱਕਤ ਸੋਨੇ ਦੀ ਦਰਾਮਦ ਵਾਸਤੇ ਲਾਇਸੰਸ ਪ੍ਰਾਪਤ ਕੀਤਾ। ਸੀਬੀਆਈ ਅਨੁਸਾਰ ਇਨ੍ਹਾਂ ਨੇ ਇਹ ਲਾਇਸੰਸ ਮੈਸਰਜ ਦੀਪ ਐਕਸਪੋਰਟਸ ਅਹਿਮਦਾਬਾਦ ਨੂੰ ਵੇਚ ਦਿੱਤਾ। ਮੈਸਰਜ ਦੀਪ ਐਕਸਪੋਰਟਸ ਨੇ ਇਸ ਲਾਇਸੰਸ ਦੇ ਆਧਾਰ ‘ਤੇ ਟੈਕਸ ਮੁਕਤ ਸੋਨਾ ਦਰਾਮਦ ਕੀਤਾ ਜਿਸ ਕਾਰਨ ਸਰਕਾਰੀ ਖਜ਼ਾਨੇ ਨੂੰ ਵੱਡਾ ਨੁਕਸਾਨ ਪੁੱਜਾ। ਮੋਨਿਕ ਵਿਰੁੱਧ 24 ਅਪ੍ਰੈਲ 2010 ਨੂੰ ਗੈਰ ਜਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਰੈਡ ਕਾਰਨਰ ਨੋਟਿਸ ਜਾਰੀ ਹੋਇਆ ਸੀ।