ਆਈ. ਐਸ. ਕੇ. ਪੀ. ਨੇ ਲਈ ਸਿੱਖ ਕਾਰੋਬਾਰੀਆਂ ਦੀ ਹੱਤਿਆ ਦੀ ਜ਼ਿੰਮੇਵਾਰੀ
ਪਿਸ਼ਾਵਰ/ਬਿਊਰੋ ਨਿਊਜ਼
ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਦੇ ਪਿਸ਼ਾਵਰ ਵਿਚ ਲੰਘੇ ਕੱਲ੍ਹ ਐਤਵਾਰ ਨੂੰ ਦੋ ਸਿੱਖ ਵਿਅਕਤੀਆਂ ਰਣਜੀਤ ਸਿੰਘ ਅਤੇ ਕੁਲਜੀਤ ਸਿੰਘ ਦੀ ਹੋਈ ਹੱਤਿਆ ਦੀ ਚੁਫੇਰਿਓਂ ਨਿੰਦਾ ਹੋ ਰਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਅਸੀਂ ਪਾਕਿਸਤਾਨ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ ਅਤੇ ਪਤਾ ਲਗਾਇਆ ਜਾਵੇ ਕਿ ਉਹ ਕਿਹੜੀਆਂ ਏਜੰਸੀਆਂ ਹਨ, ਜੋ ਪਾਕਿਸਤਾਨ ਵਿਚ ਇਸ ਤਰ੍ਹਾਂ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿਚ ਅਸਫਲ ਰਹੀ ਹੈ। ਪਾਕਿਸਤਾਨ ਵਿਚ ਦੋ ਸਿੱਖ ਵਿਅਕਤੀਆਂ ਦੀ ਹੋਈ ਹੱਤਿਆ ਦੀ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਸਣੇ ਹੋਰ ਕਈ ਆਗੂਆਂ ਨੇ ਨਿੰਦਾ ਕੀਤੀ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਸ਼ਾਵਰ ’ਚ ਦੋ ਸਿੱਖ ਵਿਅਕਤੀਆਂ ਦੀ ਹੋਈ ਹੱਤਿਆ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਦੀ ਅਫ਼ਗਾਨ ਸ਼ਾਖਾ ਆਈ. ਐਸ. ਕੇ. ਪੀ. ਨੇ ਲਈ ਹੈ। ਇਸ ਅੱਤਵਾਦੀ ਸੰਗਠਨ ਨੂੰ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ ਵੀ ਕਿਹਾ ਜਾਂਦਾ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …