ਯੂਕਰੇਨ ਵਿਚਲੇ ਸੰਘਰਸ਼ ਨੂੰ ਖ਼ਤਮ ਕਰਨ ਲਈ ਕੋਈ ਰਾਹ ਲੱਭਣ ਵਾਸਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਸਾਥੀ ਨਾਟੋ ਆਗੂਆਂ ਨਾਲ ਮੁਲਾਕਾਤ ਕੀਤੀ। ਇੱਕ ਮਹੀਨੇ ਪਹਿਲਾਂ ਰੂਸ ਵੱਲੋਂ ਯੂਕਰੇਨ ਉੱਤੇ ਕੀਤੇ ਗਏ ਹਮਲੇ ਕਾਰਨ ਯੂਰਪ ਨੂੰ ਦੂਜੀ ਵਿਸ਼ਵ ਜੰਗ ਤੋਂ ਬਾਅਦ ਦੇ ਆਪਣੇ ਸੱਭ ਤੋਂ ਵੱਡੇ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਟਰੂਡੋ ਨੇ ਆਖਿਆ ਕਿ ਇਹ ਖਤਰਾ ਸਿਰਫ ਯੂਰਪ ਨੂੰ ਹੀ ਨਹੀਂ ਸਗੋਂ ਦੁਨੀਆ ਭਰ ਨੂੰ ਹੈ। ਵੀਰਵਾਰ ਸਵੇਰੇ ਨਾਟੋ ਦੇ ਹੈੱਡਕੁਆਰਟਰ ਵਿਖੇ ਪਹੁੰਚ ਕੇ ਟਰੂਡੋ ਨੇ ਆਖਿਆ ਕਿ ਦੋਸਤਾਨਾਂ ਜਮਹੂਰੀਅਤ ਉੱਤੇ ਇਹ ਗੈਰਕਾਨੂੰਨੀ ਤੇ ਜ਼ਾਲਮਾਨਾ ਹਮਲਾ ਹੈ। ਉਨ੍ਹਾਂ ਆਖਿਆ ਕਿ ਅਸੀਂ ਸਾਰੇ ਭਾਈਵਾਲ ਦੇਸ਼ਾਂ ਵੱਲੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਨਿਖੇਧੀ ਕਰਦੇ ਹਾਂ।
ਉਨ੍ਹਾਂ ਆਖਿਆ ਕਿ ਜਮਹੂਰੀਅਤ ਉੱਤੇ ਪਹਿਰਾ ਦੇਣ ਵਾਲੇ ਦੇਸ਼ ਯੂਕਰੇਨ ਦਾ ਅਸੀਂ ਸਮਰਥਨ ਕਰਦੇ ਹਾਂ।ਇਹ ਵੀ ਪਤਾ ਲੱਗਿਆ ਹੈ ਕਿ ਕੈਨੇਡਾ ਤੇ ਉਸ ਦੇ ਭਾਈਵਾਲ ਅੱਜ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਹਿਯੋਗੀਆਂ ਖਿਲਾਫ ਨਵੀਆਂ ਪਾਬੰਦੀਆਂ ਲਾਉਣਗੇ। ਇਸ ਹਫਤੇ ਦੇ ਸ਼ੁਰੂ ਵਿੱਚ ਟਰੂਡੋ ਨਾਲ ਗੱਲਬਾਤ ਕਰਨ ਤੋਂ ਬਾਅਦ ਯੂਕਰੇਨ ਦੇ ਪ੍ਰੈਜ਼ੀਡੈਂਟ ਵੋਲੋਦੀਮੀਰ ਜ਼ੈਲੈਂਸਕੀ ਵੱਲੋਂ ਨਾਟੋ ਆਗੂਆਂ ਨੂੰ ਸੰਬੋਧਨ ਕਰਨ ਦੀ ਸੰਭਾਵਨਾ ਹੈ।
ਦੋ ਹਫਤੇ ਪਹਿਲਾਂ ਟਰੂਡੋ ਨੇ ਯੂਰਪ ਦਾ ਦੌਰਾ ਕੀਤਾ ਸੀ ਜਿੱਥੇ ਉਨ੍ਹਾਂ ਲੰਡਨ, ਬਰਲਿਨ, ਵਾਰਸਾਅ ਤੇ ਪੋਲੈਂਡ ਵਿੱਚ ਮੀਟਿੰਗਾਂ ਕੀਤੀਆਂ ਤੇ ਲੈਟਵੀਆ ਵਿੱਚ ਨਾਟੋ ਸੈਨਾਵਾਂ ਵਿੱਚ ਸ਼ਾਮਲ ਕੈਨੇਡੀਅਨ ਫੌਜੀ ਟੁਕੜੀਆਂ ਨਾਲ ਵੀ ਮੁਲਾਕਾਤ ਕੀਤੀ ਸੀ।