ਅਲਬਰਟਾ/ਬਿਊਰੋ ਨਿਊਜ਼
‘ਯੂਨੀਵਰਸਿਟੀ ਆਫ ਅਲਬਰਟਾ’ ਵੱਲੋਂ ਫੀਸ ਵਧਾਉਣ ‘ਤੇ ਵਿਦਿਆਰਥੀਆਂ ਵਿਚ ਨਿਰਾਸ਼ਾ ਦਾ ਮਾਹੌਲ ਹੈ। ਸਿਰਫ ਕੈਨੇਡੀਅਨ ਹੀ ਨਹੀਂ ਵਿਦੇਸ਼ੀ ਵਿਦਿਆਰਥੀਆਂ ਨੇ ਵੀ ਵਧੀਆਂ ਫੀਸਾਂ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਬੁੱਧਵਾਰ ਨੂੰ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਅੱਗੇ ਪ੍ਰਦਰਸ਼ਨ ਕਰਕੇ ਆਪਣਾ ਰੋਸ ਪ੍ਰਗਟ ਕੀਤਾ। ਸਲਾਨਾ ਵਿੰਟਰ ਫੋਰਮ ਦੌਰਾਨ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਮੁਖੀ ਡੇਵਿਟ ਟਰਪਿਨ ਅੱਗੇ ਪ੍ਰਦਰਸ਼ਨ ਕਰਦਿਆਂ ਨਾਅਰੇ ਲਗਾਏ। ‘ਲੈਟ ਅਜ਼ ਸਪੀਕ’ ਦੇ ਨਾਅਰਿਆਂ ਨਾਲ ਹਾਲ ਗੂੰਜ ਰਿਹਾ ਸੀ। ਬਾਇਯਿਨਾਹ ਸਈਦ ਨਾਂ ਦੀ ਵਿਦਿਆਰਥਣ ਨੇ ਕਿਹਾ ਕਿ ਅਧਿਕਾਰੀ ਵਿਦਿਆਰਥੀਆਂ ਦੀ ਅਪੀਲ ਨੂੰ ਸੁਣ ਨਹੀਂ ਰਹੇ। ਜਦ ਟਰਪਿਨ ਵਿਦਿਆਰਥੀਆਂ ਕੋਲੋਂ ਲੰਘੇ ਤਾਂ ਉਹ ਮੁਸਕਰਾ ਰਹੇ ਸਨ। ਜਦ ਟਰਪਿਨ ਆਪਣੇ ਦਫਤਰ ਵੱਲ ਵਧੇ ਤਾਂ ਵਿਦਿਆਰਥੀ ਉਨ੍ਹਾਂ ਦੇ ਪਿੱਛੇ ਗਏ ਅਤੇ ‘ਆਪਣੀ ਸੈਲਰੀ ਕਟਾਓ’ ਦੇ ਨਾਅਰੇ ਲਗਾਉਣ ਲੱਗੇ।ઠਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਮੈਰੀਨਾ ਬੈਨੀਸਟਰ ਨੇ ਕਿਹਾ ਕਿ ਬੋਰਡ ਵੱਲੋਂ 3 ਏਰੀਏਜ਼ ਵਿਚ ਫੀਸ ਵਧਾਈ ਗਈ ਹੈ। ਕੌਮਾਂਤਰੀ ਵਿਦਿਆਰਥੀਆਂ ਨੂੰ ਟਿਊਸ਼ਨ ਫੀਸ ਲਈ 3.14 ਫੀਸਦੀ ਵਧੇਰੇ ਫੀਸ ਦੇਣੀ ਪਵੇਗੀ। ਜਿਹੜੇ ਵਿਦਿਆਰਥੀ ਹੋਸਟਲ ਵਿਚ ਰਹਿ ਰਹੇ ਹਨ, ਉਨ੍ਹਾਂ ਨੂੰ 4 ਫੀਸਦੀ ਵਧੇਰੇ ਕਿਰਾਇਆ ਖਰਚਣਾ ਪਵੇਗਾ ਅਤੇ ਖਾਣ-ਪੀਣ ਦਾ ਖਰਚਾ 15.8 ਫੀਸਦੀ ਹੋਵੇਗਾ। ਵਧੇਰੇ ਵਿਦੇਸ਼ੀ ਵਿਦਿਆਰਥੀ ਹੋਸਟਲ ਵਿਚ ਹੀ ਰਹਿੰਦੇ ਹਨ ਅਤੇ ਜੇਕਰ ਉਨ੍ਹਾਂ ‘ਤੇ ਇਹ ਤਿੰਨੋਂ ਖਰਚੇ ਪੈਣੇ ਹਨ ਤਾਂ ਉਨ੍ਹਾਂ ਨੂੰ ਅਗਲੇ ਸਾਲ ਤਕ 1500 ਡਾਲਰ ਵਧੇਰੇ ਖਰਚਣੇ ਪੈਣਗੇ। ਯੂਨੀਵਰਸਿਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ‘ਤੇ ਗੱਲ-ਬਾਤ ਕਰ ਰਹੇ ਹਨ ਤਾਂ ਕਿ ਕੌਮਾਂਤਰੀ ਵਿਦਿਆਰਥੀਆਂ ‘ਤੇ ਬੋਝ ਨਾ ਵਧੇ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …