Breaking News
Home / ਕੈਨੇਡਾ / ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ-ਸਮਾਗ਼ਮ ‘ਪੀਅਰਸਨ ਥੀਏਟਰ’ ਵਿਚ ਕਰਵਾਇਆ

ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ-ਸਮਾਗ਼ਮ ‘ਪੀਅਰਸਨ ਥੀਏਟਰ’ ਵਿਚ ਕਰਵਾਇਆ

ਦੇਸ਼-ਪਿਆਰ ਦੇ ਗੀਤਾਂ ਅਤੇ ਕੋਰੀਓਗਰਾਫ਼ੀ ਸਮੇਤ ਨਾਟਕ ‘ਗੋਲਡਨ ਟਰੀ’ ਖੇਡਿਆ ਗਿਆ
ਬਰੈਂਪਟਨ/ਡਾ. ਝੰਡ : ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ-ਦਿਵਸ ਬੀਤੇ ਐਤਵਾਰ 25 ਮਾਰਚ ਨੂੰ ਬੜੇ ਅਦਬ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਬਰੈਂਪਟਨ ਦੇ ਬਰੈਮਲੀ ਟਰਮੀਨਲ ਦੇ ਨੇੜੇ ਸਿਵਿਕ ਸੈਂਟਰ ਸਥਿਤ ‘ਪੀਅਰਸਨ ਥੀਏਟਰ’ ਵਿਚ ਹੋਏ ਸ਼ਹੀਦੀ ਸਮਾਗ਼ਮ ਵਿਚ ਬਰੈਂਪਟਨ ਦੀ ਅਹਿਮ ਸ਼ਖ਼ਸੀਅਤ ‘ਪੰਜ ਪਾਣੀ’ ਦੇ ਸਾਬਕਾ-ਸੰਪਾਦਕ ਜੋਗਿੰਦਰ ਸਿੰਘ ਗਰੇਵਾਲ, ਸ਼ਹੀਦ ਭਗਤ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਅੰਮ੍ਰਿਤ ਢਿੱਲੋਂ, ਸ਼ਹੀਦ ਭਗਤ ਸਿੰਘ ਯਾਦਗਾਰੀ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਸੰਧੂ ਅਤੇ ਸਕੱਤਰ ਸੁਰਜੀਤ ਸਿੰਘ ਸਹੋਤਾ ਵੱਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਸੰਖੇਪ ਸੰਬੋਧਨਾਂ ਦੌਰਾਨ ਬੁਲਾਰਿਆਂ ਨੇ ਭਾਰਤ ਦੀ ਆਜ਼ਾਦੀ ਲਈ ਸ਼ਹੀਦਾਂ ਵੱਲੋਂ ਦਿੱਤੀਆਂ ਗਈਆਂ ਮਹਾਨ ਕੁਰਬਾਨੀਆਂ ਨੂੰ ਯਾਦ ਕਰਦਿਆਂ ਹੋਇਆਂ ਦੇਸ਼ ਵਿਚ ਅਜੋਕੇ ਤਰਸਯੋਗ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਹਾਲਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਨੌਜੁਆਨਾਂ ਨੂੰ ਭਗਤ ਸਿੰਘ ਦਾ ਪਹਿਰਾਵਾ ਨਹੀਂ, ਸਗੋਂ ਉਸ ਦੀ ਸੋਚ ਅਪਨਾਉਣ ਅਤੇ ਉਸ ‘ਤੇ ਅਮਲ ਕਰਨ ਦੀ ਜ਼ਰੂਰਤ ਹੈ। ਪੱਛਮੀ ਪੰਜਾਬ (ਪਾਕਿਸਤਾਨ) ਦੇ ਓਮਰ ਲਤੀਫ਼ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਹਿੰਦੋਸਤਾਨ ਅਤੇ ਪਾਕਿਸਤਾਨ ਦਾ ‘ਸਾਂਝੇ ਹੀਰੋ’ ਹਨ।
ਉਨ੍ਹਾਂ ਪਾਕਿਸਤਾਨ ਦੇ ਲੋਕਾਂ ਵੱਲੋਂ ਲਾਹੌਰ ਦੇ ‘ਸ਼ਾਦਮਨ ਚੌਂਕ’ ਦਾ ਨਾਂ ‘ਸ਼ਹੀਦ ਭਗਤ ਸਿੰਘ ਚੌਕ’ ਰੱਖਣ ਅਤੇ ਲਾਹੌਰ ਹਾਈ ਕੋਰਟ ਵੱਲੋਂ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਕੇਸ ਦੀ ਮੁੜ ਤੋਂ ਜਾਂਚ ਦੀ ਮੰਗ ਕਰਨ ਬਾਰੇ ਵੀ ਗੱਲ ਕੀਤੀ। ਹਰਿੰਦਰ ਹੁੰਦਲ ਵੱਲੋਂ ਇੰਡੋ-ਕੈਨੇਡੀਅਨ ਵਰਕਰਜ਼ ਵੱਲੋਂ ਹਰ ਸਾਲ ਇਹ ਸ਼ਹੀਦੀ-ਸਮਾਗ਼ਮ ਕਰਨ ਤੋਂ ਇਲਾਵਾ ‘ਮਈ-ਦਿਵਸ’ ਮਨਾਉਣ ਅਤੇ ਹੋਰ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਓਨਟਾਰੀਓ ਵਿਚ ਪੀ.ਸੀ. ਪਾਰਟੀ ਦੇ ਸੱਤਾ ਵਿਚ ਆਉਣ ‘ਤੇ ਮੌਜੂਦਾ ਘੱਟੋ-ਘੱਟ 14 ਡਾਲਰ ਪ੍ਰਤੀ ਘੰਟਾ ਉਜਰਤ ਦੇ ‘ਫ਼ਰੀਜ’ ਹੋਣ ਦਾ ਵੀ ਸ਼ੰਕਾ ਪ੍ਰਗਟ ਕੀਤਾ।
ਉਪਰੰਤ, ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਅਤੇ ਫ਼ਰੈੱਡਰਿਕ ਬੈਂਟਿੰਗ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਅਮਨਦੀਪ, ਇੰਦਰਪ੍ਰੀਤ, ਯੱਸ਼, ਤੇਜੱਸ, ਸ਼ਾਇਨਾ, ਰਮਨਦੀਪ ਤੇ ਉਨ੍ਹਾਂ ਦੇ ਸਾਥੀਆਂ ਨੇ ਸ਼ਹੀਦ ਭਗਤ ਸਿੰਘ ਨਾਲ ਸਬੰਧਿਤ ਗੀਤਾਂ ‘ਮੋਹੇ ਰੰਗ ਦੇ ਬਸੰਤੀ’ ਅਤੇ ‘ਭਗਤ ਸਿਹਾਂ ਤੇਰੀ ਫ਼ੋਟੋ ਕਿਉਂ ਨਹੀਂ ਲੱਗਦੀ ਨੋਟਾਂ ਤੇ’ ਦੇ ਨਾਲ ਸ਼ਾਨਦਾਰ ਕੋਰੀਓਗਰਾਫ਼ੀ ਪੇਸ਼ ਕੀਤੀ। ਉਨ੍ਹਾਂ ਸਹਿਗਾਨ ਰੂਪ ਵਿਚ ਦੇਸ਼-ਪਿਆਰ ਦਾ ਗੀਤ ‘ਮੇਰੇ ਵੀਰ ਭਗਤ ਸਿੰਘ ਸ਼ੇਰਾ ਵੇ’ ਵੀ ਗਾਇਆ। ਸਕੂਲ ਦੀ ਮਿਊਜ਼ਿਕ-ਟੀਚਰ ਮੈਡਮ ਅਰੁਨਦੀਪ ਨੇ ਆਪਣੀ ਸੁਰੀਲੀ ਆਵਾਜ਼ ਵਿਚ ਫ਼ਿਲਮ ‘ਕਰਮਾ’ ਦਾ ਗੀਤ ‘ਦਿਲ ਭੀ ਦੇਂਗੇਂ ਜਾਂ ਭੀ ਦੇਂਗੇਂ, ਐ ਵਤਨ ਤੇਰੇ ਲੀਏ’ ਗਾ ਕੇ ਦਰਸ਼ਕਾਂ ਦੀ ਖ਼ੂਬ ‘ਵਾਹ-ਵਾਹ’ ਖੱਟੀ।
ਇਸ ਖ਼ੁਬਸੂਰਤ ਗੀਤ ਦੇ ਨਾਲ ਵਿਦਿਆਰਥੀਆਂ ਲਕਸ਼ੈ ਧਵਨ ਵੱਲੋਂ ਪਿਆਨੋ ਅਤੇ ਇੰਦਰਪ੍ਰੀਤ ਵੱਲੋਂ ਆਟੋ ਪੈਡ ਨਾਲ ਦਿੱਤਾ ਗਿਆ ਸੰਗੀਤ ਵੀ ਕਮਾਲ ਦਾ ਸੀ। ਇਸ ਦੇ ਨਾਲ ਹੀ ਦੇਸ਼-ਪਿਆਰ ਦੀਆਂ ਬੋਲੀਆਂ ਨਾਲ ਦੋਹਾਂ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪਾਇਆ ਗਿਆ ਭੰਗੜਾ ਵੀ ਦਰਸ਼ਕਾਂ ਦੀ ਖਿੱਚ ਦਾ ਕਾਰਨ ਬਣਿਆ। ਪ੍ਰਿੰ. ਸੰਜੀਵ ਧਵਨ ਨੇ ਦੋਹਾਂ ਸਕੂਲਾਂ ਦੇ ਵਿਦਿਆਰਥੀਆਂ ਦੀ ਅਕਾਦਮਿਕ ਤੇ ਕਲਚਰਲ ਕਾਰਗ਼ੁਜ਼ਾਰੀ ਅਤੇ ਐਕਸਟ੍ਰਾ-ਕਰੀਕੁਲਰ ਐਕਟੀਵਿਟੀਜ਼ ਬਾਰੇ ਸੰਖੇਪ ਵਿਚ ਦੱਸਿਆ।
ਸਮਾਗ਼ਮ ਦੇ ਦੂਸਰੇ ਭਾਗ ਵਿਚ ਹੀਰਾ ਰੰਧਾਵਾ ਦੇ ਨਿਰਦੇਸ਼ਨ ਹੇਠ ਕੁਲਵਿੰਦਰ ਖਹਿਰਾ ਦੇ ਲਿਖੇ ਹੋਏ ਨਾਟਕ ‘ਗੋਲਡਨ ਟਰੀ’ ਦੀ ਪੇਸ਼ਕਾਰੀ ਨੂੰ ਦਰਸ਼ਕਾਂ ਵੱਲੋਂ ਖ਼ੂਬ ਸਲਾਹਿਆ ਗਿਆ। ਡੇਢ ਘੰਟੇ ਦੇ ਕਰੀਬ ਚੱਲੇ ਇਸ ਨਾਟਕ ਵਿਚ ਲੇਖਕ ਨੇ ਲੱਗਭੱਗ 10 ਸਾਲ ਪਹਿਲਾਂ ਵੈਨਕੂਵਰ ਵਿਚ ਖੇਤ-ਮਜ਼ਦੂਰਾਂ ਨਾਲ ਭਰੀ ਹੋਈ ਵੈਨ ਦੇ ਦਰਦਨਾਕ ਹਾਦਸੇ ਜਿਸ ਵਿਚ ਤਿੰਨ ਔਰਤ ਮਜ਼ਦੂਰਾਂ ਦੀ ਮੌਤ ਹੋ ਗਈ ਸੀ, ਨੂੰ ਬਾਖ਼ੂਬੀ ਦਰਸਾਇਆ ਹੈ। ਲੋਕਾਂ ਦੀ ਪੁਰਜ਼ੋਰ ਮੰਗ ਉੱਤੇ ਸਰਕਾਰ ਵੱਲੋਂ ਉਨ੍ਹਾਂ ਦੀ ਯਾਦ ਵਿਚ ‘ਗੋਲਡਨ ਟਰੀ’ ਨਾਮੀ ਸਮਾਰਕ ਬਣਾਇਆ ਗਿਆ ਸੀ। ਉਸ ਸਮਾਰਕ ਨਾਲ ਜੁੜਿਆ ਹੋਇਆ ਇਹ ਨਾਟਕ ਵਧੀਆ ਕਲਾ-ਕ੍ਰਿਤ ਹੋਣ ਦੇ ਨਾਲ ਨਾਲ ਇਕ ਸ਼ਾਨਦਾਰ ਇਤਿਹਾਸਕ ਦਸਤਾਵੇਜ਼ ਹੈ ਜਿਸ ਨੂੰ ਹੀਰਾ ਰੰਧਾਵਾ ਦੀ ਸਮੁੱਚੀ ਟੀਮ ਨੇ ਇਸ ਸਮਾਗ਼ਮ ਦੌਰਾਨ ਮੰਚ ‘ਤੇ ਬਾਖ਼ੂਬੀ ਪੇਸ਼ ਕੀਤਾ।
ਨਾਟਕ ਵਿਚ ਖੇਤ-ਮਜ਼ਦੂਰਾਂ ਦੀ ਸਖ਼ਤ ਮਿਹਨਤ ਦੀ ਠੇਕੇਦਾਰਾਂ ਅਤੇ ਆਰਜ਼ੀ ਕੰਮ-ਦਿਵਾਊ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਲੁੱਟ-ਖਸੁੱਟ ਨੂੰ ਬੜੇ ਹੀ ਭਾਵਪੂਰਤ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਪੰਜਾਬੀ-ਰੰਗਮੰਚ ਦੇ ਮੰਜੇ ਹੋਏ ਕਲਾਕਾਰਾਂ ਤਰੁਨ ਵਾਲੀਆ, ਅੰਤਰਪ੍ਰੀਤ, ਪਰਮਜੀਤ ਦਿਓਲ, ਜੋਗਿੰਦਰ ਸੰਘੇੜਾ, ਸ਼ਿੰਗਾਰਾ ਸਮਰਾ, ਡੇਵਿਡ ਸੰਧੂ, ਕਰਮਜੀਤ ਗਿੱਲ, ਜਗਵਿੰਦਰ ਪ੍ਰਤਾਪ ਅਤੇ ਹੋਰ ਕਲਾਕਾਰਾਂ ਰਾਬੀਆ ਰੰਧਾਵਾ, ਜੋਵਨ ਦਿਓਲ ਤੇ ਬੇਬੀ ਚੰਨਰੂਪ ਦੀ ਅਦਾਕਾਰੀ ਨਾਲ ਇਹ ਨਾਟਕ ਬੇਹੱਦ ਸਫ਼ਲ ਹੋ ਨਿੱਬੜਿਆ ਹੈ ਅਤੇ ਇਸ ਸਫ਼ਲਤਾ ਲਈ ਹੀਰਾ ਰੰਧਾਵਾ ਦੀ ਸਮੁੱਚੀ ਟੀਮ ਵਧਾਈ ਦੀ ਹੱਕਦਾਰ ਹੈ। ਨਾਟਕ ਮੰਚਨ ਦੌਰਾਨ ਲਾਈਟਸ-ਕੰਟਰੋਲ ਭੁਪਿੰਦਰ ਦੁਲੇ ਕੋਲ ਅਤੇ ਸੰਗੀਤ ਦਾ ਕੰਟਰੋਲ ਹਰਿੰਦਰ ਸੋਹਲ ਦੇ ਹੱਥ ਵਿਚ ਸੀ। ਸਮਾਗ਼ਮ ਦੌਰਾਨ ਮੰਚ-ਸੰਚਾਲਨ ਦੀ ਜ਼ਿੰਮੇਂਵਾਰੀ ਕੁਲਦੀਪ ਰੰਧਾਵਾ ਵੱਲੋਂ ਨਿਭਾਈ ਗਈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …