Home / ਕੈਨੇਡਾ / ਕਰੌਨਿਕ ਸੀਨੀਅਰ ਰੋਗੀਆਂ ਨੂੰ ਲੌਂਗ ਟਰਮ ਕੇਅਰ ਸੈਂਟਰਾਂ ਵਿਚ ਲਿਜਾਣ ਸਬੰਧੀ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਨੇ ਦਿੱਤੇ ਕੁਝ ਸੁਝਾਅ

ਕਰੌਨਿਕ ਸੀਨੀਅਰ ਰੋਗੀਆਂ ਨੂੰ ਲੌਂਗ ਟਰਮ ਕੇਅਰ ਸੈਂਟਰਾਂ ਵਿਚ ਲਿਜਾਣ ਸਬੰਧੀ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਨੇ ਦਿੱਤੇ ਕੁਝ ਸੁਝਾਅ

ਬਰੈਂਪਟਨ/ਡਾ. ਝੰਡ : ਲੰਘੇ ਹਫ਼ਤੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫ਼ੋਰਡ ਦੇ ਹਵਾਲੇ ਨਾਲ ਛਪੀ ਖ਼ਬਰ ਕਿ ਮਹਾਂਮਾਰੀ ਕਰੋਨਾ ਦੇ ਚੱਲ ਰਹੇ ਪ੍ਰਕੋਪ ਕਾਰਨ ਹਸਪਤਾਲਾਂ ਵਿਚ ਬੈੱਡਾਂ ਦੀ ਘਾਟ ਮਹਿਸੂਸ ਹੋ ਰਹੀ ਹੈ ਅਤੇ ਇਸ ਦੇ ਇਕ ਹੱਲ ਵਜੋਂ ਕਰੌਨਿਕ ਬੀਮਾਰੀਆਂ ਨਾਲ ਜੂਝ ਰਹੇ ਸੀਨੀਅਰਜ਼ ਨੂੰ ਸ਼ਹਿਰਾਂ ਤੋਂ ਦੂਰ-ਦੁਰਾਡੇ ਬਣੇ ਲੌਂਗ ਟਰਮ ਕੇਅਰ ਸੈਂਟਰਾਂ ਵਿਚ ਉਨ੍ਹਾਂ ਦੀ ਲਿਖਤੀ ਮਰਜ਼ੀ ਤੋਂ ਬਗ਼ੈਰ ਹੀ ਸ਼ਿਫਟ ਕਰ ਦਿੱਤਾ ਜਾਏਗਾ, ਦੇ ਵਿਰੁੱਧ ਲੋਕਾਂ ਦੇ ਵੱਖ-ਵੱਖ ਪ੍ਰਤੀਕਰਮ ਆ ਰਹੇ ਹਨ।
ਇਸ ਬਾਰੇ ਬਰੈਂਪਟਨ ਸੈਂਟਰ ਦੀ ਐੱਮ.ਪੀ.ਪੀ. ਸਾਰਾ ਸਿੰਘ ਜੋ ਓਨਟਾਰੀਓ ਪਾਰਲੀਮੈਂਟ ਵਿਚ ਐੱਨਡੀਪੀ ਦੀ ਡਿਪਟੀ ਲੀਡਰ ਹੈ ਅਤੇ ਸੀਨੀਅਰਜ਼ ਦੇ ਮਾਮਲਿਆਂ ਦੀ ਕ੍ਰਿਟਿਕ ਵੀ ਹੈ, ਦਾ ਕਹਿਣਾ ਹੈ ਕਿ ਇਹ ਸਾਡੇ ਲਈ ਹਿਰਦੇ-ਵੇਧਕ ਖ਼ਬਰ ਹੈ ਕਿ ਸੀਨੀਅਰ ਕਰੌਨਿਕ ਰੋਗੀਆਂ ਨੂੰ ਉਨ੍ਹਾਂ ਦੀ ਮਰਜ਼ੀ ਤੋਂ ਬਗ਼ੈਰ ਉਨ੍ਹਾਂ ਦੇ ਪਰਿਵਾਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਬਣੇ ਲੌਂਗ ਟਰਮ ਕੇਅਰ ਘਰਾਂ ਵਿਚ ਤਬਦੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਡੀਟਰ ਜਨਰਲ ਆਫ਼ ਓਨਟਾਰੀਓ ਦੀ ਕੋਵਿਡ-19 ਦੀ ਅਜੋਕੀ ਸਥਿਤੀ ਅਤੇ ਲੌਂਗ ਟਰਮ ਸੈਂਟਰਾਂ ਬਾਰੇ ਇਸ ਹਫ਼ਤੇ ਪੇਸ਼ ਕੀਤੀ ਗਈ ਰਿਪੋਰਟ ਤੋਂ ਸਪੱਸ਼ਟ ਹੈ ਕਿ ਸਰਕਾਰ ਆਪਣੇ ਸੀਨੀਅਰਜ਼ ਦਾ ਬਚਾਅ ਕਰਨ ਤੋਂ ਅਸਫ਼ਲ ਹੋਈ ਹੈ। ਪਿਛਲੇ ਕੁਝ ਸਮੇਂ ਤੋਂ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਸਾਡੇ ਮਾਪੇ ਅਤੇ ਪੜ-ਮਾਪੇ ਨਰਸਿੰਗ ਹੋਮਜ਼ ਵਿਚ ਸੁਰੱਖ਼ਿਅਤ ਨਹੀਂ ਹਨ ਅਤੇ ਹੁਣ ਨੌਬਤ ਦੀਰਘ-ਬੀਮਾਰ ਸੀਨੀਅਰ ਵਿਅੱਕਤੀਆਂ ਨੂੰ ਦੂਰ-ਦੁਰੇਢੇ ਦੇ ਲੌਂਗ ਟਰਮ ਕੇਅਰ ਸੈਂਟਰਾਂ ਵਿਚ ਭੇਜਣ ਤੀਕ ਪਹੁੰਚ ਗਈ ਹੈ। ਬਰੈਂਪਟਨ ਦੀ ਕਾਰਜਕਾਰਨੀ ਦੀ ਦੋ ਦਿਨ ਪਹਿਲਾਂ ਹੋਈ ਜ਼ੂਮ-ਮੀਟਿੰਗ ਵਿਚ ਮੈਂਬਰਾਂ ਵੱਲੋਂ ਕਈ ਸੁਝਾਅ ਸਾਹਮਣੇ ਆਏ ਜਿਨ੍ਹਾਂ ਵਿਚ ਮੁੱਖ-ਸੁਝਾਅ ਅਜਿਹੇ ਸੀਨੀਅਰਜ਼ ਨੂੰ ਸੈਂਕੜੇ ਕਿਲੋਮੀਟਰ ਦੂਰ ਸਥਿਤ ਲੌਗ ਟਰਮ ਕੇਅਰ ਸੈਂਟਰਾਂ ਵਿਚ ਸ਼ਿਫ਼ਟ ਕਰਨ ਦੀ ਬਜਾਏ ਉਨ੍ਹਾਂ ਨੂੰ ਬਰੈਂਪਟਨ ਦੇ ਨੇੜਲੇ ਲੌਂਗ ਟਰਮ ਸੈਂਟਰਾਂ ਵਿਚ ਰੱਖਣਾ ਸੀ। ਮੈਂਬਰਾਂ ਦਾ ਵਿਚਾਰ ਸੀ ਕਿ ਇਸ ਤਰ੍ਹਾਂ ਸਬੰਧਿਤ ਸੀਨੀਅਰਜ਼ ਦੇ ਪਰਿਵਾਰਿਕ ਮੈਂਬਰਾਂ ਨੂੰ ਉਨ੍ਹਾਂ ਨੂੰ ਮਿਲਣਾ ਅਤੇ ਉਨ੍ਹਾਂ ਦੇ ਹਾਲ-ਚਾਲ ਦਾ ਪਤਾ ਲੈਣਾ ਆਸਾਨ ਰਹੇਗਾ। ਇਸ ਨਾਲ ਉਨ੍ਹਾਂ ਸੀਨੀਅਰਜ਼ ਨੂੰ ਵੀ ਇਹ ਤਸੱਲੀ ਰਹੇਗੀ ਕਿ ਉਹ ਆਪਣੇ ਪਰਿਵਾਰਾਂ ਦੇ ਨੇੜੇ ਹੀ ਹਨ। ਇਕ ਹੋਰ ਸੁਝਾਅ ਵਿਚ ਸੂਬਾਈ ਸਰਕਾਰ ਨੂੰ ਸਬੰਧਿਤ ਸੀਨੀਅਰਜ਼ ਦੇ ਚੱਲ ਰਹੇ ਇਲਾਜ ਨੂੰ ਇਨ੍ਹਾਂ ਲੌਂਗ ਟਰਮ ਕੇਅਰ ਸੈਂਟਰਾਂ ਵਿਚ ਵੀ ਓਸੇ ਤਰ੍ਹਾਂ ਹੀ ਯਕੀਨੀ ਬਨਾਉਣ ਅਤੇ ਉੱਥੇ ਲੋੜੀਂਦੀਆਂ ਸਹੂਲਤਾ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਸੂਬਾ ਸਰਕਾਰ ਇਨ੍ਹਾਂ ਸੁਝਾਆਂ ਬਾਰੇ ਧਿਆਨ ਦੇਵੇਗੀ। ਮੀਟਿੰਗ ਵਿਚ ਜੰਗੀਰ ਸਿੰਘ ਸਹਿੰਬੀ , ਪਰਮਜੀਤ ਸਿੰਘ ਬੜਿੰਗ, ਨਿਰਮਲ ਸਿੰਘ ਧਾਰਨੀ, ਕਰਤਾਰ ਸਿੰਘ ਚਾਹਲ, ਹਰਦਿਆਲ ਸਿੰਘ ਸੰਧੂ, ਪ੍ਰੀਤਮ ਸਿੰਘ ਸਰਾਂ, ਦੇਵ ਕੁਮਾਰ ਸੂਦ ਅਤੇ ਬਲਵਿੰਦਰ ਸਿੰਘ ਬਰਾੜ ਸ਼ਾਮਲ ਸਨ।

Check Also

ਟੀ ਸੀ ਐਨਰਜੀ ਨੇ ਕੀਅਸਟੋਨ ਐਕਸਐਲ ਪਾਈਪ ਲਾਈਨ ਪ੍ਰੋਜੈਕਟ ਖ਼ਤਮ ਕਰਨ ਦਾ ਕੀਤਾ ਐਲਾਨ

ਟੋਰਾਂਟੋ : ਅਲਬਰਟਾ ਦੇ ਟੀ ਸੀ ਐਨਰਜੀ ਵੱਲੋਂ ਕੀਅਸਟੋਨ ਐਕਸਐਲ ਪ੍ਰੋਜੈਕਟ ਨੂੰ ਰਸਮੀ ਤੌਰ ਉੱਤੇ …