7.8 C
Toronto
Tuesday, October 28, 2025
spot_img
Homeਕੈਨੇਡਾਫਾਰਮਰਜ਼ ਸੁਪੋਰਟ ਗਰੁੱਪ ਬਰੈਂਪਟਨ ਨੇ 'ਮਈ-ਦਿਵਸ' ਜ਼ੂਮ ਮਾਧਿਅਮ ਰਾਹੀਂ ਵਿਚਾਰ-ਚਰਚਾ ਤੇ ਕਵੀ-ਦਰਬਾਰ...

ਫਾਰਮਰਜ਼ ਸੁਪੋਰਟ ਗਰੁੱਪ ਬਰੈਂਪਟਨ ਨੇ ‘ਮਈ-ਦਿਵਸ’ ਜ਼ੂਮ ਮਾਧਿਅਮ ਰਾਹੀਂ ਵਿਚਾਰ-ਚਰਚਾ ਤੇ ਕਵੀ-ਦਰਬਾਰ ਕਰਕੇ ਮਨਾਇਆ

ਫੋਜ਼ੀਆ ਤਨਵੀਰ, ਡੌਮੈਨਿਕ ਤੇ ਹੋਰ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ
ਬਰੈਂਪਟਨ/ਡਾ. ਝੰਡ : ਦਿੱਲੀ ਵਿਚ ਚੱਲ ਰਹੇ ਕਿਸਾਨ ਮੋਰਚੇ ਦੀ ਹਮਾਇਤ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਬਰੈਂਪਟਨ ਵਿਚ ਵਿਚਰ ਰਹੇ ਫ਼ਾਰਮਰਜ਼ ਸੁਪੋਰਟ ਗਰੁੱਪ ਵੱਲੋਂ ਇਤਿਹਾਸਕ ‘ਮਈ-ਦਿਵਸ’ ਨੂੰ ਜ਼ੂਮ ਮਾਧਿਅਮ ਦੀ ਸੁਚੱਜੀ ਵਰਤੋਂ ਕਰਦਿਆਂ ਹੋਇਆਂ ਮਹਿਲਾਵਾਂ ਦੇ ਮਸਲਿਆਂ ਅਤੇ ਮਨੁੱਖੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਫੌਜ਼ੀਆ ਤਨਵੀਰ ਅਤੇ ਓਨਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫ਼ੈੱਡਰੇਸ਼ਨ ਦੇ ਸਰਗ਼ਰਮ ਮੈਂਬਰ ਡੌਮੀਨੋ ਵੱਲੋਂ ਮਈ-ਦਿਵਸ ਬਾਰੇ ਵਿਚਾਰ ਸਾਂਝੇ ਕਰਦਿਆਂ ਹੋਇਆਂ ਮਨਾਇਆ ਗਿਆ। ਇਸ ਦੌਰਾਨ ਹੋਏ ਕਵੀ-ਦਰਬਾਰ ਵਿਚ ਦੁਨੀਆਂ-ਭਰ ਦੇ ਕਿਸਾਨਾਂ, ਕਿਰਤੀਆਂ ਤੇ ਮਜ਼ਦੂਰਾਂ ਦੀ ਚੜ੍ਹਦੀ-ਕਲਾ ਲਈ ਪੇਸ਼ ਕੀਤੀਆਂ ਗਈਆਂ ਕਵਿਤਾਵਾਂ ਤੇ ਗੀਤਾਂ ਨੇ ਚੰਗਾ ਰੰਗ ਬੰਨ੍ਹਿਆਂ।
ਸਮਾਗਮ ਦੀ ਸ਼ੁਰੂਆਤ ਕਰਦਿਆ ਸੰਚਾਲਕ ਉੱਘੀ-ਕਵਿੱਤਰੀ ਸੁਰਜੀਤ ਕੌਰ ਵੱਲੋਂ ਇਸ ਮੌਕੇ ਜ਼ੂਮ ਮਾਧਿਅਮ ਰਾਹੀਂ ਜੁੜੇ ਸਮੂਹ ਮੈਂਬਰਾਂ ਤੇ ਮਹਿਮਾਨਾਂ ਨੂੰ ‘ਜੀ-ਆਇਆਂ’ ਕਹਿਣ ਉਪਰੰਤ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੀ ਪ੍ਰਿੰਸੀਪਲ ਨਵਜੋਤ ਕੌਰ ਨੂੰ ਆਪਣੀ ਕਵਿਤਾ ਸੁਣਾਉਣ ਲਈ ਸੱਦਾ ਦਿੱਤਾ ਜਿਨ੍ਹਾਂ ਨੇ ਮਈ-ਦਿਵਸ ਬਾਰੇ ਆਪਣੀ ਭਾਵਪੂਰਤ ਕਵਿਤਾ ਸੁਣਾ ਕੇ ਕਾਵਿ-ਮਈ ਮਾਹੌਲ ਉਸਾਰਿਆ। ਇਸ ਦੇ ਨਾਲ ਹੀ ਪਿਆਰਾ ਸਿੰਘ ਕੁੱਦੋਵਾਲ ਵੱਲੋਂ ਆਪਣੀ ਸੁਰੀਲੀ ਆਵਾਜ਼ ਵਿਚ ਲੋਕ-ਕਵੀ ਸੰਤ ਰਾਮ ਉਦਾਸੀ ਦਾ ਗੀਤ ‘ਜਾਗ ਕਿਰਤੀਆ ਜਾਗ ਓਏ, ਜਾਗਣ ਦਾ ਵੇਲਾ’ ਪੇਸ਼ ਕੀਤਾ ਜਿਸ ਨੇ ਪ੍ਰੋਗਰਾਮ ਵਿਚ ‘ਸੋਨੇ ‘ਤੇ ਸੁਹਾਗੇ’ ਵਾਲੀ ਗੱਲ ਕਰ ਦਿੱਤੀ। ਸਮਾਗ਼ਮ ਵਿਚ ਚੱਲ ਰਹੇ ਭਾਸ਼ਨਾਂ ਦੌਰਾਨ ਪ੍ਰੋ. ਜਗੀਰ ਸਿੰਘ ਕਾਹਲੋ, ਸੁਰਜੀਤ ਕੌਰ ਅਤੇ ਸੁੰਦਰਪਾਲ ਰਾਜਾਸਾਂਸੀ ਵੱਲੋਂ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ।
ਫ਼ੌਜ਼ੀਆ ਤਨਵੀਰ ਨੇ ਆਪਣੇ ਸੰਬੋਧਨ ਵਿਚ ਔਰਤਾਂ ਉੱਪਰ ਹੋ ਰਹੇ ਕੰਮ-ਕਾਜੀ ਤੇ ਨਸਲੀ ਵਿਤਕਰਿਆਂ ਅਤੇ ਇਸ ਸਮੇਂ ਚੱਲ ਰਹੀ ਮਹਾਂਮਾਰੀ ਕੌਵਿਡ-19 ਨਾਲ ਜੋੜ ਕੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਇਸ ਸਮੇਂ ਔਰਤਾਂ ਫ਼ਰੰਟ-ਲਾਈਨ ਵਰਕਰਾਂ ਦੇ ਤੌਰ ‘ਤੇ ਬਾਖ਼ੂਬੀ ਕੰਮ ਕਰ ਰਹੀਆਂ ਹਨ ਪਰ ਉਨ੍ਹਾਂ ਨੂੰ ਫਿਰ ਵੀ ਘੱਟੋ-ਘੱਟ ਉਜਰਤਾਂ ਹੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਮਿਆਂ ਨੂੰ ਘੱਟੋ-ਘੱਟ 10 ਛੁੱਟੀਆਂ ਤਨਖ਼ਾਹ ਸਮੇਤ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਓਨਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫ਼ੈੱਡਰੇਸ਼ਨ ਦੇ ਕਾਰਕੁੰਨ ਡੌਮੀਨੋ ਨੇ ਭਾਰਤ ਦੇ ਕਿਸਾਨਾਂ ਵੱਲੋਂ ਦਿੱਲੀ ਵਿਚ ਪਿਛਲੇ ਪੰਜ ਮਹੀਨਿਆਂ ਤੋਂ ਚਲਾਏ ਜਾ ਰਹੇ ਅੰਦੋਲਨ ਦਾ ਭਰਪੂਰ ਸਮਰਥਨ ਕੀਤਾ।
ਇਸ ਦੌਰਾਨ ਓਮਰ ਲਤੀਫ਼ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਹਾਂਮਾਰੀ ਕੌਵਿਡ-19 ਨਾਲ ਨਜਿੱਠਣ ਅਤੇ ਇਸ ਨਾਲ ਪੀੜਤ ਮਰੀਜ਼ਾਂ ਨੂੰ ਬਚਾਉਣ ਲਈ ਸੋਸ਼ਲਿਸਟ ਦੇਸ਼ਾਂ ਵੱਲੋਂ ਉਪਲੱਭਧ ਵਸੀਲਿਆਂ ਤੇ ਸਾਧਨਾਂ ਦੀ ਸੁਚੱਜੀ ਵਰਤੋਂ ਕੀਤੀ ਗਈ। ਚੀਨ ਅਤੇ ਕੈਨੇਡਾ ਦੀ ਤੁਲਣਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਚੀਨ ਦੀ ਆਬਾਦੀ ਬਿਲੀਅਨ ਤੋਂ ਉੱਪਰ ਹੈ ਪਰ ਉੱਥੇ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਕੈਨੇਡਾ ਨਾਲੋਂ ਘੱਟ ਹੈ। ਉਨ੍ਹਾਂ ਹੋਰ ਕਿਹਾ ਕਿ ਲੋਕਾਂ ਦੀ ਜਿੱਥੇ ਸਿਹਤ ਲਾਲਚੀ ਕਿਸਮ ਦੇ ਕਾਰਪੋਰੇਟ ਅਦਾਰਿਆਂ ਦੇ ਵੱਸ ਪਾ ਦਿੱਤੀ ਗਈ, ਉੱਥੇ ਮੌਤਾਂ ਦੀ ਗਿਣਤੀ ਵਧੇਰੇ ਹੈ। ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਸੁਰਜੀਤ ਸਹੋਤਾ ਵੱਲੋਂ ਸਮੂਹ ਬੁਲਾਰਿਆਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।

RELATED ARTICLES

ਗ਼ਜ਼ਲ

POPULAR POSTS