ਦੌੜਾਕਾਂ ਵਿੱਚ ਭਾਰੀ ਉਤਸ਼ਾਹ, ‘ਔਨ-ਲਾਈਨ’ ਰਜਿਸਟ੍ਰੇਸ਼ਨ ਜਾਰੀ
ਬਰੈਂਪਟਨ/ਡਾ. ਝੰਡ : ਪਹਿਲੇ ਦਸਤਾਰਧਾਰੀ ਮੈਰਾਥਨ ਦੌੜਾਕ ਬਾਬਾ ਫ਼ੌਜਾ ਸਿੰਘ ਨੂੰ ਯਾਦ ਕਰਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਂਡੇਸ਼ਨ ਵੱਲੋਂ ਮੈਰਾਥਨ ਦੌੜ ‘ਇੰਸਪੀਰੇਸ਼ਨਲ ਸਟੈੱਪਸ 2025’ ਐਤਵਾਰ 12 ਅਕਤੂਬਰ ਨੂੰ ਕਰਵਾਈ ਜਾ ਰਹੀ ਹੈ। ਇਸ ਮੈਰਾਥਨ ਦੌੜ ਦਾ ਟੀਚਾ ਬਾਬਾ ਫ਼ੌਜਾ ਸਿੰਘ ਦੇ ਨਾਂ ‘ਤੇ ਦੌੜਾਕਾਂ ਵੱਲੋਂ ਘੱਟੋ-ਘੱਟ 100 ਮੈਰਾਥਨਾਂ ਦੇ ਬਰਾਬਰ ਦੌੜਨ ਦਾ ਹੈ। ਪਾਠਕਾਂ ਨੂੰ ਯਾਦ ਹੋਵੇਗਾ ਕਿ ਬਾਬਾ ਜੀ 100 ਸਾਲ ਦੀ ਉਮਰ ਵਿੱਚ 16 ਅਕਤੂਬਰ 2011 ਨੂੰ ਟੋਰਾਂਟੋ ਵਿੱਚ ‘ਟੋਰਾਂਟੋ ਵਾਟਰਫ਼ਰੰਟ ਮੈਰਾਥਨ’ ਪੂਰੀ ਕਰਨ ਵਾਲੇ ਪਹਿਲੇ ਵਿਅੱਕਤੀ ਸਨ।
ਇਹ ‘ਇੰਸਪੀਰੇਸ਼ਨ ਸਟੈੱਪਸ 2025’ ਉਨ੍ਹਾਂ ਦੀ ਉਸ ਦੌੜ ਨੂੰ ਸਮੱਰਪਿਤ ਕੀਤੀ ਜਾ ਰਹੀ ਹੈ।
ਈਵੈਂਟ ਦੇ ਪ੍ਰਬੰਧਕਾਂ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੀਕ 165 ਦੌੜਾਕ ਤੇ ਵਾੱਕਰ ਇਸ ਮੈਰਾਥਨ ਦੌੜ ਦੇ ਵੱਖ-ਵੱਖ ਫ਼ਾਸਲਿਆਂ 42.2 ਕਿਲੋਮੀਟਰ, 12 ਕਿਲੋਮੀਟਰ ਅਤੇ 5 ਕਿਲੋਮੀਟਰ ਲਈ ਆਪਣੀ ਰਜਿਸਟ੍ਰੇਸ਼ਨ ਔਨ-ਲਾਈਨ ਕਰਵਾ ਚੁੱਕੇ ਹਨ ਅਤੇ ਇਹ ਸਿਲਸਿਲਾ ਬਰਾਬਰ ਚੱਲ ਰਿਹਾ ਹੈ। ਇਹ ਰਜਿਸਟ੍ਰੇਸ਼ਨ ਉਨ੍ਹਾਂ ਵੱਲੋਂ www.ggscf.com ‘ਤੇ ਜਾ ਕੇ ਕਰਵਾਈ ਜਾ ਰਹੀ ਹੈ ਜਿੱਥੇ ਇਸ ਈਵੈਂਟ ਬਾਰੇ ਵਿਸਤ੍ਰਿਤ ਜਾਣਕਾਰੀ ਮੌਜੂਦ ਹੈ। ਇਸ ਦੌੜ ਲਈ ਰਜਿਸਟ੍ਰੇਸ਼ਨ ਫ਼ੀਸ ਕੇਵਲ 20 ਡਾਲਰ ਰੱਖੀ ਗਈ ਹੈ। ਜੀਟੀਏ ਦੇ ਗੁਰਦੁਆਰਾ ਸਾਹਿਬਾਨ ਦੇ ਸਹਿਯੋਗ ਨਾਲ ਇਹ ਈਵੈਂਟ ਬੱਚਿਆਂ, ਜਵਾਨਾਂ ਤੇ ਸੀਨੀਅਰਾਂ, ਭਾਵ ਸੱਭਨਾਂ ਦੇ ਲਈ ਸਾਂਝੇ ਤੌਰ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ।
ਦੌੜ ਦੇ ਰੂਟ ਬਾਰੇ ਪ੍ਰਬੰਧਕਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਦੌੜ ਦੇ ਦੌੜਾਕਾਂ ਤੇ ਵਾੱਕਰਾਂ ਨੂੰ ਦੱਸਿਆ ਜਾਂਦਾ ਹੈ ਕਿ ‘ਫੁੱਲ ਮੈਰਾਥਨ’ (42.2 ਕਿਲੋਮੀਟਰ) ਪੈਦਲ ਚੱਲਣ ਵਾਲੇ ‘ਵਾੱਕਰ’ ਸਕਾਰਬਰੋ ਗੁਰਦੁਆਰਾ ਸਾਹਿਬ ਤੋਂ ਸਵੇਰੇ 6.00 ਵਜੇ ਚੱਲਣਗੇ ਅਤੇ ‘ਰੱਨਰਜ਼’ ਲਈ ਇਹ ਮੈਰਾਥਨ ਦੌੜ ਸਵੇਰੇ 9.00 ਵਜੇ ਆਰੰਭ ਹੋਵੇਗੀ। ਉਹ ਸਾਰੇ ‘ਮਿਡਲਫ਼ੀਲਡ ਰੋਡ’ ਅਤੇ ‘ਫਿੰਚ ਐਵੀਨਿਊ’ ਦੇ ਨਾਲ-ਨਾਲ ਚੱਲਦਿਆਂ ਹੋਇਆਂ ਰੈਕਸਡੇਲ ਗੁਰੂਘਰ ਨੇੜਲੀ ‘ਕੈਰੀਅਰ ਰੋਡ’ ਤੋਂ ਦੁਪਹਿਰੇ 12.00 ਵਜੇ 12 ਕਿਲੋਮੀਟਰ ਚੱਲਣ ਵਾਲੇ ਦੌੜਾਕਾਂ ਤੇ ਵਾੱਕਰਾਂ ਨਾਲ ਸ਼ਾਮਲ ਹੋ ਜਾਣਗੇ। ਇੱਥੋਂ ਉਹ ਪਹਿਲਾਂ ‘ਵੈੱਸਟਰਨ ਡਰਾਈਵ’ ਤੇ ਫਿਰ ‘ਫਿੰਚ ਐਵੀਨਿਊ’ ਤੋਂ ‘ਹੰਬਰਲਾਈਨ ਡਰਾਈਵ’ ਤੇ ‘ਹੰਬਰਵੁੱਡ ਬੁਲੇਵਾਰਡ’ ਹੁੰਦੇ ਹੋਏ ਮਿਸੀਸਾਗਾ ਵਿੱਚ ਦਾਖ਼ਲ ਹੋਣਗੇ ਅਤੇ ਉੱਥੋਂ ‘ਮੌਰਨਿੰਗ ਸਟਾਰ’ ਲੈ ਕੇ ਮਾਲਟਨ ਗੁਰੂਘਰ ਤੋਂ 5 ਕਿਲੋਮੀਟਰ ਦੌੜਨ ਵਾਲਿਆਂ ਨਾਲ ਸ਼ਾਮਲ ਹੋ ਕੇ ‘ਏਅਰਪੋਰਟ ਰੋਡ’ ਤੇ ‘ਡੈਰੀ ਰੋਡ’ ‘ਤੇ ਚੱਲਦੇ ਹੋਏ ਡਿਕਸੀ ਗੁਰੂਘਰ ਦੇ ਸਾਹਮਣੇ ਬਣਾਏ ਗਏ ‘ਫ਼ਿਨਿਸ਼ ਪੁਆਇੰਟ’ ਉਤੇ ਪਹੁੰਚਣਗੇ।
ਇੱਥੇ ਇਹ ਵਰਨਣਯੋਗ ਹੈ ਕਿ ‘ਹਾਫ਼-ਮੈਰਾਥਨ’ (21 ਕਿਲੋਮੀਟਰ) ਦੌੜ ਵਿੱਚ ਦੌੜਾਕਾਂ ਦੀ ਰਜਿਸਟ੍ਰੇਸ਼ਨ ਘੱਟ ਹੋਈ ਹੋਣ ਕਾਰਨ ਪ੍ਰਬੰਧਕਾਂ ਵੱਲੋਂ ਇਹ ਦੌੜ ਕੈਂਸਲ ਕਰ ਦਿੱਤੀ ਗਈ ਹੈ ਹਾਫ਼ ਮੈਰਾਥਨ ਲਈ ਰਜਿਸਟਰ ਹੋਏ ਦੌੜਾਕਾਂ ਤੇ ਵੱਕਰਾਂ ਨੂੰ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਤੋਂ 12.00 ਵਜੇ ਆਰੰਭ ਹੋਣ ਵਾਲੀ 12 ਕਿਲੋਮੀਟਰ ਦੌੜ ਵਿੱਚ ਸ਼ਾਮਲ ਕਰ ਲਿਆ ਗਿਆ ਹੈ।
ਅਲਬੱਤਾ! ਪੰਜ ਕਿਲੋਮੀਟਰ ਦੌੜ ਓਸੇ ਤਰ੍ਹਾਂ ਪਹਿਲਾਂ ਤੈਅ-ਸ਼ੁਦਾ ਪ੍ਰੋਗਰਾਮ ਅਨੁਸਾਰ ਮਾਲਟਨ ਗੁਰਦੁਆਰਾ ਸਾਹਿਬ ਤੋਂ ਬਾਅਦ ਦੁਪਹਿਰ 1.00 ਵਜੇ ਸ਼ੁਰੂ ਹੋਵੇਗੀ। ਇਸ ਦੌੜ ਵੱਚ ਸ਼ਾਮਲ ਹੋਣ ਲਈ ਦੌੜਾਕਾਂ ਤੇ ਵਾੱਕਰਾਂ ਨੂੰ ਘੱਟੋ-ਘੱਟ ਅੱਧਾ ਘੰਟਾ ਪਹਿਲਾਂ 12.30 ਵਜੇ ਤੱਕ ਮਾਲਟਨ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲੇ ਪਾਰਕ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ ਤਾਂ ਜੋ ਉਹ ਠੀਕ 1.00 ਵਜੇ ਇੱਥੋਂ ਆਰੰਭ ਹੋਣ ਵਾਲੀ 5.00 ਕਿਲੋਮੀਟਰ ਦੌੜ ਵਿੱਚ ਸਮੇਂ-ਸਿਰ ਸ਼ਾਮਲ ਹੋ ਸਕਣ ਅਤੇ 2.00 ਵਜੇ ਦੇ ਲੱਗਭੱਗ ਡਿਕਸੀ ਗੁਰੂਘਰ ਦੇ ਸਾਹਮਣੇ ‘ਫ਼ਿਨਿਸ਼-ਪੁਆਇੰਟ’ ‘ਤੇ ਪਹੁੰਚ ਸਕਣ। ਇਹ ਸਾਰਾ ਕੁਝ ਦੱਸਣ ਤੋਂ ਭਾਵ ਹੈ ਕਿ ਸਾਰੀਆਂ ਦੌੜਾਂ ਦਾ ‘ਫਿਨਿਸ਼-ਪੁਆਇੰਟ’ ਡਿਕਸੀ ਗੁਰੂਘਰ ਦੇ ਸਾਹਮਣੇ ਹੀ ਹੈ ਅਤੇ ਦੌੜਾਕ ਤੇ ਵਾੱਕਰ ਬਾਅਦ ਦੁਪਹਿਰ 1.00 ਵਜੇ ਤੋਂ 2.00 ਵਜੇ ਦੇ ਵਿਚਕਾਰ ਜਾਂ ਇਸ ਤੋਂ ਬਾਅਦ ਇੱਥੇ ਪਹੁੰਚ ਸਕਣਗੇ।
ਤੁਸੀਂ ਇਸ ਮੈਰਾਥਨ ਦੌੜ ਵਿੱਚ ਇਕੱਲੇ ਜਾਂ ਚਾਰ ਦੌੜਾਕਾਂ ਦੇ ਗਰੁੱਪ ਦੇ ਤੌਰ ‘ਤੇ ਵੀ ਭਾਗ ਲੈ ਸਕਦੇ ਹੋ। ਪਰਿਵਾਰ ਦੇ ਮੈਂਬਰ ਵੀ ਮਿਲ ਕੇ ਆਪਣਾ ਇਹ ਗਰੁੱਪ ਬਣਾ ਸਕਦੇ ਹਨ। ਇਹ 42.2 ਕਿਲੋਮੀਟਰ ਮੈਰਾਥਨ ਦੌੜ 12 ਅਕਤੂਬਰ ਤੋਂ ਪਹਿਲਾਂ ਵੀ ਸ਼ੁਰੂ ਕੀਤੀ ਸਕਦੀ ਹੈ।
ਇਸ ਲੰਮੀ ਦੌੜ ਦੇ ਦੌੜਾਕ ਇੱਕ ਸ਼ੀਟ ਉੱਪਰ ਉਨ੍ਹਾਂ ਦੇ ਵੱਲੋਂ 6 ਦਿਨ ਪਹਿਲਾਂ ਰੋਜ਼ਾਨਾ ਕੀਤੀ ਜਾਣ ਵਾਲੀ ਦੌੜ ਦਾ ਵੇਰਵਾ ਦਰਜ ਕਰ ਸਕਦੇ ਹਨ ਕਿ ਹਰੇਕ ਦਿਨ ਕਿੰਨੇ ਕਿਲੋਮੀਟਰ ਦੌੜੇ ਅਤੇ ਅਖ਼ੀਰਲੇ 5 ਕਿਲੋਮੀਟਰ ਉਹ 12 ਅਕਤੂਬਰ ਵਾਲੇ ਦਿਨ ਹੋਰ ਦੌੜਾਕਾਂ ਦੇ ਨਾਲ ਮਾਲਟਨ ਗੁਰੂਘਰ ਤੋਂ ਡਿਕਸੀ ਗੁਰੂਘਰ ਤੱਕ ਦੌੜ ਕੇ ਪੂਰੀ ਕਰ ਸਕਦੇ ਹਨ। ਇਸ ਤਰ੍ਹਾਂ ਇਹ ਮੈਰਾਥਨ ਦੌੜ ਬਾਬਾ ਫ਼ੌਜਾ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਇਸਦੇ ਬਾਰੇ ਹੋਰ ਵਧੇਰੇ ਜਾਣਕਾਰੀ www.ggscf.com ‘ਤੇ ਜਾ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ।





