ਬਰੈਂਪਟਨ/ਡਾ. ਝੰਡ : ਦਿਆਲਤਾ ਅਤੇ ਕਮਿਊਨਿਟੀ ਸੇਵਾ ਦੀ ਭਾਵਨਾ ਦੇ ਮੱਦੇਨਜ਼ਰ ‘ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ’ ਵੱਲੋਂ ਪਿਛਲੇ ਦਿਨੀਂ ਸਥਾਨਕ ‘ਪਾਲ ਪਲੈਸ਼ੀ ਕਮਿਊਨਿਟੀ ਸੈਂਟਰ’ ਵਿੱਚ ‘ਗੋਲਡਨ ਹੈਂਡਜ਼ – ਨਿੱਟਿੰਗ ਹੋਪ’ ਦੇ ਨਾਂ ਹੇਠ ਨਵਾਂ ਪ੍ਰਾਜੈੱਕਟ ਆਰੰਭ ਕੀਤਾ ਗਿਆ। ਇਸ ਪ੍ਰਾਜੈੱਕਟ ਵਿੱਚ ਕਲੱਬ ਦੇ ਮੈਂਬਰਾਂ ਵੱਲੋਂ ਕੈਂਸਰ ਦੇ ਰੋਗੀਆਂ ਅਤੇ ਸੀਨੀਅਰਾਂ ਦੇ ਲਈ ਟੋਪੀਆਂ ਬੁਣੀਆਂ ਜਾਣਗੀਆਂ, ਜਿਨ੍ਹਾਂ ਨਾਲ ਉਹਨਾਂ ਨੂੰ ਠੰਢ ਤੋਂ ਆਪਣਾ ਬਚਾਅ ਕਰਨ ਵਿੱਚ ਸਹਾਇਤਾ ਹੋਵੇਗੀ।
ਟੋਪੀਆਂ ਬੁਣਨ ਦੇ ਇਸ ਈਵੈਂਟ ਵਿੱਚ ਕਲੱਬ ਦੇ ਲੱਗਭੱਗ 50 ਮੈਂਬਰਾਂ ਵੱਲੋਂ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਗਈ ਅਤੇ ਉਹਨਾਂ ਵੱਲੋਂ ਇਸ ਸਾਰਥਿਕ ਕਾਰਜ ਲਈ ਸਮਾਂ ਦੇਣ ਅਤੇ ਕੰਮ ਕਰਨ ਦੀ ਵਚਨਬੱਧਤਾ ਦੁਹਰਾਈ ਗਈ। ਕਲੱਬ ਮੈਂਬਰਾਂ ਦੇ ਇਸ ਉਪਰਾਲੇ ਨਾਲ ਲੋੜਵੰਦ ਰੋਗੀਆਂ ਅਤੇ ਸੀਨੀਅਰਾਂ ਲਈ ਜਿੱਥੇ ਇਹ ਗਰਮ ਟੋਪੀਆਂ ਉਨ੍ਹਾਂ ਨੂੰ ਠੰਢ ਤੋਂ ਬਚਾਉਣ ਦਾ ਸਾਧਨ ਬਣਨਗੀਆਂ, ਉੱਥੇ ਕਲੱਬ ਦੇ ਮੈਂਬਰਾਂ ਅੰਦਰ ਕਮਿਊਨਿਟੀ ਲਈ ਸੇਵਾ ਅਤੇ ਦਇਆ ਭਾਵਨਾ ਦਾ ਸੰਚਾਰ ਹੋਵੇਗਾ।
ਇਸ ਪ੍ਰਾਜੈੱਕਟ ਦੀ ਸ਼ੁਰੂਆਤ ਕਰਦਿਆਂ ਕਲੱਬ ਦੇ ਚੇਅਰਪਰਸਨ ਗਿਆਨ ਪਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਲੱਬ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਦਰਸਾਉਂਦਾ ਹੈ ਕਿ ਸਦਭਾਵਨਾ ਨਾਲ ਕੀਤਾ ਗਿਆ ਛੋਟਾ ਜਿਹਾ ਕਾਰਜ ਵੀ ਕਮਿਊਨਿਟੀ ਵਿੱਚ ਵਿਚਰਦਿਆਂ ਲੋਕਾਂ ਉੱਪਰ ਵੱਡਾ ਪ੍ਰਭਾਵ ਪਾਉਂਦਾ ਹੈ।
ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਕਲੱਬ ਦੇ ਮੈਂਬਰਾਂ ਵੱਲੋਂ ਬੁਣੀਆਂ ਗਈਆਂ ਟੋਪੀਆਂ ‘ਕ੍ਰੈਡਿਟ ਵੈਲੀ ਹਸਪਾਅਲ’ ਤੇ ‘ਵਿਲੀਅਮ ਔਸਲਰ ਹੈੱਲਥ ਸਿਸਟਮ’ ਵਿੱਚ ਕੈਂਸਰ ਦੇ ਮਰੀਜ਼ਾਂ ਨੂੰ ਭੇਟ ਕੀਤੀਆਂ ਗਈਆਂ ਸਨ ਅਤੇ ਰੋਗੀਆਂ ਤੇ ਹੈੱਲਥ ਸਟਾਫ਼ ਵੱਲੋਂ ਕਲੱਬ ਦੇ ਇਸ ਉਪਰਾਲੇ ਦੀ ਭਾਰੀ ਸਰਾਹਨਾ ਕੀਤੀ ਗਈ ਸੀ।
ਇਸ ‘ਗੋਲਡਨ ਹੈਂਡਜ਼ – ਨਿੱਟਿੰਗ ਹੋਪ’ ਪ੍ਰਾਜੈੱਕਟ ਰਾਹੀਂ ਸਾਡੇ ਮੈਂਬਰ ਇੱਕ ਵਾਰ ਫਿਰ ਕਮਿਊਨਿਟੀ ਨੂੰ ਆਪਣੇ ਵੱਲੋਂ ‘ਤਿਲ-ਫੁਲ’ ਵਾਪਸ ਕਰਨ ਜਾ ਰਹੇ ਹਨ।
ਕਲੱਬ ਦੇ ਇਸ ਪ੍ਰਾਜੈੱਕਟ ਦੀ ਅਗਵਾਈ ਕਮਲ ਬਬਰਾ ਵੱਲੋਂ ਕੀਤੀ ਜਾ ਰਹੀ ਹੈ ਜੋ ਇਸ ਦੀਆਂ ਨਿੱਟਿੰਗ ਟੀਮਾਂ ਨਾਲ ਤਾਲਮੇਲ ਰੱਖਣਗੇ। ਇਸ ਮੌਕੇ ਬੋਲਦਿਆਂ ਕਮਲ ਬਬਰਾ ਤੇ ਉਨ੍ਹਾਂ ਦੀ ਸਹਿਯੋਗੀ ਮੈਂਬਰ ਜਤਿੰਦਰ ਪਾਲ ਨੇ ਕਿਹਾ, ”ਅਸੀਂ ਇਸ ਕਾਰਜ ਨੂੰ ਕਲੱਬ ਦੇ ਮੈਂਬਰਾਂ ਦੀ ਸਹੂਲਤ ਅਨੁਸਾਰ ਇਸ ਢੰਗ ਨਾਲ ਵਿਉਂਤ ਰਹੇ ਹਾਂ ਜਿਸ ਨਾਲ ਹਰੇਕ ਮੈਂਬਰ ਇਸ ਵਿੱਚ ਆਪਣਾ ਯੋਗਦਾਨ ਪਾ ਸਕੇ। ਬੁਣਤੀ ਸਿੱਖਣ ਦੇ ਚਾਹਵਾਨ ਮੈਂਬਰਾਂ ਨੂੰ ਇਸ ਦੀ ਪਹਿਲਾਂ ਸਿਖਲਾਈ ਦਿੱਤੀ ਜਾਏਗੀ ਅਤੇ ਪਹਿਲਾਂ ਤੋਂ ਸਿੱਖਿਅਤ ਮੈਂਬਰ ਇਹ ਟੋਪੀਆਂ ਹੁਣ ਤੋਂ ਹੀ ਬਨਾਉਣੀਆਂ ਆਰੰਭ ਕਰ ਦੇਣਗੇ।”
ਉਨ੍ਹਾਂ ਨੇ ਕਿਹਾ ਕਿ ਸਾਡਾ ਨਿਸ਼ਾਨਾ ਵੱਧ ਤੋਂ ਵੱਧ ਟੋਪੀਆਂ ਤਿਆਰ ਕਰਨ ਦਾ ਹੈ। ਕਲੱਬ ਦੇ ਮੈਂਬਰਾਂ ਸੁਨੀਲ ਅਰੋੜਾ, ਸਨੇਹ ਸ਼ਵਾਨ ਤੇ ਕਈ ਹੋਰਨਾਂ ਵੱਲੋਂ ਵੀ ਕਲੱਬ ਦੇ ਇਸ ਪ੍ਰਾਜੈੱਕਟ ਦੀ ਭਾਰੀ ਸ਼ਲਾਘਾ ਕੀਤੀ ਗਈ। ਕਲੱਬ ਦੀ ਪ੍ਰਧਨ ਜਸਵਿੰਦਰ ਦੈਂਦ ਨੇ ਇਸ ਮੌਕੇ ਸਮੂਹ ਮੈਂਬਰਾਂ ਵੱਲੋਂ ਇਸ ਪ੍ਰਾਜੈੱਕਟ ਲਈ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ, ਮੈਂਬਰਾਂ ਵੱਲੋਂ ਪ੍ਰਾਜੈੱਕਟ ਲਈ ਮਿਲਿਆ ਭਰਪੂਰ ਹੁੰਗਾਰਾ ਸਾਡੀ ਏਕਤਾ ਅਤੇ ਸ਼ਕਤੀ ਦਾ ਪ੍ਰਤੀਕ ਹੈ।
ਸਾਡਾ ਇਹ ‘ਗੋਲਡਨ ਹੈਂਡਜ਼ – ਨਿੱਟਿੰਗ ਹੋਪ’ ਪ੍ਰਾਜੈੱਕਟ ਇੱਕ ਖ਼ੂਬਸੂਰਤ ਮਿਸਾਲ ਹੈ ਕਿ ਸਮਾਜ ਵਿੱਚ ਵਿਚਰਦਿਆਂ ਸਾਡੇ ਸੀਨੀਅਰਜ਼ ਲੋੜਵੰਦਾਂ ਦੀ ਸਹਾਇਤਾ ਕਰਕੇ ਕਮਿਊਨਿਟੀ ਸੇਵਾ ਵਿੱਚ ਕਿਵੇਂ ਆਪਣਾ ਯੋਗਦਾਨ ਪਾ ਸਕਦੇ ਹਨ। ਸਾਨੂੰ ਪੂਰਨ ਆਸ ਹੈ ਕਿ ਸਾਡੇ ਵੱਲੋਂ ਤਿਆਰ ਕੀਤੀਆਂ ਗਈਆਂ ਟੋਪੀਆਂ ਕੈਂਸਰ ਦੇ ਮਰੀਜ਼ਾਂ ਅਤੇ ਸੀਨੀਅਰਾਂ ਦੇ ਲਈ ਸਰਦੀਆਂ ਦੇ ਮੌਸਮ ਵਿੱਚ ਨਿੱਘ ਪੈਦਾ ਕਰਨ ਵਿੱਚ ਸਹਾਈ ਹੋਣਗੀਆਂ।





