ਟੋਰਾਂਟੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਮਹਾਂਮਾਰੀ ਸਬੰਧੀ ਪਾਬੰਦੀਆਂ ਵਿੱਚ ਢਿੱਲ ਦਿੱਤੇ ਜਾਣ ਤੋਂ ਬਾਅਦ ਕੌਮਾਂਤਰੀ ਵਿਜ਼ੀਟਰਜ਼ ਲਈ ਵੀ ਸ਼ਰਤਾਂ ਨਰਮ ਕਰਨ ਬਾਰੇ ਫੈਡਰਲ ਸਰਕਾਰ ਵਿਚਾਰ ਕਰ ਰਹੀ ਹੈ। ਇਹ ਸੱਭ ਪੜਾਅਵਾਰ ਕੀਤਾ ਜਾਵੇਗਾ ਤੇ ਗਲੋਬਲ ਪੱਧਰ ਉੱਤੇ ਕੋਵਿਡ-19 ਮਾਮਲਿਆਂ ਦਾ ਧਿਆਨ ਰੱਖ ਕੇ ਹੀ ਫੈਸਲੇ ਲਏ ਜਾਣਗੇ।
ਫੈਡਰਲ ਸਰਕਾਰ ਨੇ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਗੈਰ ਜ਼ਰੂਰੀ ਟਰੈਵਲਰਜ਼ ਦੇ ਕੈਨੇਡਾ ਆਉਣ ਉੱਤੇ ਰੋਕ ਲਾਈ ਹੋਈ ਹੈ। ਕੋਵਿਡ-19 ਦੇ ਕਈ ਵੇਰੀਐਂਟਸ ਕਾਰਨ ਸਰਕਾਰ ਨੇ ਭਾਰਤ ਤੇ ਯੂ ਕੇ ਤੋਂ ਸਿੱਧੀਆਂ ਉਡਾਨਾਂ ਵੀ ਬੰਦ ਕੀਤੀਆਂ ਹੋਈਆਂ ਹਨ। ਟਰੂਡੋ ਨੇ ਆਖਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਇੱਕ ਵਾਰੀ ਪਾਬੰਦੀਆਂ ਵਿੱਚ ਢਿੱਲ ਦਿੱਤੇ ਜਾਣ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਤੋਂ ਟਰੈਵਲਰਜ਼ ਕੈਨੇਡਾ ਵਿਜ਼ਿਟ ਕਰਨਾ ਚਾਹੁਣਗੇ। ਅਜਿਹਾ ਇਸ ਲਈ ਵੀ ਹੋਵੇਗਾ ਕਿਉਂਕਿ ਇੱਥੇ ਵੈਕਸੀਨੇਸ਼ਨ ਦੀ ਦਰ ਹੋਰਨਾਂ ਦੇਸ਼ਾਂ ਤੋਂ ਵਧੀਆ ਹੈ ਤੇ ਕੋਵਿਡ-19 ਦੇ ਮਾਮਲੇ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਘੱਟ ਹਨ। ਕੈਨੇਡਾ ਆਉਣ ਵਾਲੇ ਸ਼ਖਸ ਦਾ ਪੂਰੀ ਤਰ੍ਹਾਂ ਵੈਕਸੀਨੇਟ ਹੋਣਾ ਜ਼ਰੂਰੀ ਹੋਵੇਗਾ। ਟਰੂਡੋ ਨੇ ਆਖਿਆ ਕਿ ਦੇਸ਼ ਇੱਕ ਹੋਰ ਕੋਵਿਡ-19 ਵੇਵ ਦਾ ਸਾਹਮਣਾ ਕਰਨ ਦਾ ਖਤਰਾ ਮੁੱਲ ਨਹੀਂ ਲੈ ਸਕਦਾ। ਉਨ੍ਹਾਂ ਆਖਿਆ ਕਿ ਚੌਥੀ ਵੇਵ ਕਾਰੋਬਾਰਾਂ ਦੇ ਨਾਲ-ਨਾਲ ਦੇਸ਼ ਦੇ ਹੌਸਲੇ ਲਈ ਵੀ ਤਬਾਹਕੁੰਨ ਹੋਵੇਗੀ।