5.1 C
Toronto
Friday, October 17, 2025
spot_img
Homeਕੈਨੇਡਾਰਾਇਲ ਲਿੰਕਸ ਸਰਕਲ ਵਾਸੀਆਂ ਨੇ ਬੜੇ ਉਤਸ਼ਾਹ ਨਾਲ ਮਨਾਇਆ ਆਪਣਾ ਸਲਾਨਾ ਪੰਜਾਬੀ...

ਰਾਇਲ ਲਿੰਕਸ ਸਰਕਲ ਵਾਸੀਆਂ ਨੇ ਬੜੇ ਉਤਸ਼ਾਹ ਨਾਲ ਮਨਾਇਆ ਆਪਣਾ ਸਲਾਨਾ ਪੰਜਾਬੀ ਸੱਭਿਆਚਾਰਕ ਸਮਾਗਮ

ਬਰੈਂਪਟਨ/ਡਾ. ਝੰਡ : ਬਰੈਂਪਟਨ ਸ਼ਹਿਰ ਦੇ ‘ਰਾਇਲ ਲਿੰਕਸ ਸਰਕਲ’ ਵਿਚ ਪੰਜਾਬੀ ਤੇ ਕੁਝ ਗੈਰ ਪੰਜਾਬੀ 60 ਦੇ ਕਰੀਬ ਘਰਾਂ ਦੀ ਵਸੋਂ ਹੈ ਜਿਸ ਵਿਚ ਹਰ ਸਾਲ ਵਾਂਗ ਇਸ ਵਾਰ 27 ਜੁਲਾਈ ਨੂੰ 10ਵਾਂ ਸਾਲਾਨਾ ਪੰਜਾਬੀ ਪਰਿਵਾਰਾਂ ਦਾ ਸੱਭਿਆਚਾਰਕ ਸਮਾਗਮ ਕੀਤਾ ਗਿਆ। ਇਸ ਸਮਾਗਮ ਦਾ ਉਦੇਸ਼ ਸਰਕਲ ਦੇ ਸਾਰੇ ਪਰਿਵਾਰਾਂ ਵਿਚ ਪਿਆਰ ਦੀਆਂ ਸਾਝਾਂ ਸਥਾਪਤ ਕਰਨ, ਹਰ ਪਰਿਵਾਰ ਦੇ ਦੁੱਖ-ਸੁੱਖ ਵਿਚ ਸ਼ਾਮਲ ਹੋਣ ਅਤੇ ਮੇਲ-ਜੋਲ ਦੀ ਭਾਵਨਾ ਬਣਾਈ ਰੱਖਣ ਦਾ ਨਿਸ਼ਾਨਾ ਹੁੰਦਾ ਹੈ। ਹਰ ਸਾਲ ਵਾਂਗ ਇਸ ਵਾਰ ਵੀ ਇੱਕ ਸੜਕ ‘ਤੇ ਟੈਂਟ ਲਾਏ ਗਏ ਅਤੇ ਕੁਰਸੀਆਂ-ਮੇਜ਼ ਸਜਾਏ ਗਏ। ਸਾਰੇ ਪਰਿਵਾਰਾਂ ਦੇ ਮਾਈ-ਭਾਈ ਸੁੰਦਰ ਪੁਸ਼ਾਕਾਂ ਵਿਚ, ਹੁੰਮ-ਹੁੰਮਾ ਕੇ ਪਹੁੰਚੇ। ਬਾਰ-ਬੀਕਿਊ ਅਤੇ ਖਾਣ ਪੀਣ ਦੇ ਬਹੁ-ਭਾਂਤੇ ਬੇਅੰਤ ਸੁਆਦਲੇ ਪਦਾਰਥਾਂ ਦਾ ਅਤੁੱਟ ਲੰਗਰ ਤਿਆਰ ਕੀਤਾ ਗਿਆ ਤੇ ਛਕਾਇਆ ਗਿਆ। ਮਨੋਰੰਜਨ ਲਈ ਸਪੀਕਰ ‘ਤੇ ਸੱਭਿਆਚਾਰਕ ਗਾਣੇ ਵੱਜਦੇ ਰਹੇ। ਪੰਜਾਬੀ ਦੇ ਪ੍ਰਸਿੱਧ ਗਾਇਕ ਉਪਕਾਰ ਸਿੰਘ ਨੇ ਆਪਣੀ ਮਿੱਠੀ, ਪਿਆਰੀ ਤੇ ਸੋਧੀ ਹੋਈ ਅਵਾਜ਼ ਦੁਆਰਾ ਗੀਤ ਤੇ ਗਜ਼ਲਾਂ ਸੁਣਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ। ਸੰਨੀ ਤੇ ਗੁਰਬਿੰਦਰ ਸਿੰਘ ਨੇ ਹਾਸਰਸ ਆਈਟਮਾਂ ਨਾਲ ਖੂਬ ਰੰਗ ਬੰਨ੍ਹਿਆਂ। ਨਿੱਕੇ-ਨਿੱਕੇ ਬੱਚਿਆਂ ਨਾਨਕ ਸਿੰਘ ਤੇ ਏਕਮ ਸਿੰਘ ਨੇ ਗੀਤ ਸੁਣਾਏ। ਪ੍ਰੋੜ-ਲੇਖਕ ਪੂਰਨ ਸਿੰਘ ਪਾਂਧੀ ਵੱਲੋਂ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਪੰਜਾਬ ਦੇ ਪ੍ਰਸਿੱਧ ਲੀਡਰ, ਸਾਬਕਾ ਸਰਪੰਚ ਅਤੇ ਜ਼ਿਲੇ ਦੇ ਮਹਿਬੂਬ ਚੇਅਰਮੈਨ ਹਰਨੇਕ ਸਿੰਘ ਔਜਲਾ ਨੇ ਸਟੇਜ-ਸੈਕਟਰੀ ਦੀ ਅਹਿਮ ਜ਼ਿੰਮੇਵਾਰੀ ਪੂਰੀ ਲਿਆਕਤ ਨਾਲ਼ ਨਿਭਾਈ। ਸਮਾਗਮ ਦੇ ਸੁਘੜ ਸੁਜਾਨ ਮੁੱਖ-ਸੇਵਾਦਾਰ ਧਰਮਪਾਲ ਸਿੰਘ ਸੰਧੂ ਦੀ ਸੁਚੱਜੀ ਅਗਵਾਈ ਵਿਚ ਜਿਨ੍ਹਾਂ ਹਸਤੀਆਂ ਨੇ ਸਮਾਗਮ ਨੂੰ ਸੁਆਦਲਾ ਤੇ ਰੋਚਕ ਬਨਾਉਣ ਲਈ ਤਨ ਮਨ ਤੇ ਧਨ ਦੁਆਰਾ ਪੂਰੀ ਲਗਨ ਤੇ ਮਿਹਨਤ ਨਾਲ ਆਪਣੇ ਹੱਥੀਂ ਸੇਵਾ ਕੀਤੀ, ਉਹ ਹਨ: ਹਰਿੰਦਰ ਸਿੰਘ, ਨਵਤੇਜ ਸਿੰਘ, ਕੁਲਦੀਪ ਸਿੰਘ ਬਰਾੜ, ਬਲਵਿੰਦਰ ਸਿੰਘ ਹੇਅਰ, ਜਸਵਿੰਦਰ ਸਿੰਘ ਬੋਪਾਰਾਏ, ਸੋਹਨ ਸਿੰਘ ਢੀਂਡਸਾ, ਬਲਵਿੰਦਰ ਸਿੰਘ ਸਹੋਤਾ ਤੇ ਕਈ ਹੋਰ ਜਿਨ੍ਹਾਂ ਨੇ ਇਸ ਮਹਾਨ ਯੱਗ ਦੀ ਸੇਵਾ ਵਿਚ ਯੋਗ ਦਾਨ ਪਾਇਆ। ਸਵੇਰੇ ਦਸ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਸਮਾਗਮ ਵਿੱਚ ਰੰਗੀਲਾ ਤੇ ਮਹਿਕਦਾ ਮਾਹੌਲ ਬਣਿਆਂ ਰਿਹਾ।
ਇਸ ਸਲਾਨਾ ਸਮਾਗਮ ਦੀ ਸੱਭ ਤੋਂ ਵਿਸ਼ੇਸ਼ ਗੱਲ ਇਹ ਹੁੰਦੀ ਹੈ: 1. ਸਮਾਗਮ ਦੇ ਖ਼ਰਚ ਲਈ ਕਦੇ ਕੋਈ ਉਗਰਾਹੀ ਨਹੀਂ ਕੀਤੀ ਜਾਂਦੀ ਅਤੇ ਦਾਨੀ ਪਰਿਵਾਰ ਆਪਣੇ ਆਪ ਮਾਇਆ ਅਰਪਣ ਕਰਦੇ ਹਨ।
2. ਸਮਾਗ਼ਮ ਵਿੱਚ ‘ਪੁੰਗਰਦੀ ਪਨੀਰੀ’ (ਬੱਚਿਆਂ) ਨੂੰ ਪੰਜਾਬੀ ਸੱਭਿਆਚਾਰ ਨਾਲ਼ ਜੁੜੇ ਰਹਿਣ ਲਈ ਕਿਸੇ ਵੀ ਪੰਜਾਬੀ ਰਚਨਾ ਦੀ ਪੇਸ਼ਕਾਰੀ ਲਈ ਉਤਸ਼ਾਹਤ ਕੀਤਾ ਜਾਂਦਾ ਅਤੇ ਇਨਾਮ ਦਿੱਤੇ ਜਾਂਦੇ ਹਨ।
3. ਸਮਾਗਮ ਦੇ ਅੰਤ ‘ਤੇ ਬੀਬੀਆਂ ਗਿੱਧਾਂ ਪਾਉਂਦੀਆਂ ਅਤੇ ਤੀਆਂ ਵਰਗਾ ਰੰਗ ਬੰਨ੍ਹਦੀਆਂ ਹਨ।
4. ਸਮਾਗਮ ਦੌਰਾਨ ਹਰ ਪ੍ਰਕਾਰ ਦੇ ਨਸ਼ੇ-ਪੱਤੇ ਦੀ ਵਰਤੋਂ ਕਰਨ ‘ਤੇ ਮੁਕੰਮਲ ਪਾਬੰਦੀ ਹੁੰਦੀ ਹੈ।

RELATED ARTICLES

ਗ਼ਜ਼ਲ

POPULAR POSTS