ਉਨਟਾਰੀਓ/ਹਰਜੀਤ ਬੇਦੀ
ਨੌਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਜਲ੍ਹਿਆਂਵਾਲਾ ਬਾਗ ਕਾਂਡ ਜੋ ਕਿ ਭਾਰਤ ਦੇ ਲੋਕਾਂ ਦੀ ਅੰਗਰੇਜ਼ੀ ਹਕੂਮਤ ਵਿਰੁੱਧ ਆਪਣੀ ਅਜ਼ਾਦੀ ਦੀ ਲੜਾਈ ਦਾ ਮੀਲ ਪੱਥਰ ਹੈ ਦਾ ਸ਼ਤਾਬਦੀ ਸਮਾਰੋਹ 21 ਅਪਰੈਲ 2019 ਦਿਨ ਐਤਵਾਰ ਨੂੰ ਹੈਮਿਲਟਨ ਕਨਵੈਨਸ਼ਨ ਸੈਂਟਰ ਵਿੱਚ ਮਨਾਇਆ ਗਿਆ। ਜਲ੍ਹਿਆਂਵਾਲਾ ਬਾਗ ਦਾ ਇਹ ਖੂਨੀ ਕਾਂਡ ਨਿਹੱਥੇ ਲੋਕਾਂ ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਭੁੰਨਣਾ ਸਾਮਰਾਜੀ ਜ਼ਬਰ ਅਤੇ ਜੰਗਲੀਪੁਣੇ ਦੀ ਭਿਆਨਕ ਉਦਾਹਰਣ ਹੈ।
ਨਾਟਕਾਂ ਅਤੇ ਕੋਰੀਓਗ੍ਰਾਫੀਆਂ ਰਾਹੀਂ ਉਸ ਘਟਨਾ ਨੂੰ ਉਜਾਗਰ ਕਰਦਿਆਂ ਅਜੋਕੇ ਸਮੇਂ ਵਿੱਚ ਵੀ ਹੱਕ-ਸੱਚ ਅਤੇ ਬਰਾਬਰੀ ਦੇ ਸਮਾਜ ਦੀ ਮੰਗ ਕਰਦੇ ਲੋਕਾਂ ਤੇ ਹੋ ਰਹੇ ਤਸ਼ੱਦਦ ਨੂੰ ਰੂਪਮਾਨ ਕੀਤਾ ਗਿਆ। ਤਰਕਸ਼ੀਲ ਸੁਸਾਇਟੀ ਦੇ 2005 ਵਿੱਚ ਹੋਂਦ ਵਿੱਚ ਆਉਣ ਤੋਂ ਬਾਅਦ ਜੀ ਟੀ ਏ ਤੋਂ ਬਾਹਰ ਸੁਸਾਇਟੀ ਦਾ ਇਹ ਪਹਿਲਾ ਪ੍ਰੋਗਰਾਮ ਸੀ। ਜੋ ਵਾਲੰਟੀਅਰਾਂ ਦੇ ਉੱਦਮ ਸਦਕਾ ਬੇਹੱਦ ਕਾਮਯਾਬ ਰਿਹਾ। ਹੈਮਿਲਟਨ ਤੋਂ ਬਿਨਾਂ ਸਟੋਨੀ ਕਰੀਕ , ਓਕਵਿੱਲ, ਬਰਲਿੰਗਟਨ ਤੇ ਹੋਰ ਛੋਟੇ ਕਸਬਿਆਂ ਦੇ ਲੋਕ ਪਰਿਵਾਰਾਂ ਸਮੇਤ ਹਾਜ਼ਰ ਹੋਏ।
ਪ੍ਰਬੰਧਕੀ ਟੀਮ ਵਿੱਚ ਸ਼ਾਮਲ ਕਮਲ ਸਰਾਂ ਨੇ ਨਾਟਕ ਟੀਮ ਅਤੇ ਆਏ ਹੋਏ ਲੋਕਾਂ ਦਾ ਧੰਨਵਾਦ ਕਰਨ ਤੋਂ ਬਾਅਦ ਬਲਦੇਵ ਰਹਿਪਾ ਨੂੰ ਸਟੇਜ ਦੀ ਜ਼ਿੰਮੇਵਾਰੀ ਸੰਭਾਲ ਦਿੱਤੀ। ਜਿਸ ਨੇ ਹੈਮਿਲਟਨ ਦੀ ਪ੍ਰਬੰਧਕੀ ਟੀਮ ਦੇ ਸੁਚੱਜੇ ਪ੍ਰਬੰਧ ਅਤੇ ਪ੍ਰੋਗਰਾਮ ਵਿੱਚ ਪਹੁੰਚੇ ਲੋਕਾਂ ਦਾ ਧੰਨਵਾਦ ਕਰਨ ਉਪਰੰਤ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ ਹੇਠ ਅਮੋਲਕ ਸਿੰਘ ਦਾ ਲਿਖਿਆ ਨਾਟਕ ”ਜਲ੍ਹਿਆਂਵਾਲਾ ਬਾਗ ਦੀ ਵੰਗਾਰ” ਪੇਸ਼ ਕੀਤਾ। ਉਸ ਸਮੇਂ ਲੋਕਾਂ ਨੂੰ ਦਬਾਉਣ ਲਈ ਰੌਲਟ ਐਕਟ ਦੇ ਵਿਰੋਧ ਵਿੱਚ ਲੋਕਾਂ ਦੇ ਨਾਬਰ ਹੋਣ ਤੋਂ ਲੈ ਕੇ ਅਜੋਕੇ ਸਮੇਂ ਵਿੱਚ ਲੋਕਾਂ ਦੇ ਹੱਕਾਂ ਨੂੰ ਕੁਚਲਣ ਲਈ ਬਣਾਏ ਜਾ ਰਹੇ ਕਾਲੇ ਕਾਨੂੰਨਾਂ ਦੀ ਬਾਤ ਪਾਉਂਦਾ ਇਹ ਨਾਟਕ ਅਤਿਅੰਤ ਪ੍ਰਭਾਵਸ਼ਾਲੀ ਰਿਹਾ ਅਤੇ ”ਲੋਕਾਂ ਨੂੰ ਕਾਲੇ ਕਾਨੂੰਨਾਂ ਰਾਹੀਂ ਦਬਾਇਆ ਨਹੀਂ ਜਾ ਸਕਦਾ” ਦਾ ਸੰਦੇਸ਼ ਦੇਣ ਵਿੱਚ ਕਾਮਯਾਬ ਰਿਹਾ।
ਇਸ ਉਪਰੰਤ ਤਰਕਸ਼ੀਲ ਆਗੂ ਬਲਵਿੰਦਰ ਬਰਨਾਲਾ ਨੇ ਤਰਕਸ਼ੀਲ ਅਤੇ ਵਿਗਿਆਨਕ ਸੋਚ ਅਪਣਾ ਕੇ ਸੋਹਣਾ ਸਮਾਜ ਸਿਰਜਣ ਲਈ ਆਪਣੇ ਵਿਚਾਰ ਪੇਸ਼ ਕੀਤੇ। ਇਸ ਉਪਰੰਤ ਦੂਜਾ ਨਾਟਕ ਦਰਸ਼ਨ ਮਿੱਤਵਾ ਦੁਆਰਾ ਲਿਖਤ ‘ਪ੍ਰੇਤ’ ਖੇਡਿਆ ਗਿਆ ਜੋ ਲੋਕਾਂ ਨੂੰ ਫੋਕੇ ਵਹਿਮਾਂ ਭਰਮਾਂ ਤੋਂ ਸੁਚੇਤ ਰਹਿ ਕੇ ਆਪਣਾ ਜੀਵਣ ਬਤੀਤ ਕਰਨ ਦੀ ਗੱਲ ਕਹਿ ਗਿਆ। ਕੋਰੀਓਗ੍ਰਾਫੀਆਂ ਪੇਸ਼ ਕਰਨ ਤੋਂ ਪਹਿਲਾਂ ਨਾਟਕਾਂ ਤੋਂ ਪ੍ਰਭਾਵਤ ਹੋ ਕੇ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ, ਨਾਟਕ ਨਿਰਦੇਸ਼ਕ ਹਰਵਿੰਦਰ ਦੀਵਾਨਾ ਅਤੇ ਸਮੂਹ ਕਲਾਕਾਰਾਂ ਦਾ ਇੰਨੇ ਵਧੀਆ ਨਾਟਕ ਪੇਸ਼ ਕਰਨ ਤੇ ਧੰਨਵਾਦ ਕਰਦੇ ਹੋਏ ਬੁੱਧ ਸਿੰਘ ਢਿੱਲੋਂ ਨੇ ਦਰਸ਼ਕਾਂ ਨੂੰ ਨਾਟਕ ਟੀਮ ਦੀ ਸਹਾਇਤਾ ਲਈ ਅਪੀਲ ਕੀਤੀ ਜਿਸ ਤੇ ਲੋਕਾਂ ਨੇ ਦਿਲ ਖੋਲ੍ਹ ਕੇ ਅਪੀਲ ਦਾ ਹੁੰਗਾਰਾ ਦਿੱਤਾ। ਕੋਰੀਓਗਰਾਫੀ ਬਾਅਦ ਪ੍ਰੋਗਰਾਮ ਦੇ ਖਤਮ ਹੋਣ ਤੇ ਦਰਸ਼ਕਾਂ ਨੇ ਖੜ੍ਹੇ ਹੋ ਕੇ ਨਾਟਕ ਟੀਮ ਦੇ ਕਲਾਕਾਰਾਂ ਨੂੰ ਦਾਦ ਦਿੱਤੀ। ਦਰਸ਼ਕਾਂ ਦੇ ਇਸ ਤਰ੍ਹਾਂ ਦੇ ਹੁੰਗਾਰੇ ਤੋਂ ਪ੍ਰੋਗਰਾਮ ਦੀ ਸਫਲਤਾ ਦੀ ਝਲਕ ਸਾਫ ਦਿਖਾਈ ਦੇ ਰਹੀ ਸੀ।
ਇਸ ਮੌਕੇ ਸੁਸਾਇਟੀ ਵਲੋਂ ਅਗਾਂਹ ਵਧੂ ਅਤੇ ਲੋਕ ਪੱਖੀ ਸਾਹਿਤ ਦੀਆਂ ਪੁਸਤਕਾਂ ਦੀ ਪਰਦਰਸ਼ਨੀ ਲਾਈ ਗਈ ਜਿਸ ਦਾ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਪ੍ਰੋਗਰਾਮ ਦੀ ਸਫਲਤਾ ਲਈ ਜਿੱਥੇ ਦਰਸ਼ਕਾਂ ਦਾ ਵੱਡਮੁੱਲਾ ਯੋਗਦਾਨ ਰਿਹਾ ਉੱਥੇ ਸ਼ਰਨਜੀਤ ਲਾਡੀ, ਗੁਰਬਚਨ ਧਾਲੀਵਾਲ, ਕਸ਼ਮੀਰ ਸਿੰਘ ਮਡਾਹਰ, ਦਰਸ਼ਨ ਸਿੰਘ ਧਾਲੀਵਾਲ ਅਤੇ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਹ ਪ੍ਰੋਗਰਾਮ ਦਰਸ਼ਕਾਂ ਦੇ ਚੇਤੇ ਵਿੱਚ ਲੰਬੇ ਸਮੇਂ ਤੱਕ ਰਹੇਗਾ।
Check Also
ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …