ਮਹਿਲਾਵਾਂ ਨੂੰ ਹਰ ਮਹੀਨੇ 1500 ਰੁਪਏ ਅਤੇ 500 ਰੁਪਏ ’ਚ ਗੈਸ ਸਿਲੰਡਰ ਦੇਣ ਦਾ ਕੀਤਾ ਵਾਅਦਾ
ਜਬਲਪੁਰ/ਬਿਊਰੋ ਨਿਊਜ਼ : ਕਰਨਾਟਕ ਵਿਚ ਜਿੱਤ ਤੋਂ ਬਾਅਦ ਕਾਂਗਰਸ ਪਾਰਟੀ ਹੁਣ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਵੀ ਬਿਗਲ ਵਜਾ ਦਿੱਤਾ ਹੈ। ਪਾਰਟੀ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਅੱਜ ਸੋਮਵਾਰ ਨੂੰ ਮੱਧ ਪ੍ਰਦੇਸ਼ ਦੇ ਜਬਲਪੁਰ ਵਿਖੇ ਪਹੁੰਚੀ ਜਿੱਥੇ ਉਨ੍ਹਾਂ 101 ਬ੍ਰਾਹਮਣਾਂ ਦੇ ਨਾਲ ਮਿਲ ਕੇ 20 ਮਿੰਟ ਤੱਕ ਨਰਮਦਾ ਦੀ ਪੂਜਾ-ਆਰਤੀ ਕੀਤੀ। ਇਸ ਤੋਂ ਬਾਅਦ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਪਿ੍ਰਅੰਕਾ ਗਾਂਧੀ ਨੇ ਕਿਹਾ ਕਿ ਤੁਹਾਡੇ ਨਾਲ ਪਿਛਲੇ 18 ਸਾਲ ਤੋਂ ਗਲਤ ਹੋ ਰਿਹਾ ਹੈ, ਤੁਹਾਡਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਪੈਸੇ ਦੇ ਜ਼ੋਰ ਨਾਲ ਸੂਬੇ ਦੀ ਜਨਤਾ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੀ ਵਾਰ ਤੁਸੀਂ ਮੱਧ ਪ੍ਰਦੇਸ਼ ’ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਸੀ ਪ੍ਰੰਤੂ ਜੋੜ-ਤੋੜ ਅਤੇ ਪੈਸੇ ਦੇ ਜ਼ੋਰ ਨਾਲ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਤੋੜ ਦਿੱਤਾ ਅਤੇ ਆਪਣੀ ਸਰਕਾਰ ਬਣਾ ਲਈ ਸੀ। ਪਿ੍ਰਅੰਕਾ ਗਾਂਧੀ ਨੇ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਨ੍ਹਾਂ ਨੇ 225 ਮਹੀਨਿਆਂ ਦੀ ਸਰਕਾਰ ਅੰਦਰ 220 ਘੋਟਾਲੇ ਕੀਤੇ ਹਨ ਅਤੇ ਲਗਭਗ ਹਰ ਮਹੀਨੇ ਇਕ ਨਵਾਂ ਘੋਟਾਲਾ ਹੋ ਰਿਹਾ ਹੈ। ਉਨ੍ਹਾਂ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਤੁਹਾਡੇ ਕੋਲ ਵੋਟ ਮੰਗਣ ਲਈ ਨਹੀਂ ਆਈ ਬਲਕਿ ਤੁਹਾਡੇ ਕੋਲੋਂ ਜਾਗਰੂਕਤਾ ਮੰਗਣ ਆਈ ਹਾਂ। ਇਸ ਮੌਕੇ ਉਨ੍ਹਾਂ ਦੀ ਸੂਬੇ ਦੀ ਜਨਤਾ ਨੂੰ ਕੁੱਝ ਗਰੰਟੀਆਂ ਵੀ ਦਿੱਤੀਆਂ ਜਿਨ੍ਹਾਂ ਨੂੰ ਉਨ੍ਹਾਂ 100 ਫੀਸਦੀ ਪੂਰਾ ਕਰਨ ਦਾ ਵਾਅਦਾ ਵੀ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਹਰ ਮਹਿਲਾ ਨੂੰ ਹਰ ਮਹੀਨੇ 1500 ਰੁਪਏ ਦੇਵਾਂਗੇ। ਗੈਸ ਸਿਲੰਡਰ ਤੁਹਾਨੂੰ 500 ਰੁਪਏ ’ਚ ਮਿਲੇਗਾ ਅਤੇ 100 ਯੂਨਿਟ ਮੁਫ਼ਤ ਬਿਜਲੀ ਵੀ ਮਿਲੇਗੀ।