Breaking News
Home / ਭਾਰਤ / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸਰੋ ਦੇ ਪੁਲਾੜ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸਰੋ ਦੇ ਪੁਲਾੜ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦਾ ਉਦਘਾਟਨ

‘ਗਗਨਯਾਨ’ ਮਿਸ਼ਨ ਤਹਿਤ ਸਪੇਸ ਵਿਚ ਜਾਣ ਵਾਲੇ ਚਾਰ ਪੁਲਾੜ ਯਾਤਰੀਆਂ ਦੇ ਨਾਮ ਦੱਸੇ; ‘ਪੁਲਾੜ ਵਿੰਗਜ਼’ ਨਾਲ ਕੀਤਾ ਸਨਮਾਨ
ਮਹਿਲਾਵਾਂ ਵੱਲੋਂ ਪੁਲਾੜ ਪ੍ਰੋਗਰਾਮ ਵਿਚ ਨਿਭਾਈ ‘ਭੂਮਿਕਾ’ ਨੂੰ ਅਹਿਮ ਦੱਸਿਆ
ਤਿਰੂਵਨੰਤਪੁਰਮ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਕਰਮ ਸਾਰਾਭਾਈ ਸਪੇਸ ਸੈਂਟਰ (ਵੀਐੱਸਐੱਸਸੀ) ਦੀ ਆਪਣੀ ਫੇਰੀ ਦੌਰਾਨ ਇਸਰੋ ਦੇ ਤਿੰਨ ਪ੍ਰਮੁੱਖ ਪੁਲਾੜ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਮੋਦੀ ਨੇ ਭਾਰਤੀ ਪੁਲਾੜ ਖੋਜ ਸੰਸਥਾ ਦੇ ਗਗਨਯਾਨ ਮਨੁੱਖੀ ਸਪੇਸਫਲਾਈਟ ਪ੍ਰੋਗਰਾਮ ‘ਤੇ ਵੀ ਨਜ਼ਰਸਾਨੀ ਕੀਤੀ ਤੇ ਸਪੇਸ ਮਿਸ਼ਨ ‘ਤੇ ਜਾਣ ਵਾਲੇ ਪੁਲਾੜ ਯਾਤਰੀਆਂ ਦੇ ਨਾਵਾਂ ਦਾ ਐਲਾਨ ਕੀਤਾ। ਇਹ ਚਾਰ ਪੁਲਾੜ ਯਾਤਰੀ- ਗਰੁੱਪ ਕੈਪਟਨ ਪ੍ਰਸ਼ਾਂਤ ਬਾਲਾਕ੍ਰਿਸ਼ਨਨ ਨਾਇਰ, ਅੰਗਦ ਪ੍ਰਤਾਪ, ਅਜੀਤ ਕ੍ਰਿਸ਼ਨਨ ਤੇ ਵਿੰਗ ਕਮਾਂਡਰ ਸ਼ੁਭਾਂਸ਼ੂ ਸ਼ੁਕਲਾ ਹਨ।
ਮੌਜੂਦਾ ਸਮੇਂ ਇਹ ਚਾਰੋਂ ਭਾਰਤ ਦੇ ਪਲੇਠੇ ਮਨੁੱਖੀ ਪੁਲਾੜ ਫਲਾਈਟ ਮਿਸ਼ਨ ‘ਗਗਨਯਾਨ’ ਲਈ ਸਿਖਲਾਈ ਅਧੀਨ ਹਨ। ਮੋਦੀ ਨੇ ਇਨ੍ਹਾਂ ਨੂੰ ‘ਪੁਲਾੜ ਵਿੰਗਜ਼’ ਪ੍ਰਦਾਨ ਕਰਦਿਆਂ ਕਿਹਾ ਕਿ ਇਹ ਪੁਲਾੜ ਯਾਤਰੀ ਚਾਰ ਸ਼ਕਤੀਆਂ ਹਨ, ਜੋ 1.4 ਅਰਬ ਲੋਕਾਂ ਦੀਆਂ ਆਸਾਂ ਨੂੰ ਦਰਸਾਉਂਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਚਾਰ ਦਹਾਕਿਆਂ ਮਗਰੋਂ ਇਕ ਭਾਰਤੀ ਪੁਲਾੜ ਵਿਚ ਜਾਣ ਲਈ ਤਿਆਰ ਸੀ ਅਤੇ ”ਐਤਕੀਂ ਕਾਊਂਟਡਾਊਨ, ਸਮਾਂ ਅਤੇ ਇੱਥੋਂ ਤੱਕ ਕਿ ਰਾਕੇਟ ਵੀ ਸਾਡਾ ਹੋਵੇਗਾ।”
ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਤੇ ਖ਼ੁਸ਼ੀ ਹੈ ਕਿ ਗਗਨਯਾਨ ਦੇ ਮਨੁੱਖੀ ਉਡਾਣ ਮਿਸ਼ਨ ਵਿਚ ਵਰਤੇ ਬਹੁਤੇ ਕੰਪੋਨੈਂਟ ਭਾਰਤ ਵਿਚ ਬਣੇ ਹਨ। ਉਨ੍ਹਾਂ ਮਹਿਲਾਵਾਂ ਵੱਲੋਂ ਦੇਸ਼ ਦੇ ਪੁਲਾੜ ਪ੍ਰੋਗਰਾਮ ਵਿਚ ਨਿਭਾਈ ‘ਅਹਿਮ ਭੂਮਿਕਾ’ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਨ੍ਹਾਂ ਦੇ ਯੋਗਦਾਨ ਤੇ ਸ਼ਮੂਲੀਅਤ ਬਿਨਾਂ ਚੰਦਰਯਾਨ ਤੇ ਗਗਨਯਾਨ ਜਿਹੇ ਮਿਸ਼ਨ ਸੰਭਵ ਨਹੀਂ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਲਾੜ ਸੈਕਟਰ ਵਿਚ ਭਾਰਤ ਦੀ ਸਫ਼ਲਤਾ ਨਾਲ ਦੇਸ਼ ਦੀ ਨੌਜਵਾਨ ਪੀੜ੍ਹੀ ਵਿਚ ਨਾ ਸਿਰਫ਼ ਵਿਗਿਆਨਕ ਪ੍ਰਕਿਰਤੀ ਦੇ ਬੀਜ ਬੀਜੇ ਗਏ ਹਨ ਬਲਕਿ ਇਹ 21ਵੀਂ ਸਦੀ ਵਿਚ ਗਤੀਸ਼ੀਲ ਆਲਮੀ ਪਲੇਅਰ ਵਜੋਂ ਉਭਰਨ ਵਿਚ ਵੀ ਮਦਦਗਾਰ ਰਿਹਾ ਹੈ।
ਸਪੇਸ ਸੈਂਟਰ ਵਿਚ ਵੱਖ ਵੱਖ ਇਸਰੋ ਪ੍ਰਾਜੈਕਟਾਂ ਨਾਲ ਸਬੰਧਤ ਨੁਮਾਇਸ਼ ਦੇਖਣ ਮੌਕੇ ਪ੍ਰਧਾਨ ਮੰਤਰੀ ਨਾਲ ਕੇਰਲਾ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ, ਮੁੱਖ ਮੰਤਰੀ ਪਿਨਾਰਈ ਵਿਜਯਨ ਤੇ ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ.ਮੁਰਲੀਧਰਨ ਵੀ ਮੌਜੂਦ ਸਨ। ਮੋਦੀ ਨੇ ਜਿਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ, ਉਨ੍ਹਾਂ ਵਿਚ ਵੀਐੱਸਐੱਸਸੀ ਵਿਚ ਟ੍ਰਾਈਸੋਨਿਕ ਵਿੰਡ ਟਨਲ, ਤਾਮਿਲਨਾਡੂ ਦੇ ਮਹੇਂਦਰਾਗਿਰੀ ਵਿਚ ਇਸਰੋ ਦੇ ਪ੍ਰੋਪਲਸ਼ਨ ਕੰਪਲੈਕਸ ਵਿਚ ਸੈਮੀ-ਕ੍ਰਾਈਓਜੈਨਿਕ ਇੰਟੈਗਰੇਟਿਡ ਇੰਜਣ ਤੇ ਸਟੇਜ ਟੈਸਟ ਫੈਸਿਲਟੀ ਅਤੇ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਵਿਚ ਸਤੀਸ਼ ਧਵਨ ਸਪੇਸ ਸੈਂਟਰ ਵਿਚ ਪੀਐੱਸਐੱਲਵੀ ਇੰਟੈਗਰੇਸ਼ਨ ਫੈਸਿਲਟੀ ਸ਼ਾਮਲ ਹਨ। ਇਹ ਤਿੰਨੋਂ ਪ੍ਰਾਜੈਕਟ ਸਪੇਸ ਸੈਕਟਰ ਵਿਚ ਆਲਮੀ ਦਰਜੇ ਦੀਆਂ ਤਕਨੀਕੀ ਸਹੂਲਤਾਂ ਮੁਹੱਈਆ ਕਰਵਾਉਣਗੇ ਤੇ ਇਨ੍ਹਾਂ ਨੂੰ 1800 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਗਿਆ ਹੈ। ਵੀਐੱਸਐੱਸਸੀ ਭਾਰਤੀ ਪੁਲਾੜ ਖੋਜ ਸੰਸਥਾ ਦਾ ਪ੍ਰਮੁੱਖ ਸੈਂਟਰ ਹੈ ਜਿਸ ਦੇ ਸਿਰ ਲਾਂਚ ਵਹੀਕਲ ਤਕਨਾਲੋਜੀ ਦੇ ਡਿਜ਼ਾਈਨ ਤੇ ਵਿਕਾਸ ਦੀ ਜ਼ਿੰਮੇਵਾਰੀ ਹੁੰਦੀ ਹੈ।

 

Check Also

ਹੁਣ 17 ਅਕਤੂਬਰ ਨੂੰ ਹੋਵੇਗਾ ਹਰਿਆਣਾ ਦੇ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਭਾਜਪਾ ਦੇ ਵੱਡੇ ਆਗੂ ਪਹੁੰਚਣਗੇ ਪੰਚਕੂਲਾ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਦੇ …