Breaking News
Home / ਭਾਰਤ / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਠਿੰਡਾ ਏਮਸ ਦਾ ਵਰਚੁਅਲੀ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਠਿੰਡਾ ਏਮਸ ਦਾ ਵਰਚੁਅਲੀ ਉਦਘਾਟਨ

ਹਰਸਿਮਰਤ ਬਾਦਲ ਨੇ ਏਮਜ਼ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਦੱਸਿਆ
ਬਠਿੰਡਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜਕੋਟ ਗੁਜਰਾਤ ਵਿਖੇ ਰੱਖੇ ਗਏ ਸਮਾਗਮ ਵਿੱਚ ਵਰਚੁਅਲ ਮੋਡ ਰਾਹੀਂ ਬਠਿੰਡਾ ਏਮਸ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਬਠਿੰਡਾ ਏਮਸ ਵਿੱਚ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਪੁੱਜੇ। ਸਮਾਗਮ ਵਿਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਹਰਦੀਪ ਪੁਰੀ, ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੇ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਹੋਰ ਭਾਜਪਾ ਆਗੂਆਂ ਸਮੇਤ ਏਮਸ ਬਠਿੰਡਾ ਦੇ ਡਾਇਰੈਕਟਰ ਡਾ. ਡੀਕੇ ਸਿੰਘ ਵੀ ਮੌਜੂਦ ਰਹੇ।
ਇਸ ਮੌਕੇ ਭਾਜਪਾ ਨਾਲ ਸਬੰਧਤ ਬੁਲਾਰਿਆਂ ਨੇ ਏਮਸ ਬਠਿੰਡਾ ਨੂੰ ਮੈਡੀਕਲ ਕ੍ਰਾਂਤੀ ਦਾ ਹੱਬ ਦੱਸਦਿਆਂ ਕਿਹਾ ਕਿ ਬਠਿੰਡਾ ਏਮਸ ਵਿੱਚ ਸਹੂਲਤਾਂ ਦੇ ਨਾਲ ਨਾਲ ਮੈਡੀਕਲ ਖੇਤਰ ‘ਚ ਵਿਦਿਆਰਥੀ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਮੌਕੇ ਮਿਲਣਗੇ। ਬੀਬੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਏਮਸ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਕਰਾਰ ਦਿੰਦਿਆਂ ਕਿਹਾ ਕਿ ਇਸ ਦਾ ਪੰਜਾਬ ਨੂੰ ਨਹੀਂ, ਸਗੋਂ ਗੁਆਂਢੀ ਰਾਜਾਂ ਨੂੰ ਵੀ ਫਾਇਦਾ ਹੋ ਰਿਹਾ ਹੈ। ਉਨ੍ਹਾਂ ਬਠਿੰਡਾ ਏਮਸ ਲਈ ਰਹਿੰਦੀਆਂ ਸਿਹਤ ਸਹੂਲਤਾਂ ਦਾ ਜ਼ਿਕਰ ਕਰਦਿਆਂ ਵੱਡੇ ਆਈਸੀਯੂ ਸਮੇਤ ਟਰੋਮਾ ਸੈਂਟਰ ਦੀ ਵੀ ਮੰਗ ਕੀਤੀ। ਉਨ੍ਹਾਂ ਕੇਂਦਰੀ ਵਜ਼ੀਰਾਂ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾਵੇ। ਇਸ ‘ਤੇ ਭਾਜਪਾ ਦੇ ਵਰਕਰਾਂ ਵੱਲੋਂ ਕੁਰਸੀਆਂ ਤੋਂ ਉੱਠ ਕੇ ਬੀਬੀ ਬਾਦਲ ਦਾ ਵਿਰੋਧ ਕੀਤਾ ਗਿਆ। ਕੇਂਦਰੀ ਮੰਤਰੀਆਂ ਸੋਮ ਪ੍ਰਕਾਸ਼ ਅਤੇ ਹਰਦੀਪ ਪੂਰੀ ਵੱਲੋਂ ਵੀ ਬੀਬੀ ਬਾਦਲ ਦੇ ਬਿਆਨ ‘ਤੇ ਤਰਾਜ਼ ਪ੍ਰਗਟ ਕੀਤਾ ਗਿਆ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਹੱਥ ਬੰਨ੍ਹ ਕੇ ਕਿਸਾਨਾਂ ਦਾ ਮਸਲਾ ਹੱਲ ਕਰਨ ਦੀ ਅਪੀਲ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੰਗਰੂਰ ਨੇੜੇ ਘਾਬਦਾਂ ਵਿਖੇ ਪੀਜੀਆਈ ਸੈਟੇਲਾਈਟ ਸੈਂਟਰ ਵਿਚ 300 ਬਿਸਤਰਿਆਂ ਵਾਲੇ ਕੇਂਦਰ ਨੂੰ ਵਰਚੁਅਲ ਤੌਰ ‘ਤੇ ਲੋਕ ਅਰਪਣ ਕੀਤਾ ਗਿਆ। ਇਸ ਦੌਰਾਨ ਪੀਜੀਆਈ ਘਾਬਦਾਂ ਵਿਖੇ ਸੰਗਰੂਰ ਦੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ, ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ, ਸਾਬਕਾ ਸੰਸਦ ਮੈਂਬਰ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ, ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ, ਐਸਡੀਐਮ ਚਰਨਜੋਤ ਸਿੰਘ ਵਾਲੀਆ, ਆਦਰਸ਼ਪਾਲ ਕੌਰ ਡੀਐਚਐਸ ਪੰਜਾਬ, ਡਾ. ਕਿਰਪਾਲ ਸਿੰਘ ਸਿਵਲ ਸਰਜਨ ਸੰਗਰੂਰ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਦੁਲਟ ਮੌਜੂਦ ਸਨ।
ਇਸ ਮੌਕੇ ਪੀਜੀਆਈ ਐਮਈਆਰ ਕੇ ਨਿਰਦੇਸ਼ਕ ਵਿਵੇਕ ਲਾਲ ਨੇ ਕਿਹਾ ਕਿ ਪੀਜੀਆਈ ਦਾ 300 ਬਿਸਤਰਿਆਂ ਵਾਲਾ ਇਹ ਸੈਂਟਰ 25 ਏਕੜ ਖੇਤਰ ਵਿਚ ਬਣਿਆ ਹੈ ਜੋ ਕਿ ਸਿਹਤ ਸੰਭਾਲ ਨੂੰ ਪੂਰਾ ਕਰਨ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇਸ ਹਸਪਤਾਲ ਦੀ ਨੀਂਹ 2013 ਵਿੱਚ ਰੱਖੀ ਗਈ ਸੀ ਅਤੇ ਇਸ ਦੀ ਉਸਾਰੀ ਦੇ ਦੋ ਪੜਾਅ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੀਜੀਆਈ ਸੈਟੇਲਾਈਟ ਸੈਂਟਰ ਤੋਂ ਦਸੰਬਰ-2023 ਤੱਕ 3,61,127 ਤੋਂ ਵੱਧ ਮਰੀਜ਼ਾ ਨੇ ਓਪੀਡੀ ਸੇਵਾਵਾਂ ਦਾ ਲਾਭ ਉਠਾਇਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਰੋਜ਼ਪੁਰ ‘ਚ ਬਣਨ ਵਾਲੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਵਰਚੁਲੀ ਉਦਘਾਟਨ ਗੁਜਰਾਤ ਦੇ ਰਾਜਕੋਟ ਸ਼ਹਿਰ ਤੋਂ ਜਨਤਾ ਦੇ ਨਾਮ ਸੰਦੇਸ਼ ਜਾਰੀ ਕਰਦੇ ਹੋਏ ਕੀਤਾ। ਕੇਂਦਰ ਸਰਕਾਰ ਵੱਲੋਂ ਸੌ ਬਿਸਤਰਿਆਂ ਵਾਲੇ ਇਸ ਸੈਟੇਲਾਈਟ ਸੈਂਟਰ ਤੇ 490.54 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਇਮਾਰਤ ਦਾ ਨਿਰਮਾਣ ਆਧੁਨਿਕ ਤਕਨੀਕ ਦੇ ਨਾਲ ਕਰੀਬ ਦੋ ਸਾਲ ਦੇ ਅੰਦਰ ਪੂਰਾ ਕੀਤਾ ਜਾਵੇਗਾ।

ਹੁਣ ਤਿੰਨ ਮਹੀਨੇ ਨਹੀਂ ਹੋਵੇਗਾ ‘ਮਨ ਕੀ ਬਾਤ’ ਦਾ ਪ੍ਰਸਾਰਨ : ਮੋਦੀ
ਨਵੇਂ ਵੋਟਰਾਂ ਨੂੰ ਦੇਸ਼ ਦੇ ਹਿੱਤ ਵਿੱਚ ਰਿਕਾਰਡ ਵੋਟਾਂ ਪਾਉਣ ਲਈ ਪ੍ਰੇਰਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ‘ਮਨ ਕੀ ਬਾਤ’ ਦਾ ਪ੍ਰਸਾਰਨ ਅਗਲੇ ਤਿੰਨ ਮਹੀਨੇ ਨਹੀਂ ਹੋਵੇਗਾ। ਉਨ੍ਹਾਂ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ਦੀ 110ਵੀਂ ਕਿਸ਼ਤ ਦੌਰਾਨ ਨਵੇਂ ਵੋਟਰਾਂ ਨੂੰ ਰਿਕਾਰਡ ਵੋਟਾਂ ਪਾਉਣ ਲਈ ਪ੍ਰੇਰਿਆ ਤੇ ਕਿਹਾ ਕਿ ਉਨ੍ਹਾਂ ਦੀ ਵੋਟ ਦੇਸ਼ ਦੇ ਹਿੱਤ ਵਿੱਚ ਹੋਣੀ ਚਾਹੀਦੀ ਹੈ।
ਉਨ੍ਹਾਂ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਪੂਰੀ ਸੰਭਾਵਨਾ ਹੈ ਕਿ ਸਾਲ 2019 ਦੀ ਤਰ੍ਹਾਂ ਹੀ ਮਾਰਚ ਮਹੀਨੇ ‘ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਜਾਵੇ। ਉਨ੍ਹਾਂ ਕਿਹਾ ਕਿ ਇਹ ਮਨ ਕੀ ਬਾਤ ਦੀ ਬਹੁਤ ਵੱਡੀ ਕਾਮਯਾਬੀ ਹੈ ਕਿ ਇਸ ਦੀਆਂ ਪਿਛਲੀਆਂ 110 ਕਿਸ਼ਤਾਂ ਨੂੰ ਸਰਕਾਰ ਦੇ ਪਰਛਾਵੇਂ ਤੋਂ ਵੀ ਦੂਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਦੇਸ਼ ਦੀ ਸਮੂਹਿਕ ਸ਼ਕਤੀ ਤੇ ਪ੍ਰਾਪਤੀਆਂ ਦੀ ਗੱਲ ਹੁੰਦੀ ਹੈ। ਇਹ ਇੱਕ ਤਰ੍ਹਾਂ ਨਾਲ ਜਨਤਾ ਦਾ, ਜਨਤਾ ਲਈ, ਜਨਤਾ ਵੱਲੋਂ ਤਿਆਰ ਹੋਣ ਵਾਲਾ ਪ੍ਰੋਗਰਾਮ ਹੈ। ਉਨ੍ਹਾਂ ਕਿਹਾ, ‘ਫਿਰ ਵੀ ਰਾਜਨੀਤਕ ਮਰਿਆਦਾ ਦਾ ਪਾਲਣ ਕਰਦਿਆਂ ਲੋਕ ਸਭਾ ਚੋਣਾਂ ਦੇ ਇਨ੍ਹਾਂ ਦਿਨਾਂ ਦੌਰਾਨ ਹੁਣ ਅਗਲੇ ਤਿੰਨ ਮਹੀਨੇ ‘ਮਨ ਕੀ ਬਾਤ’ ਦਾ ਪ੍ਰਸਾਰਨ ਨਹੀਂ ਹੋਵੇਗਾ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿੰਨ ਮਹੀਨੇ ਬਾਅਦ ਇਸ ਪ੍ਰੋਗਰਾਮ ਦੀ 111ਵੀਂ ਕਿਸ਼ਤ ਦਾ ਪ੍ਰਸਾਰਨ ਹੋਵੇਗਾ।
ਉਨ੍ਹਾਂ ਸੱਤਾ ‘ਚ ਮੁੜ ਵਾਪਸੀ ਕਰਨ ਦਾ ਪੂਰਾ ਭਰੋਸਾ ਜ਼ਾਹਿਰ ਕੀਤਾ। ਉਨ੍ਹਾਂ ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਗਿਣਤੀ ‘ਚ ਵੋਟਾਂ ਪਾਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ, ‘ਸਾਡੇ ਨੌਜਵਾਨ ਸਾਥੀ ਚੋਣ ਪ੍ਰਕਿਰਿਆ ‘ਚ ਜਿੰਨੀ ਜ਼ਿਆਦਾ ਸ਼ਮੂਲੀਅਤ ਕਰਨਗੇ, ਇਸ ਦੇ ਨਤੀਜੇ ਓਨੇ ਹੀ ਦੇਸ਼ ਦੇ ਹਿੱਤ ਵਿੱਚ ਹੋਣਗੇ।’ ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਦੀ ਦੇਸ਼ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਹੈ ਅਤੇ ਉਨ੍ਹਾਂ ਨੂੰ ਵੋਟ ਪ੍ਰਕਿਰਿਆ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।
ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਕੌਮਾਂਤਰੀ ਮਹਿਲਾ ਦਿਵਸ ਤੋਂ ਕੁਝ ਦਿਨ ਪਹਿਲਾਂ ਨਾਰੀ ਸ਼ਕਤੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਹ ਹਰ ਖੇਤਰ ‘ਚ ਕਾਮਯਾਬੀ ਦੀਆਂ ਸਿਖਰਾਂ ਛੋਹ ਰਹੀਆਂ ਹਨ। ਮੋਦੀ ਨੇ ਕਿਹਾ, ‘ਅੱਜ ਦੇਸ਼ ਵਿੱਚ ਕੋਈ ਵੀ ਖੇਤਰ ਅਜਿਹਾ ਨਹੀਂ ਹੈ ਜਿਸ ਵਿੱਚ ਮਹਿਲਾਵਾਂ ਪਿੱਛੇ ਰਹਿ ਗਈਆਂ ਹੋਣ। ਇੱਕ ਹੋਰ ਖੇਤਰ ਹੈ ਜਿੱਥੇ ਮਹਿਲਾਵਾਂ ਨੇ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਉਹ ਕੁਦਰਤੀ ਖੇਤੀ, ਜਲ ਸੰਭਾਲ ਤੇ ਸਵੱਛਤਾ ਹੈ।’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਲਾ ਸਸ਼ਕਤੀਕਰਨ ‘ਤੇ ਜ਼ੋਰ ਦਿੰਦਿਆਂ ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਮਹਿਲਾਵਾਂ ਅੱਜ ਹਰ ਖੇਤਰ ਵਿੱਚ ਤਰੱਕੀ ਕਰ ਰਹੀਆਂ ਹਨ, ਜੋ ਕਿ ਦੇਸ਼ ਦੇ ਵਿਕਾਸ ਲਈ ਸ਼ਲਾਘਾਯੋਗ ਕਦਮ ਹੈ।

 

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …