Breaking News
Home / ਭਾਰਤ / ਆਵਾਜ਼-ਏ-ਪੰਜਾਬ ਲਈ ਸਾਡੇ ਦਰ ਖੁੱਲ੍ਹੇ: ਕੈਪਟਨ

ਆਵਾਜ਼-ਏ-ਪੰਜਾਬ ਲਈ ਸਾਡੇ ਦਰ ਖੁੱਲ੍ਹੇ: ਕੈਪਟਨ

capt-amrinder-singh-copy-copyਸੱਤਾ-ਵਿਰੋਧੀ ਵੋਟਾਂ ਨੂੰ ਖਿੰਡਣ ਤੋਂ ਰੋਕਣ ਲਈ ਕਾਂਗਰਸ ਵਲੋਂ ਹੰਭਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸੱਤਾ ਵਿਰੋਧੀ ਲਹਿਰ ਨੂੰ ਖਿੰਡਣ ਤੋਂ ਬਚਾਉਣ ਲਈ ਅਕਾਲੀ ਵਿਰੋਧੀ ਤੇ ਧਰਮ ਨਿਰਪੱਖ ਪਾਰਟੀਆਂ ਨੂੰ ਇਕਜੁੱਟ ਕਰਨ ਵਾਸਤੇ ਆਵਾਜ਼-ਏ-ਪੰਜਾਬ ਨਾਲ ਚੋਣਾਂ ਤੋਂ ਪਹਿਲਾਂ ਸਮਝੌਤਾ ਕਰਨ ਲਈ ਤਿਆਰ ਹੈ। ਵਿਸ਼ੇਸ਼ ਮੁਲਾਕਾਤ ਦੌਰਾਨ ਕੈਪਟਨ ਨੇ ਕਿਹਾ ਕਿ ਉਹ ਚੋਣਾਂ ਵਿੱਚ ਆਵਾਜ਼-ਏ-ਪੰਜਾਬ ਦੇ ਨੇਤਾਵਾਂ ਨਾਲ ਸੀਟਾਂ ਦੀ ਵੰਡ ਬਾਰੇ ਵੀ ਖੁੱਲ੍ਹੇ ਮਨ ਨਾਲ ਵਿਚਾਰ ਕਰ ਸਕਦੇ ਹਨ। ਨਵਜੋਤ ਸਿੰਘ ਦੀ ਅਗਵਾਈ ਵਾਲੇ ਇਸ ਫਰੰਟ ਬਾਰੇ ਕਾਂਗਰਸ ਨੇਤਾ ਨੇ ਕਿਹਾ, ‘ਇਸ ਫਰੰਟ ਦੇ ਨੇਤਾਵਾਂ ਦਾ ਆਪਣਾ ਜਨ ਅਧਾਰ ਹੈ। ਪ੍ਰਗਟ ਸਿੰਘ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਹਨ। ਉਹ ਇਸ ਵੇਲੇ ਵਿਧਾਇਕ ਹਨ ਤੇ ਉਹ ਪੰਜਾਬ ਵਿੱਚ ਜਿਥੋਂ ਮਰਜ਼ੀ ਚੋਣ ਜਿੱਤ ਸਕਦੇ ਹਨ। ਬੈਂਸ ਭਰਾਵਾਂ ਦੇ ਆਪਣੇ ਹਲਕੇ ਹਨ। ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਉਹ ਚੋਣ ਨਹੀਂ ਲੜਨਗੇ ਪਰ ਜੇ ਉਹ ਚਾਹੁਣ ਤਾਂ ਉਨ੍ਹਾਂ ਦੀ ਪਤਨੀ ਵਿਧਾਇਕ ਬਣ ਸਕਦੀ ਹੈ।’ ਉਨ੍ਹਾਂ ਕਿਹਾ ਕਿ ਕੌਣ ਕਿਹੜੀ ਸੀਟ ਤੋਂ ਚੋਣ ਲੜੇਗਾ, ਇਸ ਤੋਂ ਪਹਿਲਾਂ ਜ਼ਰੂਰੀ ਹੈ ਕਿ ਚੋਣਾਂ ਤੋਂ ਪਹਿਲਾਂ ਭਾਈਵਾਲਾਂ ਵਿੱਚ ਸਿਆਸੀ ਸਹਿਮਤੀ ਬਣ ਜਾਵੇ। ਇਸ ਲਈ ਕਾਂਗਰਸ ਵੱਲੋਂ ਘੱਟੋ-ਘੱਟੋ ਸਾਂਝਾ ਪ੍ਰੋਗਰਾਮ ਤਿਆਰ ਕੀਤਾ ਜਾ ਸਕਦਾ ਹੈ। ਇਸ ਦੇ ਤਿਆਰ ਹੋਣ ਬਾਅਦ ਸੀਟਾਂ ਦੀ ਵੰਡ ਕੋਈ ਵੱਡੀ ਸਮੱਸਿਆ ਨਹੀਂ ਰਹੇਗੀ। ਪੰਜਾਬ ਵਿੱਚ ਇਸ ਵਾਰ ਚੋਣਾਂ ਕਾਫ਼ੀ ਰੋਮਾਂਚਕ ਹੋਣ ਦੀ ਸੰਭਾਵਨਾ ਹੈ ਕਿਉਂਕਿ ਰਾਜ ਵਿੱਚ ਅਕਾਲੀ-ਭਾਜਪਾ ਸਰਕਾਰ ਵਿਰੋਧੀ ਵੋਟ ਆਮ ਆਦਮੀ ਪਾਰਟੀ, ਕਾਂਗਰਸ, ਆਵਾਜ਼-ਏ-ਪੰਜਾਬ, ‘ਆਪ’ ਦੇ ਸੰਸਦ ਮੈਂਬਰ ਧਰਮਵੀਰ ਗਾਂਧੀ ਅਤੇ ‘ਆਪ’ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵਿੱਚ ਵੰਡੇ ਜਾਣ ਦਾ ਖਦਸ਼ਾ ਹੈ, ਜਿਸ ਦਾ ਸਿੱਧਾ ਲਾਭ ਸੱਤਾਧਾਰੀ ਧਿਰ ਨੂੰ ਹੋ ਸਕਦਾ ਹੈ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …