
ਵਿਰੋਧੀ ਧਿਰ ਵਲੋਂ ਨਾਅਰੇਬਾਜ਼ੀ – ਇਜਲਾਸ ਭਲਕੇ 11 ਵਜੇ ਤੱਕ ਮੁਲਤਵੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਸੰਸਦ ਦਾ ਸਰਦ ਰੁੱਤ ਇਜਲਾਸ ਅੱਜ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜ ਸਭਾ ਵਿਚ ਸੰਬੋਧਨ ਕਰ ਰਹੇ ਸਨ ਅਤੇ ਉਧਰ ਦੂਜੇ ਪਾਸੇ ਲੋਕ ਸਭਾ ਵਿਚ ਪ੍ਰਸ਼ਨ ਕਾਲ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਨਾਅਰੇਬਾਜ਼ੀ ਕੀਤੀ ਗਈ। ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਭਲਕੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਇਜਲਾਸ ਹਾਰ ਦੀ ਨਿਰਾਸ਼ਾ ਜਾਂ ਜਿੱਤ ਦੇ ਹੰਕਾਰ ਦਾ ਅਧਾਰ ਨਹੀਂ ਬਣਨਾ ਚਾਹੀਦਾ। ਉਨ੍ਹਾਂ ਕਿਹਾ ਕਿ ਮੈਂਬਰਾਂ ਦੀ ਨਵੀਂ ਪੀੜ੍ਹੀ ਨੂੰ ਤਜਰਬੇ ਤੋਂ ਲਾਭ ਉਠਾਉਣਾ ਚਾਹੀਦਾ ਹੈ। ਪੀਐਮ ਮੋਦੀ ਨੇ ਕਿਹਾ ਕਿ ਕੁਝ ਸਿਆਸੀ ਪਾਰਟੀਆਂ ਆਪਣੀ ਚੋਣ ਹਾਰ ਨੂੰ ਹਜ਼ਮ ਕਰਨ ਵਿਚ ਅਸਮਰਥ ਹਨ। ਉਨ੍ਹਾਂ ਕਿਹਾ ਕਿ ਸੰਸਦ ਦਾ ਇਹ ਇਜਲਾਸ ਹਾਰ ’ਤੇ ਘਬਰਾਹਟ ਦਾ ਅਧਾਰ ਨਹੀਂ ਬਣਨਾ ਚਾਹੀਦਾ। ਜ਼ਿਕਰਯੋਗ ਹੈ ਕਿ ਇਹ ਸਰਦ ਰੁੱਤ ਇਜਲਾਸ 1 ਦਸੰਬਰ ਤੋਂ 19 ਦਸੰਬਰ ਤੱਕ ਚੱਲੇਗਾ।
ਸੰਸਦ ਕੰਪਲੈਕਸ ’ਚ ਕੁੱਤਾ ਲੈ ਕੇ ਪਹੰੁਚੀ ਕਾਂਗਰਸੀ ਸੰਸਦ ਮੈਂਬਰ ਰੇਣੂਕਾ ਚੌਧਰੀ
ਕਿਹਾ : ਇਹ ਵੱਢਦਾ ਨਹੀਂ, ਵੱਢਣ ਵਾਲੇ ਤਾਂ ਹਨ ਸੰਸਦ ਵਿਚ
ਨਵੀਂ ਦਿੱਲੀ/ਬਿਊਰੋ ਨਿਊਜ਼
ਸੰਸਦ ਦੇ ਸਰਦ ਰੁੱਤ ਇਜਲਾਸ ਦੇ ਅੱਜ ਪਹਿਲੇ ਦਿਨ ਸੋਮਵਾਰ ਨੂੰ ਕਾਂਗਰਸ ਪਾਰਟੀ ਦੀ ਸੰਸਦ ਮੈਂਬਰ ਰੇਣੂਕਾ ਚੌਧਰੀ ਇਕ ਕੁੱਤਾ ਲੈ ਕੇ ਸੰਸਦ ਦੇ ਕੰਪਲੈਕਸ ਵਿਚ ਪਹੁੰਚ ਗਈ। ਇਸ ਘਟਨਾ ’ਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰਾਂ ਨੇ ਸਖਤ ਵਿਰੋਧ ਕੀਤਾ। ਇਸਦੇ ਚੱਲਦਿਆਂ ਜਦੋਂ ਰੇਣੂਕਾ ਚੌਧਰੀ ਨੂੰ ਪੁੱਛਿਆ ਗਿਆ ਕਿ ਕੁੱਤੇ ਨੂੰ ਸੰਸਦ ਵਿਚ ਕਿਉਂ ਲਿਆਈ ਹੈ ਤਾਂ ਰੇਣੂਕਾ ਚੌਧਰੀ ਨੇ ਕਿਹਾ ਕਿ ਸਰਕਾਰ ਨੂੰ ਜਾਨਵਰ ਪਸੰਦ ਨਹੀਂ ਹਨ। ਇਸ ਵਿਚ ਕੀ ਨੁਕਸਾਨ ਹੈ? ਰੇਣੂਕਾ ਨੇ ਕਿਹਾ ਕਿ ਇਹ ਇਕ ਛੋਟਾ, ਨੁਕਸਾਨ ਰਹਿਤ ਜਾਨਵਰ ਹੈ। ਉਨ੍ਹਾਂ ਅੱਗੇ ਕਿਹਾ ਕਿ ਕੱਟਣ ਵਾਲੇ ਤੇ ਡੱਸਣ ਵਾਲੇ ਸੰਸਦ ਵਿਚ ਹਨ, ਕੁੱਤੇ ਨਹੀਂ। ਇਸੇ ਦੌਰਾਨ ਭਾਜਪਾ ਸੰਸਦ ਮੈਂਬਰ ਜਗਦੰਬਿਕਾ ਪਾਲ ਨੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਰੇਣੂਕਾ ਚੌਧਰੀ ਵਲੋਂ ਸੰਸਦ ਵਿਚ ਕੁੱਤੇ ਨੂੰ ਲਿਆਉਣਾ ਗਲਤ ਹੈ। ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

