ਕਰਨਾਟਕ ਦਾ ਰਹਿਣ ਵਾਲਾ ਸੀ ਵਿਦਿਆਰਥੀ ਨਵੀਨ ਕੁਮਾਰ
ਨਵੀਂ ਦਿੱਲੀ/ਬਿਊੁਰੋ ਨਿਊਜ਼
ਰੂਸ ਵਲੋਂ ਯੂਕਰੇਨ ਦੇ ਖਾਰਕੀਵ ਵਿਚ ਕੀਤੀ ਗਈ ਗੋਲੀਬਾਰੀ ਦੌਰਾਨ ਇਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਨਵੀਨ ਕੁਮਾਰ ਨਾਮ ਦਾ ਇਹ ਵਿਦਿਆਰਥੀ ਕਰਨਾਟਕ ਦਾ ਰਹਿਣ ਵਾਲਾ ਸੀ ਅਤੇ ਉਹ ਖਾਣਾ ਲੈਣ ਲਈ ਬਾਹਰ ਨਿਕਲਿਆ ਸੀ। ਵਿਦੇਸ਼ ਮੰਤਰਾਲੇ ਵਲੋਂ ਇਸਦੀ ਜਾਣਕਾਰੀ ਦਿੱਤੀ ਗਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ ਕਿ ਸਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਖਾਰਕੀਵ ਵਿਚ ਗੋਲੀਬਾਰੀ ਦੌਰਾਨ ਭਾਰਤੀ ਵਿਦਿਆਰਥੀ ਦੀ ਜਾਨ ਚਲੀ ਗਈ ਹੈ। ਜ਼ਿਕਰਯੋਗ ਹੈ ਕਿ ਰੂਸ-ਯੂਕਰੇਨ ਜੰਗ ਦਾ ਅੱਜ ਛੇਵਾਂ ਦਿਨ ਹੈ। ਰੂਸ ਦੀ ਫੌਜ ਨੇ ਖਾਰਕੀਵ ਅਤੇ ਕੀਵ ਵਿਚਾਲੇ ਮਿਲਟਰੀ ਬੇਸ ’ਤੇ ਵੀ ਹਮਲਾ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਮਲੇ ਵਿਚ ਘੱਟ ਤੋਂ ਘੱਟ 70 ਯੂਕਰੇਨੀ ਫੌਜੀ ਮਾਰੇ ਗਏ ਹਨ ਅਤੇ ਹੁਣ ਆਮ ਨਾਗਰਿਕਾਂ ਵਿਚ ਸਹਿਮ ਦਾ ਮਾਹੌਲ ਵਧਦਾ ਜਾ ਰਿਹਾ ਹੈ। ਇਸੇ ਦੌਰਾਨ ਯੂਕਰੇਨ ਵਿਚ ਮੌਜੂਦ ਭਾਰਤੀ ਅੰਬੈਸੀ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਤੁਰੰਤ ਕੀਵ ਛੱਡਣ ਨੂੰ ਕਿਹਾ ਹੈ। ਅੰਬੈਸੀ ਵਲੋਂ ਜਾਰੀ ਐਮਰਜੈਂਸੀ ਐਡਵਾਈਜ਼ਰੀ ਵਿਚ ਕਿਹਾ ਗਿਆ ਕਿ ਭਾਰਤੀ ਜਿਸ ਸਥਿਤੀ ਵਿਚ ਹਨ, ਉਸੇ ਸਥਿਤੀ ਵਿਚ ਤੁਰੰਤ ਕੀਵ ਸ਼ਹਿਰ ਤੋਂ ਬਾਹਰ ਨਿਕਲ ਜਾਣ।