-7.8 C
Toronto
Friday, January 2, 2026
spot_img
Homeਭਾਰਤਨਵਜੋਤ ਸਿੱਧੂ ਕਾਮੇਡੀ ਸ਼ੋਅ 'ਚੋਂ ਬਾਹਰ

ਨਵਜੋਤ ਸਿੱਧੂ ਕਾਮੇਡੀ ਸ਼ੋਅ ‘ਚੋਂ ਬਾਹਰ

ਮੁੰਬਈ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੁਲਵਾਮਾ ਹਮਲੇ ਬਾਰੇ ਕੀਤੀ ਟਿੱਪਣੀ ਤੋਂ ਬਾਅਦ ਮਸ਼ਹੂਰ ਕਾਮੇਡੀ ਪ੍ਰੋਗਰਾਮ ‘ਦਿ ਕਪਿਲ ਸ਼ਰਮਾ ਸ਼ੋਅ’ ਛੱਡਣ ਲਈ ਕਹਿ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਹੁਣ ਅਰਚਨਾ ਪੂਰਨ ਸਿੰਘ ਸ਼ੋਅ ਦੀ ਮੈਂਬਰ ਬਣੇਗੀ। ਚੈਨਲ ਦੇ ਸੂਤਰਾਂ ਮੁਤਾਬਕ ਕੈਬਨਿਟ ਮੰਤਰੀ ਦੀ ਟਿੱਪਣੀ ‘ਤੇ ਵੱਡਾ ਇਤਰਾਜ਼ ਜਤਾਇਆ ਗਿਆ ਹੈ। ਇਸ ਕਾਰਨ ਸ਼ੋਅ ਤੇ ਚੈਨਲ ਵੀ ਵਿਵਾਦਾਂ ਵਿਚ ਘਿਰਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਅੱਤਵਾਦੀਆਂ ਦੇ ਇਸ ਘਿਨੌਣੇ ਕਾਰੇ ਲਈ ਪੂਰੇ ਦੇਸ਼ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਤਰਕ ਦਿੱਤਾ ਸੀ ਕਿ ਅੱਤਵਾਦੀਆਂ ਦਾ ਕੋਈ ਦੀਨ-ਮਜ਼ਹਬ ਨਹੀਂ ਹੁੰਦਾ ਤੇ ਇਸ ਲਈ ਨਿੱਜੀ ਤੌਰ ‘ਤੇ ਕਿਸੇ ਨੂੰ ਜ਼ਿੰਮੇਵਾਰ ਠਹਿਰਾਉਣਾ ਠੀਕ ਨਹੀਂ। ਇਸ ਤੋਂ ਪਹਿਲਾਂ ਮੁੰਬਈ ਭਾਜਪਾ ਯੂਥ ਵਿੰਗ ਨੇ ਇੱਥੇ ਟੀਵੀ ਚੈਨਲ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਤੇ ਸਿੱਧੂ ਨੂੰ ਸ਼ੋਅ ਵਿਚੋਂ ਬਾਹਰ ਕਰਨ ਦੀ ਮੰਗ ਕੀਤੀ। ਯੂਥ ਵਿੰਗ ਦੇ ਆਗੂਆਂ ਨੇ ਕਿਹਾ ਕਿ ਜਦ ਸਾਰਾ ਦੇਸ਼ ਵਿਰੋਧ ਕਰ ਰਿਹਾ ਹੈ ਤਾਂ ਸਿੱਧੂ ਕਿਉਂ ਹਮਦਰਦੀ ਜਤਾ ਰਹੇ ਹਨ। ਵੈਸਟਰਨ ਇੰਡੀਆ ਸਿਨੇ ਐਂਪਲਾਈਜ਼ ਫੈਡਰੇਸ਼ਨ ਨੇ ਵੀ ਨਵਜੋਤ ਸਿੰਘ ਸਿੱਧੂ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ। ਫੈਡਰੇਸ਼ਨ ਨੇ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਨੂੰ ਭੇਜੇ ਪੱਤਰ ਵਿਚ ਕਿਹਾ ਕਿ ਸਿੱਧੂ ਆਪਣੀ ਟਿੱਪਣੀ ਲਈ ਮੁਆਫ਼ੀ ਮੰਗਣ ਤੇ ਉਨ੍ਹਾਂ ਦੇ ਸ਼ੋਅ ਵਿਚ ਹਿੱਸਾ ਲੈਣ ‘ਤੇ ਪਾਬੰਦੀ ਲਾਈ ਜਾਵੇ।
ਪੁਲਵਾਮਾ ਹਮਲੇ ਸਬੰਧੀ ਨਵਜੋਤ ਸਿੱਧੂ ਦਾ ਬਿਆਨ
ਦੋ ਚਾਰ ਵਿਅਕਤੀਆਂ ਦੀ ਸ਼ਰਮਨਾਕ ਕਰਤੂਤ ਕਰਕੇ ਪੂਰੀ ਕੌਮ ਨੂੰ ਬਦਨਾਮ ਨਹੀਂ ਕੀਤਾ ਜਾ ਸਕਦਾ
ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਕਿ ਉਹ ਪੁਲਵਾਮਾ ਹਮਲੇ ਸਬੰਧੀ ਦਿੱਤੇ ਗਏ ਆਪਣੇ ਬਿਆਨ ‘ਤੇ ਅੱਜ ਵੀ ਕਾਇਮ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੋਸ਼ੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ, ਉਨ੍ਹਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਇਸ ਦੇ ਕਾਰਨ ਕਿਸੇ ਨਿਰਦੋਸ਼ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਸਿੱਧੂ ਨੇ ਕਿਹਾ ਕਿ ਦੋ-ਚਾਰ ਵਿਅਕਤੀਆਂ ਦੀ ਸ਼ਰਮਨਾਕ ਕਰਤੂਤ ਕਰਕੇ ਪੂਰੀ ਕੌਮ ਨੂੰ ਬਦਨਾਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਕਰਤਾਰਪੁਰ ਸਾਹਿਬ ਲਾਂਘੇ ਨੂੰ ਨਾ ਖੋਲ੍ਹਿਆ ਗਿਆ ਤਾਂ ਦਹਿਸ਼ਤਗਰਦਾਂ ਦੇ ਹੌਸਲੇ ਬੁਲੰਦ ਹੋ ਜਾਣਗੇ।
ਸਲਮਾਨ ਖਾਨ ਨੇ ਲਿਆ ਸੀ ਕਪਿਲ ਦੇ ਸ਼ੋਅ ‘ਚੋਂ ਸਿੱਧੂ ਨੂੰ ਬਾਹਰ ਕਰਨ ਦਾ ਫੈਸਲਾ
ਨਵਜੋਤ ਸਿੱਧੂ ਨੂੰ ‘ਦ ਕਪਿਲ ਸ਼ਰਮਾ ਸ਼ੋਅ’ ਵਿਚੋਂ ਬਾਹਰ ਕਰਨ ਦੇ ਬਾਰੇ ਵਿਚ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ।
ਪੁਲਵਾਮਾ ਅੱਤਵਾਦੀ ਹਮਲੇ ‘ਤੇ ਇਨਸੈਂਸੇਟਿਵ ਕੁਮੈਂਟ ਦੇ ਕੇ ਵਿਵਾਦਾਂ ਵਿਚ ਘਿਰੇ ਸਿੱਧੂ ਨੂੰ ਬਾਹਰ ਕਰਨ ਦਾ ਫੈਸਲਾ ਅਸਲ ਵਿਚ ਸ਼ੋਅ ਦੇ ਨਿਰਮਾਤਾ ਸਲਮਾਨ ਖਾਨ ਦਾ ਸੀ। ਸੂਤਰਾਂ ਅਨੁਸਾਰ, ਇਸ ਮਾਮਲੇ ਵਿਚ ਚੈਨਲ ਆਪਣੀ ਗੁਡਵਿਲ ਨੂੰ ਖਰਾਬ ਨਹੀਂ ਕਰਨਾ ਚਾਹੁੰਦਾ, ਪਰ ਕਲੀਅਰ ਨਹੀਂ ਸੀ ਕਿ ਕੀ ਫੈਸਲਾ ਲੈਣਾ ਹੈ। ਉਸ ਸਮੇਂ ਸਲਮਾਨ ਨੇ ਸਿੱਧੂ ਨੂੰ ਸ਼ੋਅ ਵਿਚੋਂ ਹਟਣ ਲਈ ਕਹਿਣ ਦਾ ਫੈਸਲਾ ਤੁਰੰਤ ਲਿਆ। ਇਕ ਨਿਰਮਾਤਾ ਦੇ ਰੂਪ ਵਿਚ ਉਹ ਸ਼ੋਅ ਨੂੰ ਖਤਰੇ ਵਿਚ ਨਹੀਂ ਪਾਉਣਾ ਚਾਹੁੰਦੇ ਸਨ। ਸੂਤਰ ਇਹ ਵੀ ਦੱਸਦੇ ਹਨ ਕਿ ਚੈਨਲ ਅਜੇ ਵੀ ਮਾਮਲੇ ਨੂੰ ਲੈ ਕੇ ਦੁਵਿਧਾ ਵਿਚ ਹੈ, ਕਿਉਂਕਿ ਕਪਿਲ ਸ਼ਰਮਾ ਨਵਜੋਤ ਸਿੱਧੂ ਦੇ ਪੱਖ ਵਿਚ ਹੈ। ਨਿਰਮਾਤਾ ਅਤੇ ਚੈਨਲ ਵਿਚਕਾਰ ਚਰਚਾ ਅਜੇ ਵੀ ਜਾਰੀ ਹੈ। ਜਾਹਰ ਹੈ ਕਿ ਸਿੱਧੂ ਆਉਣ ਵਾਲੇ ਕੁਝ ਐਪੀਸੋਡ ਦੀ ਸ਼ੂਟਿੰਗ ਨਹੀਂ ਕਰਨਗੇ, ਪਰ ਉਨ੍ਹਾਂ ਦੇ ਵਾਪਸ ਪਰਤਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਨਵਜੋਤ ਸਿੱਧੂ ਦੇ ਪੋਸਟਰਾਂ ਉਤੇ ਭਾਜਪਾ ਕਾਰਕੁੰਨਾਂ ਨੇ ਕਾਲਾ ਰੰਗ ਮਲਿਆ
ਅੰਮ੍ਰਿਤਸਰ : ਪੁਲਵਾਮਾ ਵਿਚ ਸੀਆਰਪੀਐੱਫ ਦੇ ਕਾਫ਼ਲੇ ਉੱਤੇ ਹੋਏ ਆਤਮਘਾਤੀ ਹਮਲੇ ਸਬੰਧੀ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਭਾਜਪਾ ਨੇ ਉਸ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਤਹਿਤ ਇੱਥੇ ਭਾਜਪਾ ਯੁਵਾ ਮੋਰਚਾ ਵੱਲੋਂ ਸਿੱਧੂ ਖ਼ਿਲਾਫ਼ ਰੋਸ ਵਿਖਾਵਾ ਕੀਤਾ ਗਿਆ ਅਤੇ ਉਨ੍ਹਾਂ ਦੇ ਪੋਸਟਰਾਂ ਉੱਤੇ ਕਾਲਾ ਰੰਗ ਛਿੜਕਿਆ ਗਿਆ। ਇੱਥੇ ਹਾਲ ਗੇਟ ਦੇ ਬਾਹਰ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਗੌਤਮ ਅਰੋੜਾ ਦੀ ਅਗਵਾਈ ਹੇਠ ਇਕੱਠੇ ਹੋਏ ਕਾਰਕੁਨਾਂ ਨੇ ਸਿੱਧੂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ।
ਮੈਨੂੰ ਕਿਸੇ ਨੇ ਕਪਿਲ ਸ਼ੋਅ ‘ਚੋਂ ਨਹੀਂ ਕੱਢਿਆ : ਸਿੱਧੂ
ਕਪਿਲ ਸ਼ੋਅ ਤੋਂ ਕੱਢੇ ਗਏ ਜਾਣ ਦੀ ਸਬੰਧੀ ਨਵਜੋਤ ਸਿੱਧੂ ਨੇ ਕਿਹਾ ਕਿ ਮੈਨੂੰ ਅਜੇ ਤੱਕ ਨਾ ਤਾਂ ਸੋਨੀ ਚੈਨਲ ਅਤੇ ਨਾ ਹੀ ਕਪਿਲ ਸ਼ਰਮਾ ਵਲੋਂ ਅਜਿਹਾ ਕੋਈ ਸੰਦੇਸ਼ ਮਿਲਿਆ ਹੈ। ਮੈਂ ਅੱਜ ਵੀ ਇਸ ਸ਼ੋਅ ‘ਚ ਹਾਂ ਅਤੇ ਆਉਣ ਵਾਲੇ ਸਮੇਂ ਵਿਚ ਵੀ ਰਹਾਂਗਾ। ਕੁਝ ਲੋਕ ਇਸ ਤਰ੍ਹਾਂ ਦੀਆਂ ਝੂਠੀਆਂ ਅਫਵਾਹਾਂ ਫੈਲਾ ਕੇ ਮੇਰੀ ਛਵੀ ਖਰਾਬ ਕਰਨ ਦੀ ਸਾਜਿਸ਼ ਕਰ ਰਹੇ ਹਨ ਅਤੇ ਅਜਿਹੇ ਲੋਕਾਂ ਦੀ ਮੈਂ ਪ੍ਰਵਾਹ ਨਹੀਂ ਕਰਦਾ। ਕੀ ਕਿਹਾ ਸੀ ਸਿੱਧੂ ਨੇ : ਨਵਜੋਤ ਸਿੰਘ ਸਿੱਧੂ ਨੇ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਦੀ ਨਿਖੇਧੀ ਕੀਤੀ ਸੀ ਪਰ ਆਪਣੇ ਬਿਆਨ ਵਿਚ ਉਹ ਪਾਕਿਸਤਾਨ ਪ੍ਰਤੀ ਨਰਮ ਨਜ਼ਰ ਆਏ ਸਨ। ਉਨ੍ਹਾਂ ਕਿਹਾ ਸੀ ਕਿ ਕੁਝ ਲੋਕਾਂ ਕਾਰਨ ਕੀ ਕਿਸੇ ਪੂਰੇ ਦੇਸ਼ ਨੂੰ ਗਲਤ ਕਰਾਰ ਦਿੱਤਾ ਜਾ ਸਕਦਾ ਹੈ।
ਸਿੱਧੂ ਦੀ ਪੈਰਵੀ ‘ਤੇ ਕਪਿਲ ਸ਼ਰਮਾ ਦੀ ਵੀ ਖਿਚਾਈ
ਕਪਿਲ ਸ਼ਰਮਾ ਨੇ ਸਿੱਧੂ ਨੂੰ ਆਪਣੇ ਸ਼ੋਅ ‘ਚੋਂ ਬਾਹਰ ਕਰਨ ਦੇ ਮੁੱਦੇ ‘ਤੇ ਕਿਹਾ ਕਿ ਕਿਸੇ ਨੂੰ ਬੈਨ ਕਰਨਾ ਅਤੇ ਸਿੱਧੂ ਨੂੰ ਸ਼ੋਅ ‘ਚੋਂ ਹਟਾਉਣਾ ਕੋਈ ਹੱਲ ਨਹੀਂ ਹੈ। ਸਾਨੂੰ ਇਸ ਸਮੱਸਿਆ ਦੇ ਸਥਾਈ ਹੱਲ ਬਾਰੇ ਸੋਚਣਾ ਚਾਹੀਦਾ ਹੈ। ਇਸ ਤੋਂ ਬਾਅਦ ਸ਼ੋਸ਼ਲ ਮੀਡੀਆ ‘ਤੇ ਕਪਿਲ ਟ੍ਰੋਲ ਹੋਣ ਲੱਗੇ ਅਤੇ ਉਸ ਨੂੰ ਅਤੇ ਸੋਨੀ ਟੀ.ਵੀ. ਨੂੰ ਬਾਈਕਾਟ ਕਰਨ ਦੀ ਮੰਗ ਉਠਣ ਲੱਗੀ।

RELATED ARTICLES
POPULAR POSTS