ਮੁੰਬਈ/ਬਿਊਰੋ ਨਿਊਜ਼ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਕਿਹਾ ਕਿ 2000 ਰੁਪਏ ਦੇ ਨੋਟ ਵਾਪਸ ਲੈਣ ਦੇ ਫ਼ੈਸਲੇ ਮਗਰੋਂ 76 ਫੀਸਦੀ ਯਾਨੀ 2.72 ਲੱਖ ਕਰੋਡ ਰੁਪਏ ਦੇ ਨੋਟ ਬੈਂਕਾਂ ਵਿੱਚ ਜਮ੍ਹਾਂ ਹੋਏ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੋਟ ਲੋਕਾਂ ਨੇ ਆਪਣੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਏ ਹਨ। ਕੇਂਦਰੀ ਬੈਂਕ ਨੇ ਬੀਤੀ 19 ਮਈ ਨੂੰ ਅਚਾਨਕ 2000 ਰੁਪਏ ਦੇ ਨੋਟ ਵਾਪਸ ਲੈਣ ਦਾ ਫ਼ੈਸਲਾ ਕੀਤਾ ਸੀ। ਲੋਕਾਂ ਨੂੰ 30 ਸਤੰਬਰ ਤੱਕ 2000 ਰੁਪਏ ਦੇ ਨੋਟ ਆਪਣੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ ਜਾਂ ਹੋਰ ਕੀਮਤ ਦੇ ਨੋਟਾਂ ਵਿੱਚ ਬਦਲਣ ਲਈ ਆਖਿਆ ਗਿਆ ਹੈ। ਰਿਜ਼ਰਵ ਬੈਂਕ ਮੁਤਾਬਕ ਮੁੱਲ ਦੇ ਹਿਸਾਬ ਨਾਲ ਮਾਰਚ 2023 ਤੱਕ ਚਲਣ ਵਿੱਚ ਕੁੱਲ 3.62 ਲੱਖ ਕਰੋੜ ਰੁਪਏ ਦੇ ਨੋਟ 2000 ਰੁਪਏ ਦੇ ਸਨ। ਇਹ 19 ਮਈ 2023 ਨੂੰ ਕਾਰੋਬਾਰੀ ਸਮਾਂ ਖ਼ਤਮ ਹੋਣ ਮਗਰੋਂ ਘਟ ਕੇ 3.56 ਲੱਖ ਕਰੋੜ ਰੁਪਏ ਰਹਿ ਗਏ ਸਨ।