ਆਤਿਸ਼ੀ ਨੇ ਅਰਵਿੰਦ ਕੇਜਰੀਵਾਲ ਵਾਲੀ ਕੁਰਸੀ ਛੱਡੀ ਖਾਲੀ
ਨਵੀਂ ਦਿੱਲੀ/ਬਿਊਰੋ ਟਿਊਜ਼ : ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਨੇ ਦਿੱਲੀ ਦੇ ਅੱਠਵੇਂ ਮੁੱਖ ਮੰਤਰੀ ਵਜੋਂ ਅਹੁਦਾ ਸਾਂਭ ਲਿਆ ਹੈ। ਉਹ ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ ਹਨ।
ਉਨ੍ਹਾਂ ਕੇਜਰੀਵਾਲ ਵਾਲੀ ਕੁਰਸੀ ਖਾਲੀ ਰੱਖ ਕੇ ‘ਭਰਤ’ ਵਾਂਗ ਸਰਕਾਰ ਚਲਾਉਣ ਦਾ ਅਹਿਦ ਲਿਆ ਤੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਵਾਲੀ ਕੁਰਸੀ ਉੱਪਰ ਬੈਠਣ ਦੀ ਥਾਂ ਵੱਖਰੀ ਕੁਰਸੀ ‘ਤੇ ਬੈਠ ਕੇ ਕੰਮਕਾਰ ਸ਼ੁਰੂ ਕੀਤੇ। ਉਹ ਦਿੱਲੀ ਦੀ ਹੁਣ ਤੱਕ ਸਭ ਤੋਂ ਛੋਟੀ ਉਮਰ ਦੀ ਤੇ ਤੀਜੀ ਮਹਿਲਾ ਮੁੱਖ ਮੰਤਰੀ ਬਣੀ ਹੈ। ਉਨ੍ਹਾਂ ਕੋਲ 13 ਮਹਿਕਮੇ ਹੋਣਗੇ।
ਅਹੁਦਾ ਸਾਂਭਣ ਮਗਰੋਂ ਆਤਿਸ਼ੀ ਨੇ ਕਿਹਾ ਕਿ ਉਹ ਦਿੱਲੀ ਦੀ ਕਾਰਜਕਾਰੀ ਮੁੱਖ ਮੰਤਰੀ ਵਜੋਂ ਚਾਰ ਮਹੀਨੇ ਕੰਮ ਕਰੇਗੀ ਅਤੇ ਉਹ ਜਿਸ ਤਰ੍ਹਾਂ ਭਰਤ ਨੇ ਭਗਵਾਨ ਰਾਮ ਦੀਆਂ ਖੜਾਵਾਂ ਗੱਦੀ ‘ਤੇ ਰੱਖ ਕੇ ਰਾਜ ਚਲਾਇਆ ਸੀ, ਉਹ ਵੀ ਉਸੇ ਤਰ੍ਹਾਂ ਕੰਮ ਕਰਨਗੇ ਅਤੇ ਅਰਵਿੰਦ ਕੇਜਰੀਵਾਲ ਦੀ ਕੁਰਸੀ ‘ਤੇ ਨਹੀਂ ਬੈਠਣਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਅਹੁਦਾ ਛੱਡ ਕੇ ਰਾਜਨੀਤੀ ‘ਚ ਮਿਸਾਲ ਕਾਇਮ ਕੀਤੀ ਹੈ।
ਆਤਿਸ਼ੀ ਕੋਲ ਸਿੱਖਿਆ, ਮਾਲੀਆ, ਵਿੱਤ, ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਸਮੇਤ ਕੁੱਲ 13 ਵਿਭਾਗ ਹਨ। ਇਸੇ ਤਰ੍ਹਾਂ ਦਿੱਲੀ ਸਰਕਾਰ ਦੇ ਨਵੇਂ ਮੰਤਰੀਆਂ ਮੁਕੇਸ਼ ਅਹਿਲਾਵਤ, ਗੋਪਾਲ ਰਾਏ, ਇਮਰਾਨ ਹੁਸੈਨ, ਕੈਲਾਸ਼ ਗਹਿਲੋਤ ਤੇ ਸੌਰਭ ਭਾਰਦਵਾਜ ਨੇ ਵੀ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ।
ਵਿਰੋਧੀ ਧਿਰ ਵੱਲੋਂ ਆਤਿਸ਼ੀ ਦਾ ਫੈਸਲਾ ਸੰਵਿਧਾਨ ਦੀ ਬੇਇੱਜ਼ਤੀ ਕਰਾਰ
ਭਾਜਪਾ ਤੇ ਕਾਂਗਰਸ ਨੇ ਕੇਜਰੀਵਾਲ ਵੱਲੋਂ ਵਰਤੀ ਗਈ ਮੁੱਖ ਮੰਤਰੀ ਦੀ ਕੁਰਸੀ ‘ਤੇ ਨਾ ਬੈਠਣ ਦੇ ਆਤਿਸ਼ੀ ਦੇ ਫੈਸਲੇ ਨੂੰ ਸੰਵਿਧਾਨਕ ਨਿਯਮਾਂ ਤੇ ਮੁੱਖ ਮੰਤਰੀ ਦੇ ਅਹੁਦੇ ਦੀ ਬੇਇੱਜ਼ਤੀ ਕਰਾਰ ਦਿੱਤਾ ਹੈ। ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਕਿਹਾ, ‘ਉਨ੍ਹਾਂ (ਆਤਿਸ਼ੀ) ਜੋ ਕੀਤਾ ਉਹ ਆਦਰਸ਼ ਨਹੀਂ ਹੈ। ਉਨ੍ਹਾਂ ਆਪਣੇ ਇਸ ਫੈਸਲੇ ਨਾਲ ਨਾ ਸਿਰਫ ਮੁੱਖ ਮੰਤਰੀ ਦੇ ਅਹੁਦੇ ਦਾ ਅਪਮਾਨ ਕੀਤਾ ਹੈ, ਬਲਕਿ ਇਸ ਨਾਲ ਦਿੱਲੀ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪੁੱਜੀ ਹੈ। ਅਰਵਿੰਦ ਕੇਜਰੀਵਾਲ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਕੀ ਉਹ ਰਿਮੋਟ ਕੰਟਰੋਲ ਨਾਲ ਸਰਕਾਰ ਚਲਾਉਣਗੇ।’ ਦਿੱਲੀ ਕਾਂਗਰਸ ਦੇ ਮੁਖੀ ਦੇਵੇਂਦਰ ਯਾਦਵ ਨੇ ਕਿਹਾ, ‘ਮੈਨੂੰ ਇਸ ‘ਤੇ ਸਖ਼ਤ ਇਤਰਾਜ਼ ਹੈ ਕਿ ਜੋ ਵਿਅਕਤੀ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਜੇਲ੍ਹ ‘ਚ ਸੀ, ਉਸ ਦੀ ਤੁਲਨਾ ਭਗਵਾਨ ਰਾਮ ਨਾਲ ਕੀਤੀ ਜਾ ਰਹੀ ਹੈ। ਆਤਿਸ਼ੀ ਨੇ ਖੁਦ ਨੂੰ ਡੰਮੀ ਮੁੱਖ ਮੰਤਰੀ ਵਜੋਂ ਪੇਸ਼ ਕੀਤਾ ਹੈ।’
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …