ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪ੍ਰਧਾਨਗੀ ‘ਚ ਹਰਿਆਣਾ ਮੰਤਰੀ ਮੰਡਲ ਦੀ ਹੋਈ ਮੀਟਿੰਗ ‘ਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਵਾਰਡਾਂ ਤੇ ਚੋਣਾਂ ਦੀ ਹੱਦਬੰਦੀ) ਨਿਯਮ-2023 ਨੂੰ ਪ੍ਰਵਾਨਗੀ ਦੇਣ ਸਮੇਤ ਕਈ ਮਹੱਤਵਪੂਰਨ ਫੈਸਲੇ ਲਏ ਗਏ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਾਂ ਅਤੇ ਨਿਗਰਾਨੀ ਦੇ ਲਈ ਗਠਿਤ ਐੱਡਹਾਕ ਕਮੇਟੀ ਦਾ ਕਾਰਜਕਾਲ 18 ਮਹੀਨੇ ਬਾਅਦ ਖਤਮ ਹੋ ਰਿਹਾ ਹੈ ਇਸ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਚੋਣ ਲਈ ਹਰਿਆਣਾ ‘ਚ ਗੁਰਦੁਆਰਾ ਕਮੇਟੀਆਂ ਦੀ ਚੋਣ ਕਰਵਾਉਣੀ ਜ਼ਰੂਰੀ ਹੈ ਅਤੇ ਇਸੇ ਉਦੇਸ਼ ਨਾਲ ਉਪਰੋਕਤ ਨਿਯਮਾ ਨੂੰ ਅਧਿਨਿਯਮਤ ਕੀਤਾ ਗਿਆ ਹੈ। ਹਰਿਆਣਾ ਰਾਜ ‘ਚ ਗੁਰਦੁਆਰਿਆਂ ਅਤੇ ਗੁਰਦੁਆਰਿਆਂ ਦੀਆਂ ਜਾਇਦਾਦਾਂ ਦੇ ਬਿਹਤਰ ਸੁਤੰਤਰ ਪ੍ਰਬੰਧਨ ਦੇ ਉਦੇਸ਼ ਨਾਲ ਹਰਿਆਣਾ ਸਰਕਾਰ ਵਲੋਂ 14 ਜੁਲਾਈ 2014 ਨੂੰ ਨੋਟੀਫਿਕੇਸ਼ਨ ਦੇ ਜ਼ਰੀਏ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਨ ਨਿਯਮ 2014 ਅਧਿਨਿਯਮਤ ਕੀਤਾ ਗਿਆ ਸੀ।