
ਵੌਇਸ ਏ.ਆਈ. ਡਾਕਟਰ ਕਰੇਗਾ ਤੁਹਾਡਾ ਇਲਾਜ
ਨਵੀਂ ਦਿੱਲੀ/ਬਿਊਰੋ ਨਿਊਜ਼
ਇੰਡੀਆ ਏ.ਆਈ. ਇਮਪੈਕਟ ਸਮਿਟ ਵਿਚ ਜੀਓ ਪੈਵੀਲੀਅਨ ’ਤੇ ਪ੍ਰਦਰਸ਼ਿਤ ‘ਜੀਓ ਆਰੋਗਿਆ ਏ.ਆਈ.’ ਨੇ ਪ੍ਰਾਇਮਰੀ ਹੈਲਥ ਕੇਅਰ ਖੇਤਰ ਵਿਚ ਏ.ਆਈ.-ਅਧਾਰਿਤ ਕਲੀਨਿਕ ਮਾਡਲ ਪੇਸ਼ ਕੀਤਾ ਹੈ। ਇਹ ਏ.ਆਈ.-ਪਾਵਰਡ ਸਿਸਟਮ ਕੁਝ ਹੀ ਮਿੰਟਾਂ ਵਿਚ ਮਰੀਜ਼ ਦੇ ਮੁੱਖ ਹੈਲਥ ਪੈਰਾਮੀਟਰਾਂ ਦੀ ਸਕਰੀਨਿੰਗ ਕਰਕੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਦਾ ਹੈ, ਸੰਭਾਵਿਤ ਖਤਰਿਆਂ ਦੀ ਪਹਿਚਾਣ ਕਰਦਾ ਹੈ ਅਤੇ ਲੋੜ ਮੁਤਾਬਕ ਸਪੈਸ਼ਲਿਸਟ ਕੋਲ ਰੈਫਰ ਕਰਨ ਦੀ ਸਲਾਹ ਦਿੰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸਦਾ ਮੁੱਖ ਮਕਸਦ ਦੇਸ਼ ਦੇ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਏ-ਆਈ-ਸਮਰੱਥ ਕਲੀਨਿਕਾਂ ਵਿਚ ਬਦਲਣਾ ਹੈ ਤਾਂ ਜੋ ਦੂਰ-ਦਰਾਜ ਦੇ ਇਲਾਕਿਆਂ ਵਿਚ ਵੀ ਤੇਜ਼ ਅਤੇ ਸਸਤੀਆਂ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾ ਸਕਣ। ਇਸ ਸਿਸਟਮ ਵਿਚ ਮਰੀਜ਼ ਇਕ ਏ.ਆਈ.- ਸਮਰੱਥ ਡਾਇਗਨੋਸਟਿਕ ਡਿਵਾਈਸ, ਯਾਨੀ ਸਮਾਰਟ ਮਿਰਰ ਦੇ ਸਾਹਮਣੇ ਖੜ੍ਹਦਾ ਹੈ। ਇਹ ਸਮਾਰਟ ਮਿਰਰ ਅੱਖਾਂ, ਚਮੜੀ ਅਤੇ ਹੋਰ ਵਿਜ਼ੂਅਲ ਸੰਕੇਤਾਂ ਦੇ ਅਧਾਰ ’ਤੇ ਜ਼ਰੂਰੀ ਰੀਡਿੰਗਜ਼ ਲੈਂਦਾ ਹੈ। ਇਸ ਤੋਂ ਬਾਅਦ ਏ.ਆਈ ਇਨ੍ਹਾਂ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਪ੍ਰਾਰੰਭਿਕ ਹੈਲਥ ਅਸੈਸਮੈਂਟ ਤਿਆਰ ਕਰਦਾ ਹੈ।

