Breaking News
Home / ਭਾਰਤ / ਕਾਂਗਰਸ ਸਰਕਾਰਾਂ ਨੇ ਪਿੰਡਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ : ਨਰਿੰਦਰ ਮੋਦੀ

ਕਾਂਗਰਸ ਸਰਕਾਰਾਂ ਨੇ ਪਿੰਡਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ : ਨਰਿੰਦਰ ਮੋਦੀ

ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮੌਕੇ ਮੱਧ ਪ੍ਰਦੇਸ਼ ਦੇ ਰੇਵਾ ‘ਚ ਕੀਤਾ ਸੰਬੋਧਨ
ਰੇਵਾ (ਮੱਧ ਪ੍ਰਦੇਸ਼)/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੀਆਂ ਕਾਂਗਰਸ ਸਰਕਾਰਾਂ ‘ਤੇ ਸੁਤੰਤਰਤਾ ਤੋਂ ਬਾਅਦ ਦੇਸ਼ ਵਿਚ ਪਿੰਡਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਅਤੇ ਉਨ੍ਹਾਂ ਦਾ ਭਰੋਸਾ ਤੋੜਨ ਦਾ ਆਰੋਪ ਲਾਇਆ। ਰੇਵਾ ਵਿਖੇ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਸਥਿਤੀ ਨੂੰ ਬਦਲਿਆ ਅਤੇ ਪੰਚਾਇਤਾਂ ਨੂੰ ਵੱਡੀਆਂ ਗਰਾਂਟਾਂ ਦਿੱਤੀਆਂ। ਮੋਦੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਜਿਸ ਪਾਰਟੀ ਨੇ ਸਭ ਤੋਂ ਵੱਧ ਰਾਜ ਕੀਤਾ, ਨੇ ਪਿੰਡਾਂ ਦਾ ਭਰੋਸਾ ਤੋੜਿਆ, ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ। ਕਈ ਪ੍ਰਾਜੈਕਟਾਂ ਦਾ ਵਰਚੁਅਲੀ ਤੌਰ ‘ਤੇ ਉਦਘਾਟਨ ਕਰਨ ਬਾਅਦ ਉਨ੍ਹਾਂ ਕਿਹਾ ਕਿ ਲੋਕ, ਸਕੂਲਾਂ, ਸੜਕਾਂ, ਬਿਜਲੀ, ਸਟੋਰੇਜ ਸਹੂਲਤਾਂ ਅਤੇ ਪਿੰਡਾਂ ਦੀ ਆਰਥਿਕਤਾ ਇਹ ਸਾਰੀਆਂ ਚੀਜ਼ਾਂ ਨੂੰ ਕਾਂਗਰਸ ਦੇ ਸ਼ਾਸਨ ਦੌਰਾਨ ਸਰਕਾਰ ਦੀਆਂ ਤਰਜੀਹਾਂ ‘ਚ ਸਭ ਤੋਂ ਹੇਠਾਂ ਰੱਖਿਆ ਗਿਆ ਸੀ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਪਿੰਡਾਂ ਲਈ ਪੈਸਾ ਖਰਚਣ ਤੋਂ ਗੁਰੇਜ਼ ਕਰਦੀਆਂ ਸਨ ਕਿਉਂਕਿ ਪਿੰਡ ਆਪਣੇ ਆਪ ‘ਚ ਵੋਟ ਬੈਂਕ ਨਹੀਂ ਹੁੰਦੇ। ਇਸੇ ਲਈ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਪਾਰਟੀਆਂ ਪਿੰਡਾਂ ਦੇ ਲੋਕਾਂ ਨੂੰ ਵੰਡ ਕੇ ਆਪਣੀ ਦੁਕਾਨ ਚਲਾ ਰਹੀਆਂ ਸਨ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਨੇ ਪਿੰਡਾਂ ਨਾਲ ਹੋ ਰਹੇ ਅਨਿਆਂ ਨੂੰ ਸਮਾਪਤ ਕਰ ਕੇ ਉਨ੍ਹਾਂ ਦੇ ਵਿਕਾਸ ਲਈ ਆਪਣਾ ਖਜ਼ਾਨਾ ਖੋਲ੍ਹ ਦਿੱਤਾ।
ਪ੍ਰਧਾਨ ਮੰਤਰੀ ਨੇ ਰਾਸ਼ਟਰੀ ਪੰਚਾਇਤੀ ਦਿਵਸ ਦੀ ਲੋਕਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਰੇਵਾ ‘ਚ ਹੋਏ ਪ੍ਰੋਗਰਾਮ ਨਾਲ ਦੇਸ਼ ਭਰ ਤੋਂ 30 ਲੱਖ ਪੰਚਾਇਤੀ ਪ੍ਰਤੀਨਿਧੀ ਵਰਚੁਅਲੀ ਤੌਰ ‘ਤੇ ਜੁੜੇ ਹਨ।
ਉਨ੍ਹਾਂ ਕਿਹਾ ਕਿ ਯਕੀਨਨ ਇਹ ਭਾਰਤ ਦੇ ਲੋਕਤੰਤਰ ਦੀ ਬਹੁਤ ਮਜ਼ਬੂਤ ਤਸਵੀਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਦੇਸ਼ ਨੇ ਆਪਣੀਆਂ ਪੰਚਾਇਤਾਂ ਦੇ ਸਸ਼ਕਤੀਕਰਨ ਦਾ ਬੀੜਾ ਚੁੱਕਿਆ ਹੈ ਤੇ ਨਤੀਜਾ ਅੱਜ ਦਿਖਾਈ ਦੇ ਰਿਹਾ ਹੈ। ਹੁਣ ਭਾਰਤ ਦੀਆਂ ਪੰਚਾਇਤਾਂ ਪਿੰਡਾਂ ਦੀ ਵਿਕਾਸ ਦੀ ਜੀਵਨ ਰੇਖਾ ਬਣ ਕੇ ਉਭਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੁਤੰਤਰਤਾ ਤੋਂ ਬਾਅਦ ਸਰਕਾਰਾਂ ਨੇ ਦੇਸ਼ ਵਿਚ ਪੰਚਾਇਤੀ ਰਾਜ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ। ਮੋਦੀ ਨੇ ਕਿਹਾ ਕਿ ਡਿਜੀਟਲ ਕ੍ਰਾਂਤੀ ਦੇ ਇਸ ਯੁੱਗ ‘ਚ ਪੰਚਾਇਤਾਂ ਨੂੰ ਸਮਾਰਟ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਈ-ਗ੍ਰਾਮਸਵਰਾਜ-ਜੀਈਐਮ ਏਕੀਕ੍ਰਿਤ ਪੋਰਟਲ ਸੋਮਵਾਰ ਨੂੰ ਲਾਂਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਨਾਲ ਪੰਚਾਇਤਾਂ ਰਾਹੀਂ ਹੋਣ ਵਾਲੀ ਖ਼ਰੀਦ ਪ੍ਰਕਿਰਿਆ ਸਰਲ ਅਤੇ ਪਾਰਦਰਸ਼ੀ ਹੋਵੇਗੀ।
ਉਨ੍ਹਾਂ ਕਿਹਾ ਕਿ ਭਾਰਤ ਵਿਚ ਪਿੰਡਾਂ ਦੀ ਆਰਥਿਕ ਪ੍ਰਣਾਲੀ ਦਾ ਵਿਕਾਸ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਵਿਕਸਿਤ ਬਣਾਉਣ ਲਈ ਪੰਚਾਇਤੀ ਵਿਵਸਥਾ ਨੂੰ ਮਜ਼ਬੂਤ ਬਣਾਉਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਮਰਥਨ ਦੇ ਕਾਰਨ ਉਨ੍ਹਾਂ ਦੇ ਰੇਡੀਓ ਪ੍ਰਸਾਰਨ ‘ਮਨ ਕੀ ਬਾਤ’ ਦਾ 100ਵਾਂ ਸੰਸਕਰਨ ਪੂਰਾ ਹੋਣ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨੇ ਜਲ ਜੀਵਨ ਮਿਸ਼ਨ ਤਹਿਤ 7853 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਦੇ ਉਦਘਾਟਨ ਕੀਤੇ। ਉਨ੍ਹਾਂ ਨੇ 2300 ਕਰੋੜ ਰੁਪਏ ਦੇ ਵੱਖ-ਵੱਖ ਰੇਲਵੇ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਅਤੇ ਕੁਝ ਰਾਸ਼ਟਰ ਨੂੰ ਸਮਰਪਿਤ ਕੀਤੇ।

Check Also

ਭਾਰਤ ’ਚ ਕਮਰਸ਼ੀਅਲ ਗੈਸ ਸਿਲੰਡਰ 19 ਰੁਪਏ ਹੋਇਆ ਸਸਤਾ

ਰਸੋਈ ਗੈਸ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਤੇਲ ਮਾਰਕੀਟਿੰਗ …