ਕਿਹਾ, ਮੈਂ ਸੱਚ ਬੋਲਣ ਦੀ ਕੀਮਤ ਚੁਕਾਈ
ਨਵੀਂ ਦਿੱਲੀ/ਬਿਊਰੋ ਨਿਊਜ਼ : ਮਾਣਹਾਨੀ ਮਾਮਲੇ ‘ਚ ਸਜ਼ਾ ਹੋਣ ਤੋਂ ਬਾਅਦ ਆਪਣੀ ਲੋਕ ਸਭਾ ਮੈਂਬਰਸ਼ਿਪ ਗਵਾਉਣ ਵਾਲੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਲੰਘੇ ਸਨਿਚਰਵਾਰ ਨੂੰ ਲੁਟੀਅਨ ਦਿੱਲੀ ‘ਚ ਸਥਿਤ ਆਪਣੇ ਸਰਕਾਰੀ ਬੰਗਲੇ ਨੂੰ ਖਾਲੀ ਕਰ ਦਿੱਤਾ ਅਤੇ ਆਪਣੀ ਮਾਂ ਸੋਨੀਆ ਗਾਂਧੀ ਦੀ 10 ਜਨਪਥ ਸਥਿਤ ਰਿਹਾਇਸ਼ ‘ਚ ਤਬਦੀਲ ਹੋ ਗਏ। ਬੰਗਲਾ ਖਾਲੀ ਕਰਨ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਸੱਚ ਬੋਲਣ ਦੀ ਕੀਮਤ ਚੁਕਾਈ ਹੈ ਅਤੇ ਮੈਂ ਕੋਈ ਵੀ ਕੀਮਤ ਚੁਕਾਉਣ ਲਈ ਤਿਆਰ ਹਾਂ। ਉਨ੍ਹਾਂ ਲੋਕਾਂ ਦੇ ਮਸਲੇ ਉਠਾਉਂਦੇ ਰਹਿਣ ਦਾ ਵੀ ਸੰਕਲਪ ਲਿਆ। ਇਸ ਤੋਂ ਪਹਿਲਾਂ ਸਨਿਚਰਵਾਰ ਸਵੇਰੇ ਰਾਹੁਲ ਗਾਂਧੀ ਨੇ ਆਪਣੇ 12, ਤੁਗਲਕਲੇਨ ਨਿਵਾਸ ‘ਚੋਂ ਆਪਣਾ ਸਾਰਾ ਸਮਾਨ ਬਾਹਰ ਕੱਢਿਆ, ਜਿੱਥੇ ਉਹ ਲਗਪਗ ਦੋ ਦਹਾਕਿਆਂ ਤੋਂ ਰਹਿ ਰਹੇ ਸਨ। ਰਾਹੁਲ ਆਪਣੀ ਮਾਂ ਸੋਨੀਆ ਗਾਂਧੀ ਤੇ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਸਵੇਰੇ ਆਪਣੇ ਬੰਗਲੇ ‘ਤੇ ਪੁੱਜੇ। ਉਨ੍ਹਾਂ ਕੇਂਦਰੀ ਲੋਕ ਨਿਰਮਾਣ ਵਿਭਾਗ (ਸੀ.ਪੀ.ਡਬਲਯੂ.ਡੀ.) ਦੇ ਅਧਿਕਾਰੀਆਂ ਨੂੰ ਖਾਲੀ ਕੀਤੇ ਗਏ ਘਰ ਦੀਆਂ ਚਾਬੀਆਂ ਸੌਂਪੀਆਂ। ਬੰਗਲਾ ਛੱਡਣ ਸਮੇਂ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਹੁਲ ਨੇ ਕਿਹਾ ਕਿ ਮੈਨੂੰ ਕੋਈ ਸਮੱਸਿਆ ਨਹੀਂ ਹੈ ਭਾਵੇਂ ਮੇਰੇ ਕੋਲੋਂ ਇਹ ਖੋਹ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਘਰ ਮੈਨੂੰ ਭਾਰਤ ਦੇ ਲੋਕਾਂ ਨੇ ਦਿੱਤਾ ਸੀ। ਮੈਂ ਕੁਝ ਸਮਾਂ ਆਪਣੀ ਮਾਂ ਦੀ ਰਿਹਾਇਸ਼ ‘ਚ ਰਹਾਂਗਾ ਅਤੇ ਫਿਰ ਕੁਝ ਹੋਰ ਰਸਤਾ ਲੱਭਾਂਗਾ। ਇਹ ਪੁੱਛੇ ਜਾਣ ‘ਤੇ ਕਿ ਉਹ ਬੰਗਲਾ ਖਾਲੀ ਕਰਨ ਲਈ ਹੋਰ ਸਮਾਂ ਮੰਗ ਸਕਦੇ ਸਨ, ਤਾਂ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਇਸ ਘਰ ‘ਚ ਨਹੀਂ ਰਹਿਣਾ ਚਾਹੁੰਦਾ। ਉਧਰ ਕਾਂਗਰਸ ਨੇ ਕਿਹਾ ਕਿ ਸਰਕਾਰ ਰਾਹੁਲ ਗਾਂਧੀ ਨੂੰ ਇਕ ਘਰ ਤੋਂ ਬੇਦਖਲ ਕਰ ਸਕਦੀ ਹੈ ਪਰ ਉਹ ਕਰੋੜਾਂ ਭਾਰਤੀਆਂ ਦੇ ਦਿਲਾਂ ਤੇ ਘਰਾਂ ‘ਚ ਥਾਂ ਰੱਖਦੇ ਹਨ। ਇਸ ਤੋਂ ਇਲਾਵਾ ਪਾਰਟੀ ਆਗੂਆਂ ਨੇ ਰਾਹੁਲ ਗਾਂਧੀ ਨੂੰ ਆਪਣੇ ਘਰਾਂ ਦੀ ਪੇਸ਼ਕਸ਼ ਕਰਦਿਆਂ ਹੋਇਆਂ ਸ਼ੋਸ਼ਲ ਮੀਡੀਆ ਉਤੇ ‘ਮੇਰਾ ਘਰ ਆਪਕਾ ਘਰ’ ਮੁਹਿੰਮ ਵੀ ਚਲਾਈ ਹੈ।
Check Also
ਮਹਾਰਾਸ਼ਟਰ ’ਚ ਭਾਜਪਾ-ਸ਼ਿਵਸੈਨਾ ਵਿਚਾਲੇ ਗ੍ਰਹਿ ਮੰਤਰਾਲੇ ਨੂੰ ਲੈ ਕੇ ਫਸਿਆ ਪੇਚ
ਭਾਜਪਾ ਨੇ ਮੁੱਖ ਮੰਤਰੀ ਵਜੋਂ ਦੇਵੇਂਦਰ ਫੜਨਵੀਸ ਦਾ ਨਾਮ ਕੀਤਾ ਤੈਅ ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰ …