ਕਿਹਾ : ਕਾਂਗਰਸ ਦੀ ਸਰਕਾਰ ਬਣੀ ਤਾਂ ਮਹਿੰਗਾਈ ਰੋਕਾਂਗੇ
ਬਰਪੇਟਾ (ਅਸਾਮ)/ਬਿਊਰੋ ਨਿਊਜ਼
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਾਰਟੀ ਦੇ ਚੋਣ ਮਨੋਰਥ ਪੱਤਰ ‘ਤੇ ਮੁਸਲਿਮ ਲੀਗ ਦਾ ਛਾਪ ਹੋਣ ਸਬੰਧੀ ਭਾਜਪਾ ਦੇ ਦਾਅਵਾ ਨੂੰ ਨਕਾਰਦਿਆਂ ਕਿਹਾ ਕਿ ‘ਮੋਦੀ ਦੀ ਝੂਠਾਂ ਦੀ ਫੈਕਟਰੀ’ ਸਦਾ ਨਹੀਂ ਚੱਲੇਗੀ।
ਆਸਾਮ ਦੇ ਬਰਪੇਟਾ ‘ਚ ਚੋਣ ਰੈਲੀ ਦੌਰਾਨ ਖੜਗੇ ਨੇ ਕਿਹਾ ਕਿ ਦੇਸ਼ ‘ਚ ਬੇਰੁਜ਼ਗਾਰੀ ਵੱਡੀ ਸਮੱਸਿਆ ਹੈ ਅਤੇ 65 ਫੀਸਦ ਪੜ੍ਹੇ-ਲਿਖੇ ਨੌਜਵਾਨਾਂ (ਕੁੜੀਆਂ-ਮੁੰਡਿਆਂ) ਕੋਲ ਨੌਕਰੀ ਨਹੀਂ ਹੈ। ਉਨ੍ਹਾਂ ਆਖਿਆ, ”ਇੰਡੀਆ ਗੱਠਜੋੜ ਸੱਤਾ ਵਿੱਚ ਆਵੇਗਾ ਤੇ ਭਾਜਪਾ ਨੂੰ ਰੋਕੇਗਾ। ਸਾਡੀ ਸਰਕਾਰ ਬਣਨ ‘ਤੇ ਅਸੀਂ ਮਹਿੰਗਾਈ ਕੰਟਰੋਲ ਕਰਾਂਗੇ ਅਤੇ ਸਾਡਾ ਧਿਆਨ ਗਰੀਬ ਲੋਕਾਂ ‘ਤੇ ਕੇਂਦਰਤ ਹੋਵੇਗਾ। ਅਸੀਂ ਸਰਕਾਰੀ ਵਿਭਾਗਾਂ ‘ਚ 30 ਲੱਖ ਅਸਾਮੀਆਂ ਭਰਾਂਗੇ।” ਖੜਗੇ ਨੇ ”ਮੋਦੀ ਨੂੰ ਝੂਠਿਆਂ ਦਾ ਸਰਦਾਰ” ਕਰਾਰ ਦਿੰਦਿਆਂ ਆਰੋਪ ਲਾਇਆ ਕਿ ਉਨ੍ਹਾਂ ਨੇ ਸਾਲਾਨਾ ਦੋ ਕਰੋੜ ਨੌਕਰੀਆਂ ਦੇਣ, ਕਾਲਾ ਧਨ ਵਾਪਸ ਦੇਸ਼ ‘ਚ ਲਿਆਉਣ ਤੇ ਹਰ ਵਿਅਕਤੀ ਨੂੰ 15 ਲੱਖ ਰੁਪਏ ਦੇਣ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਬਾਰੇ ਝੂਠ ਬੋਲਿਆ ਹੈ। ਉਨ੍ਹਾਂ ਕਿਹਾ, ”ਮੋਦੀ ਦੀ ਝੂਠਾਂ ਦੀ ਫੈਕਟਰੀ ਹਮੇਸ਼ਾ ਨਹੀਂ ਚੱਲੇਗੀ। ਉਨ੍ਹਾਂ ਨੇ ਕਾਂਗਰਸ ਦੇ ਮੈਨੀਫੈਸਟੋ ਨੂੰ ਮੁਸਲਿਮ ਲੀਗ ਦਾ ਚੋਣ ਮਨੋਰਥ ਪੱਤਰ ਦੱਸ ਕੇ ਇੱਕ ਹੋਰ ਝੂਠ ਬੋਲਿਆ ਹੈ।”
ਕਾਂਗਰਸ ਪ੍ਰਧਾਨ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਦਾ ਧਨ ਲੁੱਟ ਰਹੀ ਹੈ ਅਤੇ ਇਹ ”ਆਪਣੇ ਕੁਝ ਅਮੀਰ ਦੋਸਤਾਂ” ਨੂੰ ਦੇ ਰਹੀ ਹੈ। ਉਨ੍ਹਾਂ ਦਾਅਵਾ ਕੀਤਾ, ”ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸਰਮਾਏਦਾਰ ਮਿੱਤਰਾਂ ਦਾ 16 ਲੱਖ ਕਰੋੜ ਦਾ ਕਰਜ਼ ਮੁਆਫ਼ ਕੀਤਾ ਹੈ ਪਰ ਅਸੀਂ ਭਾਜਪਾ ਤੇ ਆਰਐੱਸਐੱਸ ਵਾਂਗ ਦੇਸ਼ ਨੂੰ ਕਦੇ ਵੀ ਲੁੱਟਾਂਗੇ ਜਾਂ ਪਾੜਾਂਗੇ ਨਹੀਂ, ਜੋ ਭਾਈਚਾਰੇ, ਜਾਤਾਂ ਤੇ ਧਰਮਾਂ ਵਿਚਾਲੇ ਲੜਾਈ ਪਾਉਣ ‘ਚ ਮਾਹਿਰ ਹਨ।” ਉਨ੍ਹਾਂ ਨੇ ਹਿੰਸਾਗ੍ਰਸਤ ਮਨੀਪੁਰ ਦਾ ਦੌਰਾ ਨਾ ਕਰਨ ਲਈ ਵੀ ਮੋਦੀ ਦੀ ਨਿਖੇਧੀ ਕੀਤੀ।
ਖੜਗੇ ਨੇ ਇਹ ਦਾਅਵਾ ਵੀ ਕੀਤਾ, ”ਪ੍ਰਧਾਨ ਮੰਤਰੀ ਮੋਦੀ ਕਾਂਗਰਸ ਤੇ ਗਾਂਧੀ ਪਰਿਵਾਰ ‘ਤੇ ਲਗਾਤਾਰ ਹਮਲੇ ਕਰ ਰਹੇ ਹਨ ਕਿਉਂਕਿ ਉਹ ਡਰੇ ਹੋਏ ਹਨ ਤੇ ਉਨ੍ਹਾਂ ਨੂੰ ਸੱਤਾ ਖੁੱਸਣ ਦਾ ਡਰ ਸਤਾ ਰਿਹਾ ਹੈ।”