ਓਟਵਾ/ਬਿਊਰੋ ਨਿਊਜ਼ : ਕੈਨੇਡਾ ਵਿੱਚ ਇੰਟਰਨੈਸਨਲ ਸਟੂਡੈਂਟਸ ਤੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ (ਪੀਜੀਡਬਲਿਊਪੀ) ਹੋਲਡਰਜ ਦੇ ਭਵਿੱਖ ਨੂੰ ਲੈ ਕੇ ਚਿੰਤਤ ਕਈ ਅਹਿਮ ਸਿੱਖ ਜਥੇਬੰਦੀਆਂ ਨੇ ਫੈਡਰਲ ਸਰਕਾਰ ਤੋਂ ਇਸ ਪਾਸੇ ਸੁਧਾਰ ਕਰਨ ਦੀ ਮੰਗ ਕੀਤੀ ਹੈ।
ਇਮੀਗ੍ਰੇਸ਼ਨ ਮੰਤਰੀ ਮਾਰਕ ਮਿੱਲਰ ਨੂੰ ਲਿਖੇ ਖੁੱਲ੍ਹੇ ਪੱਤਰ ਵਿੱਚ ਇਨ੍ਹਾਂ ਜਥੇਬੰਦੀਆਂ ਨੇ ਇੰਟਰਨੈਸ਼ਨਲ ਸਟੂਡੈਂਟਸ ਦੀ ਸਫਲਤਾ ਤੇ ਭਲਾਈ ਲਈ ਕੁੱਝ ਸੁਧਾਰ ਜਲਦ ਤੋਂ ਜਲਦ ਕਰਨ ਦੀ ਮੰਗ ਉੱਤੇ ਜੋਰ ਦਿੱਤਾ। ਇਸ ਪੱਤਰ ਉੱਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ, ਓਨਟਾਰੀਓ ਗੁਰਦੁਆਰਾਜ ਕਮੇਟੀ, ਖਾਲਸਾ ਏਡ ਕੈਨੇਡਾ ਤੇ ਇੰਟਰਨੈਸ਼ਨਲ ਸਿੱਖ ਸਟੂਡੈਂਟਸ ਐਸੋਸੀਏਸ਼ਨ ਦੇ ਆਗੂਆਂ ਨੇ ਸਾਈਨ ਕੀਤੇ। ਇਸ ਵਿੱਚ ਉਨ੍ਹਾਂ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਦਰਪੇਸ਼ ਦਿੱਕਤਾਂ ਦਾ ਖੁਲਾਸਾ ਕੀਤਾ ਹੈ।
ਇਸ ਪੱਤਰ ਵਿੱਚ ਲਿਖਿਆ ਹੈ ਕਿ 2024 ਵਿੱਚ ਪੀਜੀਡਬਲਿਊਪੀਜ ਦੇ ਮੁੱਕ ਜਾਣ ਨਾਲ ਪੀਜੀਡਬਲਿਊਪੀ ਹੋਲਡਰਜ ਲਈ ਨਵਾਂ ਸੰਕਟ ਖੜ੍ਹਾ ਹੋ ਜਾਵੇਗਾ।ਇਸ ਵਿੱਚ ਪਟੀਸਨ ਈ-4454 ਦਾ ਸਮਰਥਨ ਵੀ ਕੀਤਾ ਗਿਆ। ਇਮੀਗ੍ਰੇਸਨ ਸਿਸਟਮ ਵਿੱਚ ਆਈ ਅਸਥਿਰਤਾ ਤੇ ਪਾਲਿਸੀ ਵਿੱਚ ਆਈ ਤਬਦੀਲੀ, ਪ੍ਰੋਸੈਸਿੰਗ ਲਈ ਲੰਮਾਂ ਸਮਾਂ ਲੱਗਣ, ਅਰਜੀਆਂ ਦੀ ਪ੍ਰਕਿਰਿਆ ਵਿੱਚ ਅਸਥਿਰਤਾ ਕਾਰਨ ਇੰਟਰਨੈਸਨਲ ਸਟੂਡੈਂਟਸ ਪਰੇਸਾਨ ਹਨ। ਇਸ ਦੌਰਾਨ ਕੌਮਾਂਤਰੀ ਵਿਦਿਆਰਥੀਆਂ ਨਾਲ ਹੋ ਰਹੇ ਵਿਤਕਰੇ, ਉਨ੍ਹਾਂ ਨੂੰ ਤੰਗ ਪਰੇਸਾਨ ਕਰਨ ਦੀ ਕਵਾਇਦ ਬੰਦ ਕਰਨ ਦੀ ਵੀ ਮੰਗ ਕੀਤੀ ਗਈ।