ਇਟੋਬੀਕੋ/ਬਿਊਰੋ ਨਿਊਜ਼ :ਇਟੋਬੀਕੋ ਦੀ ਇੱਕ ਰਿਹਾਇਸ਼ੀ ਬਿਲਡਿੰਗ ਦੇ ਇੱਕ ਅਪਾਰਟਮੈਂਟ ਵਿੱਚ ਹਿੰਸਕ ਤੌਰ ਉੱਤੇ ਦਾਖਲ ਹੋ ਕੇ 30 ਸਾਲਾ ਵਿਅਕਤੀ ਦੀ ਜਾਨ ਲੈਣ ਵਾਲੇ ਤਿੰਨ ਮਸਕੂਕਾਂ ਦੀ ਪੁਲਿਸ ਭਾਲ ਕਰ ਰਹੀ ਹੈ। ਇਹ ਜਾਣਕਾਰੀ ਟੋਰਾਂਟੋ ਪੁਲਿਸ ਨੇ ਦਿੱਤੀ।
ਜਾਂਚਕਾਰਾਂ ਨੇ ਦੱਸਿਆ ਕਿ ਵੀਰਵਾਰ ਨੂੰ ਤੜ੍ਹਕੇ 2:30 ਵਜੇ ਤੋਂ ਪਹਿਲਾਂ ਤਿੰਨ ਮਸਕੂਕ ਲੇਕ ਸੋਰ ਬੁਲੇਵਾਰਡ ਵੈਸਟ ਤੇ ਲਾਂਗ ਬ੍ਰਾਂਚ ਐਵਨਿਊ ਦੇ ਇੱਕ ਅਪਾਰਟਮੈਂਟ ਵਿੱਚ ਜਬਰੀਂ ਇੱਕ ਫਲੈਟ ਵਿੱਚ ਦਾਖਲ ਹੋ ਗਏ ਤੇ ਕੀਮਤੀ ਸਮਾਨ ਦੀ ਮੰਗ ਕਰਨ ਲੱਗੇ।
ਇਸ ਸੰਘਰਸ਼ ਵਿੱਚ ਹੀ ਉਨ੍ਹਾਂ ਗੋਲੀ ਚਲਾ ਦਿੱਤੀ ਜਿਹੜੀ 30 ਸਾਲਾ ਵਿਅਕਤੀ ਨੂੰ ਲੱਗੀ। ਜ਼ਖਮੀ ਹਾਲਤ ਵਿੱਚ ਉਸ ਵਿਅਕਤੀ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ ਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਉਸ ਦੀ ਪਛਾਣ ਟੋਰਾਂਟੋ ਦੇ ਮੈਥਿਊ ਬਰਗਾਰਟ ਵਜੋਂ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਹਾਦਸੇ ਸਮੇਂ ਬਰਗਾਰਟ ਆਪਣੇ ਦੋਸਤ ਦੇ ਘਰ ਆਇਆ ਹੋਇਆ ਸੀ।
ਸ਼ੂਟਿੰਗ ਵਿੱਚ ਉਸ ਦੇ ਦੋਸਤ ਨੂੰ ਕੋਈ ਨੁਕਸਾਨ ਨਹੀਂ ਹੋਇਆ। ਟੋਰਾਂਟੋ ਪੁਲਿਸ ਦਾ ਮੰਨਣਾ ਹੈ ਕਿ ਇਸ ਘਟਨਾ ਨੂੰ ਸੋਚ ਸਮਝ ਕੇ ਅੰਜਾਮ ਦਿੱਤਾ ਗਿਆ ਹੈ ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਮ੍ਰਿਤਕ ਨੂੰ ਮਸਕੂਕ ਜਾਣਦੇ ਸਨ। ਜਾਂਚਕਾਰਾਂ ਨੇ ਦੱਸਿਆ ਕਿ ਮਸਕੂਕਾਂ ਨੇ ਮੂੰਹ ਢਕੇ ਹੋਏ ਸਨ ਤੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ। ਉਹ ਕਾਰੇ ਨੂੰ ਅੰਜਾਮ ਦੇਣ ਤੋਂ ਬਾਅਦ ਚਿੱਟੀ ਜਾਂ ਹਲਕੇ ਰੰਗ ਦੀ ਸੇਡਾਨ ਵਿੱਚ ਸਵਾਰ ਹੋ ਕੇ ਪਹਿਲਾਂ ਲਾਂਗ ਬ੍ਰਾਂਚ ਦੇ ਦੱਖਣ ਵੱਲ ਗਏ ਤੇ ਫਿਰ ਲੇਕ ਸੋਰ ਬੁਲੇਵਾਰਡ ਦੇ ਪੱਛਮ ਵੱਲ ਚਲੇ ਗਏ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …