ਟੋਰਾਂਟੋ/ਬਿਊਰੋ ਨਿਊਜ਼ : ਸਿੱਖਾਂ ਨੂੰ ਹੈਲਮਟ ਤੋਂ ਛੋਟ ਲਈ ਐਮਪੀਪੀ ਪ੍ਰਭਮੀਤ ਸਰਕਾਰੀਆ ਵਲੋਂ ਕੁਵੀਨਜ਼ ਪਾਰਕ ਵਿਖੇ ਸਿੱਖਾਂ ਨੂੰ ਹੈਲਮੇਟ ਤੋਂ ਬਿਨਾ ਮੋਟਰਸਾਈਕਲ ਚਲਾਉਣ ਲਈ ਛੋਟ ਦੇਣ ਵਾਸਤੇ ਬਿਲ ਪੇਸ਼ ਕੀਤਾ ਗਿਆ ਹੈ। ਇਹ ਪ੍ਰਾਈਵੇਟ ਮੈਬਰਜ਼ ਬਿਲ ਹੈ। ਹੁਣ ਇਸ ਉਤੇ 18 ਅਕਤੂਬਰ ਨੂੰ ਪਹਿਲੀ ਰੀਡਿੰਗ ‘ਤੇ ਬਹਿਸ ਹੋਵੇਗੀ। ਉਸ ਤੋਂ ਬਾਅਦ ਜੇਕਰ ਬਹੁਸੰਮਤੀ ਇਸ ਦੇ ਹੱਕ ਵਿਚ ਭੁਗਤਦੀ ਹੈ ਤਾਂ ਦੂਜੀ ਰੀਡਿੰਗ ਤੋਂ ਬਾਅਦ ਇਸ ਸਾਲ ਦੇ ਅੰਤ ਤੋਂ ਪਹਿਲਾਂ ਇਸ ਨੂੰ ਕਾਨੂੰਨ ਬਣਾ ਦਿੱਤਾ ਜਾਵੇਗਾ ਤੇ ਸਿੱਖ ਦਸਤਾਰ ਪਹਿਨਕੇ ਮੋਟਰਸਾਈਕਲ ਚਲਾ ਸਕਣਗੇ। ਪ੍ਰਭਮੀਤ ਸਰਕਾਰੀਆ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਕੋਈ ਪੱਕੀ ਤਰੀਕ ਇਸ ਸਮੇਂ ਤੈਅ ਨਹੀਂ ਕਰ ਸਕਦੇ, ਪਰ ਸਾਨੂੰ ਪੂਰੀ ਉਮੀਦ ਹੈ ਕਿ ਇਸ ਸਾਲ ਦੇ ਅੰਤ ਤੱਕ ਸਿੱਖਾਂ ਦੀ ਲੰਮੇ ਸਮੇਂ ਤੋਂ ਚਲੀ ਆ ਰਹੀ ਮੰਗ ਪੂਰੀ ਹੋ ਜਾਵੇਗੀ।
ਯਾਦ ਰਹੇ ਕਿ ਸਿੱਖਾਂ ਨੂੰ ਹੈਲਮੇਟ ਤੋਂ ਛੋਟ ਦਿਵਾਉਣ ਲਈ ਸਿੱਖ ਮੋਟਰਸਾਈਕਲ ਕਲੱਬ ਬੜੇ ਲੰਬੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ। ਪਹਿਲਾਂ ਐਨਡੀਪੀ ਦੇ ਰਹਿ ਚੁੱਕੇ ਡਿਪਟੀ ਲੀਡਰ ਜਗਮੀਤ ਸਿੰਘ ਨੇ ਵੀ ਕੋਸ਼ਿਸ਼ਾਂ ਕੀਤੀਆਂ ਸਨ, ਪਰ ਲਿਬਰਲਾਂ ਦੇ ਵਿਰੋਧ ਕਾਰਨ ਉਹ ਸਫ਼ਲ ਨਹੀਂ ਹੋ ਸਕਿਆ ਸੀ। ਲੰਘੇ ਸਮੇਂ ਐਨਡੀਪੀ ਤੇ ਪੀਸੀ ਦੀ ਇਸ ਬਿਲ ਲਈ ਹਮਾਇਤ ਰਹੀ ਹੈ। ਬਹੁਤੇ ਲੋਕਾਂ ਦਾ ਮੰਨਣਾ ਹੈ ਕਿ ਲਿਬਰਲਾਂ ਦੇ ਥੋੜੇ ਬਹੁਤੇ ਵਿਰੋਧ ਤੋਂ ਬਾਅਦ ਇਹ ਬਿਲ ਆਸਾਨੀ ਨਾਲ ਦੂਜੀ ਤੀਜੀ ਰੀਡਿੰਗ ਪਾਸ ਕਰਕੇ ਕਾਨੂੰਨ ਬਣ ਜਾਵੇਗਾ। ਸਿੱਖ ਹਲਕਿਆਂ ਵਿਚ ਇਸ ਸਮੇਂ ਪੀਸੀ ਪਾਰਟੀ ਦੇ ਲੀਡਰ ਡੱਗ ਫੋਰਡ ਤੇ ਪ੍ਰਭਮੀਤ ਸਰਕਾਰੀਆ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਪੀਲ ਪੁਲਿਸ ਨੇ ਲਾਇਆ ਫੂਡ ਡੋਨੇਸ਼ਨ ਕੈਂਪ
ਬਰੈਂਪਟਨ : ਪੀਲ ਪੁਲਿਸ ਜਿਥੇ ਸਮਾਜ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਕੰਮ ਕਰਦੀ ਹੈ ਉਥੇ ਹੀ ਇਸ ਵਲੋਂ ਸਮਾਜ ਭਲਾਈ ਦੇ ਕੰਮ ਵੀ ਲਗਾਤਾਰ ਜਾਰੀ ਹਨ। ਇਸੇ ਤਹਿਤ ਪੀਲ ਪੁਲਿਸ ਵਲੋਂ ਬਰੈਂਪਟਨ ਵਿਖੇ ਇੱਕ ਫੂਡ ਡੋਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ।ਇਲਾਕੇ ਦੇ ਲੋਕਾਂ ਵਲੋਂ ਦਿਲ ਖੋਲ ਕੇ ਲੋੜਵੰਦ ਲੋਕਾਂ ਲਈ ਖਾਣ-ਪੀਣ ਦੀਆਂ ਵਸਤਾਂ ਦਾਨ ਕੀਤੀਆਂ ਗਈਆਂ ।ਕੈਨੇਡਾ ਵਰਗੇ ਦੇਸ਼ ਵਿੱਚ ਵੀ ਕੂਝ ਲੋਕ ਖਾਣੇ ਤੋਂ ਮੁਹਤਾਜ ਹਨ ਪਰ ਉਨ੍ਹਾਂ ਦੀ ਮੱਦਦ ਲਈ ਇੱਕਲੀਆਂ ਸਮਾਜ ਸੇਵਕ ਸੰਸਥਾਵਾਂ ਹੀ ਨਹੀਂ ਅੱਗੇ ਆਉਂਦੀਆਂ ਸਗੋਂ ਸਰਕਾਰ ਅਤੇ ਪੁਲਿਸ ਵਰਗੇ ਮਹਿਕਮੇ ਵੀ ਆਪਣੀ ਸਮਰਥਾ ਅਨੁਸਾਰ ਯੋਗਦਾਨ ਪਾਉਂਦੇ ਹਨ। ਇਸੇ ਤਰ੍ਹਾਂ ਦਾ ਹੀ ਇੱਕ ਨਜ਼ਾਰਾ ਬਰੈਂਪਟਨ ਵਿਖੇ ਦੇਖਣ ਨੂੰ ਮਿਲਿਆ ਜਿਥੇ ਪੀਲ ਪੁਲਿਸ ਅਤੇ ਸਾਂਈ ਧਾਮ ਵਲੋਂ ਲੋੜਵੰਦ ਲੋਕਾਂ ਲਈ ਫੂਡ ਡੋਨੇਸ਼ਨ ਕੈਂਪ ਲਗਾਇਆ ਗਿਆ ਸੀ।ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਵਲੋਂ ਫੂਡ ਆਇਟਮਜ਼ ਦਾਨ ਵਿੱਚ ਦਿੱਤੀਆਂ ਗਈਆਂ । ਲੋਕ ਵੱਧ ਤੋਂ ਵੱਧ ਇਸ ਕੈਂਪ ਰਾਹੀਂ ਲੋੜਵੰਦ ਲੋਕਾਂ ਤੱਕ ਖਾਣਾ ਪਹੁੰਚਾ ਰਹੇ ਸਨ। ਇਸ ਕੈਂਪ ਵਿੱਚ ਇੱਕਠਾ ਕੀਤਾ ਗਿਆ ਫੂਡ ਸ਼ਹਿਰ ਦੀਆਂ ਫੂਡ ਬੈਂਕ ਸੰਸਥਾਵਾਂ ਰਾਹੀਂ ਲੋੜਵੰਦ ਲੋਕਾਂ ਵਿੱਚ ਵੰਡਿਆ ਜਾਵੇਗਾ ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …