0.4 C
Toronto
Saturday, January 17, 2026
spot_img
Homeਜੀ.ਟੀ.ਏ. ਨਿਊਜ਼ਭੰਗੀਆਂ ਨੂੰ ਹੁਣ ਮੌਜਾਂ ਹੀ ਮੌਜਾਂ

ਭੰਗੀਆਂ ਨੂੰ ਹੁਣ ਮੌਜਾਂ ਹੀ ਮੌਜਾਂ

ਕੈਨੇਡਾ ‘ਚ ਭੰਗ ਨੂੰ ਮਿਲੀ ਮਾਨਤਾ
ਬਿਲ ਸੀ-45 ਪਾਸ ਹੋਣ ਨਾਲ ਮੈਰੀਜੁਆਨਾ ਦਾ ਹੋਇਆ ਕਾਨੂੰਨੀ ਕਰਨ, ਰਸਮੀ ਮਨਜੂਰੀ ਬਾਕੀ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਵਿਚ ਵੀ ਹੁਣ ਭੰਗੀਆਂ ਨੂੰ ਮੌਜਾਂ ਹੋ ਗਈਆਂ ਹਨ ਕਿਉਂਕਿ ਭੰਗ ਨੂੰ ਕਾਨੂੰਨੀ ਮਾਨਤਾ ਦੇਣ ਵਾਲੇ ਸਭ ਅੜਿੱਕੇ ਦੂਰ ਹੋ ਗਏ ਹਨ ਤੇ ਹੁਣ ਰਸਮੀ ਮਨਜ਼ੂਰੀ ਤੋਂ ਬਾਅਦ ਮੈਰੀਜੁਆਨਾ ਦਾ ਕਾਨੂੰਨੀਕਰਨ ਹੋਣ ਜਾ ਰਿਹਾ ਹੈ, ਜਿਸ ਨਾਲ ਕੈਨੇਡਾ ‘ਚ ਭੰਗ ਨੂੰ ਮਾਨਤਾ ਮਿਲ ਹੀ ਗਈ ਹੈ। ਮੈਰੀਜੁਆਨਾ ਦੇ ਕਾਨੂੰਨੀਕਰਨ ਲਈ ਸਰਕਾਰ ਵੱਲੋਂ ਲਿਆਂਦੇ ਗਏ ਬਿੱਲ ਸੀ-45 ਨੂੰ ਆਖਿਰਕਾਰ ਸੈਨੇਟ ਨੇ ਪਾਸ ਕਰ ਹੀ ਦਿੱਤਾ।
ਹਾਊਸ ਤੇ ਸੈਨੇਟ ਵਿੱਚ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਇਸ ਬਿੱਲ ਦੇ ਅਧਿਐਨ ਤੋਂ ਬਾਅਦ ਇਸ ਬਿੱਲ ਨੇ ਆਪਣਾ ਆਖਰੀ ਅੜਿੱਕਾ ਵੀ ਪਾਰ ਕਰ ਲਿਆ। ਇਸ ਤੋਂ ਭਾਵ ਇਹ ਹੈ ਕਿ ਹੁਣ ਮਨੋਰੰਜਨ ਲਈ ਮੈਰੀਜੁਆਨਾ ਨੂੰ ਕੈਨੇਡਾ ਭਰ ਵਿੱਚ ਜਲਦ ਹੀ ਕਾਨੂੰਨੀ ਮਾਨਤਾ ਮਿਲ ਜਾਵੇਗੀ। ਮਤੇ ਉੱਤੇ ਫਾਈਨਲ ਵੋਟ ਸਰਕਾਰ ਦੇ ਸੈਨੇਟ ਵਿੱਚ ਨੁਮਾਇੰਦੇ ਪੀਟਰ ਹਾਰਡਰ ਨੇ ਪਾਈ। ਇਸ ਮਗਰੋਂ ਸੈਨੇਟ ਵੱਲੋਂ ਕੀਤੀਆਂ ਗਈ ਸੋਧਾਂ ਉੱਤੇ ਸਰਕਾਰ ਦੀ ਸਥਿਤੀ ਨੂੰ ਸਵੀਕਾਰਦਿਆਂ ਹੋਇਆਂ ਬਿੱਲ ਨੂੰ ਪਾਸ ਕਰ ਦਿੱਤਾ ਗਿਆ। ਹਾਊਸ ਆਫ ਕਾਮਨਜ਼ ਨੂੰ ਸੈਨੇਟ ਦੇ ਇਸ ਫੈਸਲੇ ਬਾਰੇ ਦੱਸ ਦਿੱਤਾ ਜਾਵੇਗਾ। ਇਸ ਮਗਰੋਂ ਹੁਣ ਬਿੱਲ ਨੂੰ ਰਸਮੀ ਤੌਰ ਉੱਤੇ ਪਾਸ ਕਰਨ ਲਈ ਸ਼ਾਹੀ ਮਨਜ਼ੂਰੀ ਦੀ ਦਰਕਾਰ ਹੋਵੇਗੀ। ਪਿਛਲੇ ਹਫਤੇ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਉਹ ਬਿੱਲ ਵਿੱਚ ਸੈਨੇਟ ਵੱਲੋਂ ਪ੍ਰਸਤਾਵਿਤ 40 ਸੋਧਾਂ ਵਿੱਚੋਂ ਬਹੁਤੀਆਂ ਨੂੰ ਸਵੀਕਾਰ ਕਰਦੀ ਹੈ। ਬਾਕੀ 13 ਸੋਧਾਂ ਨੂੰ ਫੈਡਰਲ ਲਿਬਰਲਾਂ ਵੱਲੋਂ ਰੱਦ ਕਰ ਦਿੱਤਾ ਗਿਆ ਸੀ।
ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਮੈਰੀਜੁਆਨਾ ਦਾ ਕਾਨੂੰਨੀਕਰਨ ਹੋ ਗਿਆ ਹੈ? ਤਾਂ ਇਸ ਦਾ ਜਵਾਬ ਹੈ ਨਹੀਂ। ਅਜੇ ਵੀ ਇਸ ਬਿੱਲ ਨੂੰ ਸ਼ਾਹੀ ਮਨਜ਼ੂਰੀ ਮਿਲਣੀ ਬਾਕੀ ਹੈ, ਜੋ ਕਿ ਸਵੇਰੇ ਮਿਲ ਜਾਣ ਦੀ ਸੰਭਾਵਨਾ ਹੈ। ਹੁਣ ਕੈਨੇਡਾ ਦੇ ਗਵਰਨਰ ਜਨਰਲ ਵੱਲੋਂ ਬਿੱਲ ਦੀ ਨਿਗਰਾਨੀ ਕੀਤੀ ਜਾਵੇਗੀ। ਇੱਕ ਵਾਰੀ ਇਸ ਦੇ ਪਾਸ ਹੋ ਜਾਣ ਉੱਤੇ ਸਰਕਾਰ ਉਸ ਤਰੀਕ ਦਾ ਐਲਾਨ ਕਰੇਗੀ ਜਦੋਂ ਬਿੱਲ ਕਾਨੂੰਨ ਵਜੋਂ ਲਾਗੂ ਹੋਵੇਗਾ। ਪਾਰਲੀਆਮੈਂਟਰੀ ਸਕੱਤਰ ਬਿੱਲ ਬਲੇਅਰ ਨੇ ਇੱਕ ਇੰਟਰਵਿਊ ਵਿੱਚ ਆਖਿਆ ਕਿ ਇਹ ਤਰੀਕ ਸਤੰਬਰ ਵਿੱਚ ਹੋ ਸਕਦੀ ਹੈ।
ਸਰਕਾਰ ਨੂੰ ਭੰਗ ਤੋਂ ਚੋਖੀ ਕਮਾਈ ਦੀ ਆਸ
ਇਕ ਪਾਸੇ ਜਿੱਥੇ ਭੰਗ ਦੀ ਮਾਨਤਾ ਨੂੰ ਲੈ ਕੇ ਵਿਰੋਧ ਅਤੇ ਹੱਕ ਵਿਚ ਅਵਾਜ਼ਾਂ ਉਠ ਰਹੀਆਂ ਹਨ, ਉਥੇ ਸਰਕਾਰ ਨੂੰ ਭੰਗ ਤੋਂ ਚੋਖੀ ਕਮਾਈ ਦੀ ਆਸ ਹੈ। ਇਸ ਬਿਲ ਦਾ ਵਿਰੋਧ ਕਰਨ ਵਾਲੇ ਮੈਂਬਰ ਇਸ ਨੂੰ ਨਸ਼ੀਲੀ ਖਪਤ ਵਿਚ ਵਾਧੇ ਵਜੋਂ ਵੇਖ ਰਹੇ ਹਨ, ਉੱਥੇ ਇਸ ਦੇ ਹਮਾਇਤੀਆਂ ਅਨੁਸਾਰ ਭੰਗ ਦੀ ਖੁੱਲ ਨਾ ਕੇਵਲ ਗ਼ੈਰਕਾਨੂੰਨੀ ਨਸ਼ੇ ‘ਤੇ ਲਗਾਮ ਲਗਾਉਣ ਦਾ ਸਾਧਨ ਬਣੇਗੀ ਬਲਕਿ ਮਾਨਸਿਕ ਤਣਾਅ ਅਤੇ ਹੋਰਨਾਂ ਸਰੀਰਕ ਰੋਗਾਂ ਤੋਂ ਛੁਟਕਾਰੇ ਲਈ ਦਵਾ ਦਾ ਵੀ ਕੰਮ ਕਰੇਗੀ। ਸਿਹਤ ਮਾਹਿਰਾਂ ਮੁਤਾਬਿਕ ਭੰਗ ਦਾ ਨਸ਼ਾ, ਸ਼ਰਾਬ ਸਮੇਤ ਹੋਰਨਾਂ ਸਭ ਨਸ਼ਿਆਂ ਨਾਲੋਂ ਘੱਟ ਨੁਕਸਾਨਦੇਹ ਹੈ ਅਤੇ ਕੁਝ ਚੋਣਵੇਂ ਹਾਲਾਤ ਵਿਚ ਇਹ ਨੁਕਸਾਨ ਦੀ ਥਾਂ ਫ਼ਾਇਦੇਮੰਦ ਵੀ ਸਾਬਤ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਆਉਂਦੇ ਵਰ੍ਹਿਆਂ ‘ਚ ਭੰਗ ਸ਼ਰਾਬ ਨਾਲੋਂ ਵੀ ਵਿਕਰੀ ਰਿਕਾਰਡ ਤੋੜ ਦੇਵੇਗੀ।

RELATED ARTICLES
POPULAR POSTS