ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੇ 2024 ਬਜਟ ਵਿੱਚ ਵਧ ਰਹੀ ਆਬਾਦੀ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਇਨਫਰਾਸਟ੍ਰਕਚਰ, ਟਰਾਂਸਪੋਰਟੇਸ਼ਨ, ਮਨੋਰੰਜਕ ਸਹੂਲਤਾਂ, ਹੈਲਥ ਕੇਅਰ ਤੇ ਕਮਿਊਨਿਟੀ ਸੇਫਟੀ ਵਿੱਚ ਨਿਵੇਸ਼ ਦਾ ਫੈਸਲਾ ਕੀਤਾ ਗਿਆ। 2024 ਦੇ ਬਜਟ ਲਈ ਹੇਠ ਲਿਖੇ ਫੈਸਲੇ ਲਏ ਗਏ।
ਸਤੰਬਰ 2023 ਤੱਕ ਕੈਨੇਡਾ ਵਿੱਚ ਮਹਿੰਗਾਈ ਦਰ, ਜੋ ਕਿ 3.8 ਫੀ ਸਦੀ ਸੀ, ਨੂੰ ਵੇਖਦਿਆਂ ਹੋਇਆਂ ਸਿਟੀ ਵੱਲੋਂ ਟੈਕਸ ਵਿੱਚ 1.9 ਫੀ ਸਦੀ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ।ਇਹ ਵਾਧਾ ਪੀਲ ਰੀਜਨ ਦਾ ਅੱਧਾ, ਮਿਸੀਸਾਗਾ ਸਿਟੀ ਤੋਂ ਘੱਟ ਤੇ ਜੀਟੀਏ ਵਿੱਚ ਸੱਭ ਤੋਂ ਘੱਟ ਹੈ। ਸਿਟੀ ਦੀਆਂ ਬੱਸਾਂ, ਮਨੋਰੰਜਨ ਕੇਂਦਰਾਂ, ਪਬਲਿਕ ਸਪੇਸਿਜ਼ ਤੇ ਹੋਰ ਬੁਨਿਆਦੀ ਢਾਂਚੇ ਨੂੰ ਦਰੁਸਤ ਰੱਖਣ ਲਈ 139 ਮਿਲੀਅਨ ਡਾਲਰ ਰਾਖਵੇਂ ਰੱਖੇ ਗਏ ਹਨ। ਇਸ ਤੋਂ ਇਲਾਵਾ 913 ਮਿਲੀਅਨ ਡਾਲਰ ਆਪਰੇਟਿੰਗ ਬਜਟ ਰੱਖਿਆ ਗਿਆ ਹੈ ਤੇ 544 ਮਿਲੀਅਨ ਡਾਲਰ ਕੈਪੀਟਲ ਬਜਟ ਰੱਖਿਆ ਗਿਆ ਹੈ। ਹੈਲਥ ਕੇਅਰ ਦੇ ਖੇਤਰ ਵਿੱਚ ਸਿਟੀ ਵੱਲੋਂ ਪਹਿਲਾਂ ਹੀ 74 ਮਿਲੀਅਨ ਡਾਲਰ ਰਿਜ਼ਰਵ ਫੰਡ ਵਜੋਂ ਰੱਖੇ ਗਏ ਹਨ। ਇਸ ਦੇ ਨਾਲ ਹੀ 1 ਫੀ ਸਦੀ ਹੌਸਪਿਟਲ ਲੇਵੀ ਜਾਰੀ ਰੱਖੀ ਜਾਵੇਗੀ ਤਾਂ ਕਿ ਬਰੈਂਪਟਨ ਲਈ ਦੂਜਾ ਹਸਪਤਾਲ ਤੇ ਨਵਾਂ ਕੈਂਸਰ ਕੇਅਰ ਸੈਂਟਰ ਤਿਆਰ ਕੀਤਾ ਜਾ ਸਕੇ।