ਓਟਵਾ/ਬਿਊਰੋ ਨਿਊਜ਼ : ਗਾਜ਼ਾ ਦੀ ਜਨਰਲ ਅਥਾਰਟੀ ਆਫ ਕਰੌਸਿੰਗਜ਼ ਐਂਡ ਬਾਰਡਰਜ਼ ਵੱਲੋਂ ਪਬਲਿਸ਼ ਕੀਤੇ ਗਏ ਤਾਜ਼ਾ ਦਸਤਾਵੇਜ਼ ਵਿੱਚ ਹੋਰ ਕੈਨੇਡੀਅਨਜ਼ ਦੇ ਨਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਹੁਣ ਹੋਰ ਕੈਨੇਡੀਅਨਜ਼ ਜਲਦ ਹੀ ਗਾਜ਼ਾ ਛੱਡ ਸਕਣਗੇ।
ਬੁੱਧਵਾਰ ਨੂੰ ਕੈਨੇਡਾ ਹੈਡਿੰਗ ਦੇ ਨਾਂ ਹੇਠ 40 ਨਾਂ ਹੋਰ ਇਸ ਦਸਤਾਵੇਜ਼ ਵਿੱਚ ਪ੍ਰਕਾਸ਼ਿਤ ਹੋਏ। ਇਨ੍ਹਾਂ ਵਿੱਚੋਂ ਬਹੁਤਿਆਂ ਨਾਂਵਾਂ ਅੱਗੇ ਦੋਹਰੀ ਨਾਗਰਿਕਤਾ ਵੀ ਲਿਖਿਆ ਹੋਇਆ ਹੈ। ਇਸ ਸੂਚੀ ਵਿੱਚ ਹੋਰਨਾਂ ਮੁਲਕਾਂ ਵਿੱਚ ਜਰਮਨੀ, ਫਿਲੀਪੀਨਜ਼, ਯੂਕਰੇਨ, ਰੋਮਾਨੀਆ ਤੇ ਅਮਰੀਕਾ ਦੇ ਨਾਂ ਸ਼ਾਮਲ ਹਨ। ਕੈਨੇਡੀਅਨ ਸਰਕਾਰ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਕੈਨੇਡਾ ਨਾਲ ਸਬੰਧਤ 75 ਲੋਕ ਮੰਗਲਵਾਰ ਨੂੰ ਮਿਸਰ ਨਾਲ ਲੱਗਦੀ ਸਰਹੱਦ ਰਾਹੀ ਫਲਸਤੀਨੀ ਟੈਰੇਟਰੀ ਛੱਡ ਕੇ ਜਾ ਚੁੱਕੇ ਹਨ।
ਗਲੋਬਲ ਅਫੇਅਰਜ਼ ਕੈਨੇਡਾ ਦਾ ਕਹਿਣਾ ਹੈ ਕਿ ਅਜੇ ਇਹ ਸਪਸ਼ਟ ਨਹੀਂ ਕੀਤਾ ਜਾ ਸਕਦਾ ਕਿ ਕਿੰਨੇ ਲੋਕ ਰੋਜ਼ਾਨਾ ਸਰਹੱਦ ਪਾਰ ਕਰ ਰਹੇ ਹਨ ਕਿਉਂਕਿ ਹਾਲਾਤ ਹੀ ਬਹੁਤ ਅਣਕਿਆਸੇ ਬਣੇ ਹੋਏ ਹਨ। ਉਨ੍ਹਾਂ ਆਖਿਆ ਕਿ ਕੈਨੇਡੀਅਨ ਅਧਿਕਾਰੀ ਮਿਸਰ ਵਾਲੇ ਪਾਸੇ ਮੌਜੂਦ ਹਨ ਤੇ ਜਿਹੜੇ ਕੈਨੇਡੀਅਨ ਫਲਸਤੀਨ ਛੱਡ ਕੇ ਮਿਸਰ ਵੱਲ ਆਉਂਦੇ ਹਨ ਉਨ੍ਹਾਂ ਨੂੰ ਇਨ੍ਹਾਂ ਅਧਿਕਾਰੀਆਂ ਵੱਲੋਂ ਕਾਹਿਰਾ ਪਹੁੰਚਾਇਆ ਜਾਂਦਾ ਹੈ। ਸੋਮਵਾਰ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ ਡਿਪਾਰਟਮੈਂਟ ਨੇ ਇਹ ਵੀ ਆਖਿਆ ਸੀ ਕਿ ਇਜ਼ਰਾਈਲੀ ਮਿਲਟਰੀ ਵੱਲੋਂ ਕੈਨੇਡਾ ਨੂੰ ਇਹ ਭਰੋਸਾ ਦਿਵਾਇਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦੇ 400 ਨਾਗਰਿਕ ਸਰਹੱਦ ਪਾਰ ਕਰ ਲੈਣਗੇ।