ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਪਬਲਿਕ ਹੈਲਥ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਈਸਟ ਯੌਰਕ ਵਿੱਚ ਸਥਿਤ ਮਿਡਲ ਸਕੂਲ ਨੂੰ ਕੋਵਿਡ-19 ਆਊਟਬ੍ਰੇਕ ਕਾਰਨ ਇਨ-ਪਰਸਨ ਲਰਨਿੰਗ ਲਈ ਬੰਦ ਕਰ ਦਿੱਤਾ ਗਿਆ ਹੈ। ਹੁਣ ਇਸ ਸਕੂਲ ਵਿੱਚ ਮੁੜ ਵਰਚੂਅਲ ਲਰਨਿੰਗ ਸ਼ੁਰੂ ਕੀਤੀ ਜਾਵੇਗੀ।
ਕੌਕਸਵੈਲ ਐਵਨਿਊ ਦੇ ਪੱਛਮ ਵਿੱਚ ਕੌਸਬਰਨ ਐਵਨਿਊ ਉੱਤੇ ਸਥਿਤ ਕੌਸਬਰਨ ਮਿਡਲ ਸਕੂਲ ਵਿੱਚ ਵਾਇਰਸ ਦੇ 16 ਐਕਟਿਵ ਮਾਮਲੇ ਪਾਏ ਗਏ। ਆਪਣੇ ਕੋਵਿਡ-19 ਐਡਵਾਈਜਰੀ ਪੇਜ਼ ਉੱਤੇ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ 15 ਵਿਦਿਆਰਥੀਆਂ ਤੇ ਇੱਕ ਸਟਾਫ ਮੈਂਬਰ ਦੇ ਪਾਜੀਟਿਵ ਆਉਣ ਦੀ ਪੁਸ਼ਟੀ ਕੀਤੀ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਸਕੂਲ ਵਿੱਚ ਓਮਾਈਕ੍ਰੌਨ ਵੇਰੀਐਂਟ ਦਾ ਕੋਈ ਮਾਮਲਾ ਪਾਇਆ ਗਿਆ ਜਾਂ ਨਹੀਂ।
ਟੀਡੀਐਸਬੀ ਨੇ ਟਵਿੱਟਰ ਉੱਤੇ ਐਲਾਨ ਕੀਤਾ ਕਿ ਟੋਰਾਂਟੋ ਪਬਲਿਕ ਹੈਲਥ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ ਤੇ ਸਾਰੇ ਵਿਦਿਆਰਥੀਆਂ ਨੂੰ ਰਿਮੋਟ ਲਰਨਿੰਗ ਵੱਲ ਸਿਫਟ ਕੀਤਾ ਜਾ ਰਿਹਾ ਹੈ। ਸਾਰੀਆਂ ਐਕਸਟ੍ਰਾਕਰੀਕੁਲਰ ਐਕਟੀਵਿਟੀਜ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਸਮੇਂ 47 ਸਕੂਲਜ਼ ਵਿੱਚ ਆਊਟਬ੍ਰੇਕ ਹੋ ਚੁੱਕੀਆਂ ਹਨ।