ਓਟਵਾ : ਗ੍ਰੀਨ ਪਾਰਟੀ ਦੇ ਦੋ ਮੌਜੂਦਾ ਐਮਪੀਜ ਵੱਲੋਂ ਇਹ ਧਮਕੀ ਦਿੱਤੀ ਗਈ ਹੈ ਕਿ ਜੇ ਲੀਡਰਸ਼ਿਪ ਦੌੜ ਮੁਲਤਵੀ ਕੀਤੀ ਜਾਂਦੀ ਹੈ ਤਾਂ ਉਹ ਦੋਵੇਂ ਪਾਰਟੀ ਛੱਡ ਕੇ ਆਜ਼ਾਦ ਉਮੀਦਵਾਰਾਂ ਵਜੋਂ ਬੈਠਣਗੇ। ਇਹ ਜਾਣਕਾਰੀ ਅੰਦਰੂਨੀ ਈਮੇਲ ਤੋਂ ਹਾਸਲ ਹੋਈ। ਪਾਰਟੀ ਦੀ ਪ੍ਰੈਜੀਡੈਂਟ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਗ੍ਰੀਨ ਪਾਰਟੀ ਅੰਦਰ ਚੱਲ ਰਹੀ ਉਥਲ-ਪੁਥਲ ਉੱਤੇ ਚਿੰਤਾ ਪ੍ਰਗਟਾਉਂਦਿਆਂ ਕਿਚਨਰ ਸੈਂਟਰ ਤੋਂ ਐਮਪੀ ਮਾਈਕ ਮੌਰਿਸ ਨੇ ਪਾਰਟੀ ਦੇ ਉੱਚ ਅਧਿਕਾਰੀਆਂ ਨੂੰ ਇੱਕ ਈਮੇਲ ਭੇਜ ਕੇ ਆਖਿਆ ਕਿ ਪਾਰਟੀ ਦੀ ਫੈਡਰਲ ਕਾਊਂਸਲ ਵੱਲੋਂ ਲੀਡਰਸ਼ਿਪ ਦੌੜ ਉੱਤੇ ਰੋਕ ਲਾਉਣ ਤੇ ਓਟਵਾ ਆਫਿਸ ਬੰਦ ਕਰਨ ਉੱਤੇ ਜਿਹੜਾ ਵਿਚਾਰ ਕੀਤਾ ਜਾ ਰਿਹਾ ਹੈ ਉਸ ਨਾਲ ਕਦੇ ਨਾ ਖਤਮ ਹੋਣ ਵਾਲਾ ਨੁਕਸਾਨ ਹੋਵੇਗਾ। ਉਨ੍ਹਾਂ ਲਿਖਿਆ ਕਿ ਪਾਰਟੀ ਇਸ ਨੁਕਸਾਨ ਤੋਂ ਉਭਰ ਨਹੀਂ ਸਕੇਗੀ। ਜੇ ਅਜਿਹਾ ਹੁੰਦਾ ਹੈ ਤਾਂ ਪਾਰਟੀ ਐਮਪੀਜ਼ ਕੋਲ ਪਾਰਟੀ ਛੱਡਣ ਤੇ ਆਜ਼ਾਦ ਐਮਪੀਜ਼ ਵਜੋਂ ਵਿਚਰਨ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਰਹੇਗਾ। ਗ੍ਰੀਨ ਪਾਰਟੀ ਦੇ ਬੁਲਾਰੇ ਨੇ ਸੋਮਵਾਰ ਨੂੰ ਆਖਿਆ ਕਿ ਇਸ ਸਬੰਧ ਵਿੱਚ ਗੱਲਬਾਤ ਚੱਲ ਰਹੀ ਹੈ ਤੇ ਪਾਰਟੀ ਅਧਿਕਾਰੀ ਅੰਦਰੂਨੀ ਤੌਰ ਉੱਤੇ ਮਾਮਲੇ ਨੂੰ ਹੱਲ ਕਰਨ ਬਾਰੇ ਸੋਚ ਰਹੇ ਹਨ ਤੇ ਇਸ ਤੋਂ ਬਾਅਦ ਹੀ ਗੱਲ ਜਨਤਕ ਕੀਤੀ ਜਾਵੇਗੀ। ਜਾਰੀ ਕੀਤੇ ਬਿਆਨ ਵਿੱਚ ਮੌਰਿਸ ਨੇ ਆਖਿਆ ਕਿ ਪਾਰਟੀ ਦੀ ਅੰਦਰੂਨੀ ਲੜਾਈ ਕਾਰਨ ਉਨ੍ਹਾਂ ਨੂੰ ਬਹੁਤ ਨਿਰਾਸ਼ਾ ਹੋਈ ਹੈ।