21.5 C
Toronto
Monday, September 22, 2025
spot_img
Homeਜੀ.ਟੀ.ਏ. ਨਿਊਜ਼ਮਾਮਲਾ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦੀ ਸੀਟ ਦਾ

ਮਾਮਲਾ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦੀ ਸੀਟ ਦਾ

ਭਾਰਤ ਸਫ਼ਲ ਅਤੇ ਕੈਨੇਡਾ ਅਸਫ਼ਲ
ਓਟਵਾ : ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕਾਉਂਸਲ ਵਿੱਚ ਆਪਣੀ ਸੀਟ ਪੱਕੀ ਕਰਨ ਵਿੱਚ ਇੱਕ ਵਾਰੀ ਫਿਰ ਕੈਨੇਡਾ ਪਿੱਛੇ ਰਹਿ ਗਿਆ ਹੈ। ਇਸ ਸਬੰਧ ਵਿੱਚ ਹੋਈ ਵੋਟਿੰਗ ਵਿੱਚ ਕੈਨੇਡਾ, ਨੌਰਵੇ ਤੇ ਆਇਰਲੈਂਡ ਤੋਂ ਮਾਤ ਖਾ ਗਿਆ। ਵਿਸ਼ਵ ਦੀ ਸਭ ਤੋਂ ਤਾਕਤਵਰ ਸੰਸਥਾ ਵਿੱਚ ਸੀਟ ਹਾਸਲ ਕਰਨ ਦੀ ਇਹ ਕੈਨੇਡਾ ਦੀ ਲਗਾਤਾਰ ਦੂਜੀ ਕੋਸ਼ਿਸ਼ ਹੈ ਜੋ ਕਿ ਨਾਕਾਮ ਰਹੀ ਹੈ। ਇਸ ਤੋਂ ਦੇਸ਼ ਦੇ ਘੱਟ ਰਹੇ ਪ੍ਰਭਾਵ ਦਾ ਅੰਦਾਜ਼ਾ ਵੀ ਲਾਇਆ ਜਾ ਸਕਦਾ ਹੈ। ਲਿਬਰਲ ਸਰਕਾਰ ਤੋਂ ਪਹਿਲਾਂ ਸਾਬਕਾ ਕੰਜ਼ਰਵੇਟਿਵ ਸਰਕਾਰ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨਾਲ 2010 ਵਿੱਚ ਵੀ ਇਹ ਸੀਟ ਹਾਸਲ ਕਰਨ ਦੀ ਨਾਕਾਮ ਕੋਸ਼ਿਸ਼ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਕਾਇਮ ਹੋਣ ਤੋਂ ਬਾਅਦ ਤੋਂ ਲੈ ਕੇ ਲੱਗਭਗ ਹਰੇਕ ਦਹਾਕੇ ਵਿੱਚ ਕੈਨੇਡਾ ਲੜੀਵਾਰ ਛੇ ਵਾਰੀ ਇਹ ਸੀਟ ਹਾਸਲ ਕਰ ਚੁੱਕਿਆ ਹੈ। ਵਰਨਣਯੋਗ ਹੈ ਕਿ ਲੰਘੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਦੇ 192 ਮੈਂਬਰਾਂ ਵੱਲੋਂ ਗੁਪਤ ਵੋਟਿੰਗ ਕੀਤੇ ਜਾਣ ਤੋਂ ਬਾਅਦ ਜੋ ਨਤੀਜੇ ਸਾਹਮਣੇ ਆਏ ਹਨ ਉਨ੍ਹਾਂ ਵਿਚ ਮੈਕਸੀਕੋ 187 ਅਤੇ ਭਾਰਤ 184 ਵੋਟਾਂ ਹਾਸਲ ਕਰਕੇ ਨਿਰਵਿਰੋਧ ਚੁਣ ਲਏ ਗਏ। ਜਦਕਿ ਨਾਰਵੇ 130 ਅਤੇ ਆਇਰਲੈਂਡ 128 ਵੋਟਾਂ ਹਾਸਲ ਕਰਕੇ ਕਾਮਯਾਬੀ ਹਾਸਲ ਕਰ ਗਏ। ਕੈਨੇਡਾ ਨੂੰ 108 ਵੋਟਾਂ ਪਈਆਂ ਅਤੇ ਕੈਨੇਡਾ 20 ਵੋਟਾਂ ਨਾਲ ਪਛੜ ਗਿਆ।
ਇਹ ਵੀ ਵਰਨਣਯੋਗ ਹੈ ਕਿ ਚੁਣੇ ਚਾਰ ਦੇਸ਼ ਅਗਲੇ ਦੋ ਸਾਲਾਂ ਲਈ ਸੰਯੁਕਤ ਰਾਸ਼ਟਰ ਦੀ ਸਭ ਤੋਂ ਪ੍ਰਭਾਵਸ਼ਾਲੀ ਸੰਸਥਾ ਸੁਰੱਖਿਆ ਕੌਂਸਲ ਦੇ 15 ਮੈਂਬਰਾਂ ਵਿਚ ਸ਼ਾਮਲ ਹੋ ਗਏ ਹਨ। ਜਿਨ੍ਹਾਂ ਵਿਚ ਪੰਜ ਸਥਾਈ ਮੈਂਬਰ ਹਨ ਅਤੇ 10 ਅਸਥਾਈ ਮੈਂਬਰ ਹਨ। ਜ਼ਿਕਰਯੋਗ ਹੈ ਕਿ 2015 ਦੀ ਚੋਣ ਮੁਹਿੰਮ ਦੌਰਾਨ ਜਸਟਿਨ ਟਰੂਡੋ ਨੇ ਚੋਣ ਮੈਨੀਫੈਸਟੋ ਵਿਚ ਦਾਅਵਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣੇਗੀ ਤਾਂ ਉਹ ਸੁਰੱਖਿਆ ਕੌਂਸਲ ਦੀ ਸੀਟ ਹਾਸਲ ਕਰਕੇ ਦਿਖਾਉਣਗੇ। ਉਹ ਪਿਛਲੇ ਕੁੱਝ ਸਮੇਂ ਤੋਂ ਅਫਰੀਕਨ ਅਤੇ ਮਿਡਲਈਸਟ ਮੁਲਕਾਂ ਦੀ ਯਾਤਰਾ ਕਰਕੇ ਆਏ ਸਨ ਤਾਂ ਕਿ ਕਈ ਮੈਂਬਰ ਮੁਲਕਾਂ ਨੂੰ ਆਪਣੇ ਨਾਲ ਜੋੜ ਸਕਣ। ਇਸ ਤੋਂ ਇਲਾਵਾ ਕੈਨੇਡਾ ਨੇ ਮਿਲੀਅਨ ਡਾਲਰਾਂ ਦੀ ਰਕਮ ਕੈਨੇਡਾ ਇਸ ਕੰਮ ਲਈ ਖਰਚ ਕਰ ਚੁੱਕਿਆ ਹੈ। ਪ੍ਰੰਤੂ ਜੀ-7 ਮੁਲਕਾਂ ਵਿਚੋਂ ਇਕ ਹੋਣ ਦੇ ਬਾਵਜੂਦ ਅਤੇ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਕੈਨੇਡਾ ਦੀ ਇਸ ਹਾਰ ਤੋਂ ਲਿਬਰਲ ਸਰਕਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

RELATED ARTICLES
POPULAR POSTS