-3 C
Toronto
Monday, December 22, 2025
spot_img
Homeਜੀ.ਟੀ.ਏ. ਨਿਊਜ਼3 ਪੰਜਾਬੀ ਨੌਜਵਾਨਾਂ ਦੀ ਵੱਖ-ਵੱਖ ਥਾਈਂ ਡੁੱਬਣ ਨਾਲ ਮੌਤ

3 ਪੰਜਾਬੀ ਨੌਜਵਾਨਾਂ ਦੀ ਵੱਖ-ਵੱਖ ਥਾਈਂ ਡੁੱਬਣ ਨਾਲ ਮੌਤ

ਐਬਟਸਫੋਰਡ/ਬਿਊਰੋ ਨਿਊਜ਼
ਕੈਨੇਡਾ ਵਿਚ ਵੱਖ-ਵੱਖ ਥਾਈਂ ਵਾਪਰੀਆਂ ਘਟਨਾਵਾਂ ਵਿਚ 3 ਪੰਜਾਬੀ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਪਹਿਲੀ ਘਟਨਾ ਅਨੁਸਾਰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਫਰੇਜ਼ਰ ਵੈਲੀ ਇਲਾਕੇ ਵਿਚ ਵਾਪਰੇ ਹਾਦਸਿਆਂ ਵਿਚ 2 ਪੰਜਾਬੀ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਮਿਸ਼ਨ ਨਿਵਾਸੀ ਕੈਨੇਡਾ ਦਾ ਜੰਮਪਲ ਪੰਜਾਬੀ ਨੌਜਵਾਨ ਹਰਕਿੰਦਰ ਸਿੰਘ ਕੈਨੀ ਭੁੱਲਰ (27) ਆਪਣੀ ਕਾਰ ਵਿਚ ਸਵਾਰ ਹੋ ਕੇ ਚਿਲਾਬੈਕ ਨੂੰ ਜਾ ਰਿਹਾ ਸੀ ਕਿ ਵਾਟਕਮ ਰੋਡ ਨੇੜੇ ਉਸ ਦੀ ਕਾਰ ਅਚਾਨਕ ਬੇਕਾਬੂ ਹੋ ਕੇ ਨਹਿਰ ਵਿਚ ਜਾ ਡਿੱਗੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਰਕਿੰਦਰ ਸਿੰਘ ਜ਼ਿਲ੍ਹਾ ਬਠਿੰਡਾ ਦੇ ਰਾਮਪੁਰਾ ਫੂਲ ਨੇੜੇ ਪਿੰਡ ਢਪਾਲੀ ਦੇ ਪਰਸਨ ਸਿੰਘ ਦਾ ਪੁੱਤਰ ਸੀ। ਉਹ ਆਪਣਾ ਨਵਾਂ ਬਣ ਰਿਹਾ ਘਰ ਦੇਖਣ ਜਾ ਰਿਹਾ ਸੀ। ਦੂਸਰੀ ਘਟਨਾ ਵਿਚ ਸਰੀ ਨਿਵਾਸੀ ਮਨਪ੍ਰੀਤ ਸਿੰਘ ਦੀ ‘ਕਲਟਸ ਲੇਕ’ ਨਾਮ ਦੀ ਝੀਲ ਵਿਚ ਡੁੱਬਣ ਕਾਰਨ ਮੌਤ ਹੋ ਗਈ। ਉਹ ਆਪਣੇ ਦੋਸਤਾਂ ਨਾਲ ਘੁੰਮਣ ਗਿਆ ਸੀ ਕਿ ਅਚਾਨਕ ਪਾਣੀ ਵਿਚ ਡੁੱਬ ਗਿਆ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੱਕ ਸ਼ਰੀਫ਼ ਦਾ ਰਹਿਣ ਵਾਲਾ ਮਨਪ੍ਰੀਤ ਸਿੰਘ (22) ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਆਇਆ ਸੀ ਤੇ ਸਰੀ ਦੀ ਕੁਆਂਟਲਿਨ ਯੂਨੀਵਰਸਿਟੀ ਵਿਚ ਪੜ੍ਹਦਾ ਸੀ। ਉਸ ਨੂੰ ਕੁਝ ਦਿਨ ਪਹਿਲਾਂ ਹੀ ਵਰਕ ਪਰਮਿਟ ਮਿਲਿਆ ਸੀ। ਤੀਸਰੀ ਘਟਨਾ ਅਨੁਸਾਰ ਕੈਲਗਰੀ ਵਾਸੀ ਪੰਜਾਬੀ ਨੌਜਵਾਨ ਗਗਨਦੀਪ ਸਿੰਘ ਦੀ ਆਪਣੇ ਦੋਸਤਾਂ ਨਾਲ ਘੁੰਮਣ ਗਿਆ ਲੇਕ ਲੂਈਜ਼ ਨਾਮ ਦੀ ਝੀਲ ਵਿਚ ਡੁੱਬਣ ਕਾਰਨ ਮੌਤ ਹੋ ਗਈ। ਗੁਰਸਿੱਖ ਨੌਜਵਾਨ ਗਗਨਦੀਪ ਸਿੰਘ 2016 ਵਿਚ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਆਇਆ ਸੀ। ਪੰਜਾਬ ਵਿਚ ਥਰਾਜਵਾਲਾ ਨੇੜੇ ਗਿੱਦੜਬਾਹਾ ਤਹਿਸੀਲ ਲੰਬੀ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਗਗਨਦੀਪ ਸਿੰਘ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਪਰ ਮੌਤ ਦੀ ਖ਼ਬਰ ਆਉਣ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਇਨ੍ਹਾਂ ਘਟਨਾਵਾਂ ਸਬੰਧੀ ਪੁਲਿਸ ਜਾਂਚ ਕਰ ਰਹੀ ਹੈ।

RELATED ARTICLES
POPULAR POSTS