Parvasi News, Canada
ਲਿਬਰਲ ਐਮਪੀ ਨੇ ਚੁੱਪੀ ਤੋੜਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਤੇ ਪ੍ਰੋਵਿੰਸ਼ੀਅਲ ਸਰਕਾਰ ਦੀਆਂ ਮਹਾਂਮਾਰੀ ਸਬੰਧੀ ਨੀਤੀਆਂ ਖਿਲਾਫ ਆਵਾਜ਼ ਉਠਾਉਣ ਦੇ ਨਾਲ ਨਾਲ ਟਰੱਕਰ ਕੌਨਵੌਏ ਵੱਲੋਂ ਜਾਰੀ ਪ੍ਰਦਰਸ਼ਨ ਨਾਲ ਗਲਤ ਢੰਗ ਨਾਲ ਨਜਿੱਠਣ ਲਈ ਨਿਖੇਧੀ ਕੀਤੀ ਹੈ । ਕਿਊਬਿਕ ਤੋਂ ਐਮਪੀ ਜੋਇਲ ਲਾਈਟਬਾਊਂਡ ਨੇ ਪਾਰਲੀਆਮੈਂਟ ਹਿੱਲ ਉੱਤੇ ਪ੍ਰੈੱਸ ਕਾਨਫਰੰਸ ਕੀਤੀ ਜਿੱਥੇ ਉਨ੍ਹਾਂ ਆਖਿਆ ਕਿ ਕੋਵਿਡ-19 ਨੀਤੀਆਂ ਖਿਲਾਫ ਰੋਸ ਜ਼ਾਹਿਰ ਕਰਨ ਵਾਲਿਆਂ ਦੀ ਚਿੰਤਾ ਜਾਇਜ਼ ਹੈ ‘ਤੇ ਉਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਓਹਨਾ ਆਖਿਆ ਕਿ ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਕੈਨੇਡੀਅਨਜ਼ ਦੀ ਮਾਨਸਿਕ ਸਿਹਤ ਉੱਤੇ ਜੋ ਅਸਰ ਪੈ ਰਿਹਾ ਹੈ, ਜਿਸ ਤਰ੍ਹਾਂ ਪਰਿਵਾਰ ਵੰਡੇ ਜਾ ਰਹੇ ਹਨ ਤੇ ਜਿਸ ਤਰ੍ਹਾਂ ਲੋਕਾਂ ਦੀਆਂ ਨੌਕਰੀਆਂ ਖਤਮ ਹੋ ਰਹੀਆਂ ਹਨ ਉਸ ਤੋਂ ਸਿਆਸਤਦਾਨ ਬੇਪਰਵਾਹ ਹਨ। ਉਨ੍ਹਾਂ ਆਖਿਆ ਕਿ ਪਿਛਲੇ ਕੁੱਝ ਹਫਤਿਆਂ ਵਿੱਚ ਉਨ੍ਹਾਂ ਦੇ ਹਲਕੇ ਦੇ ਸੈਂਕੜੇ ਲੋਕਾਂ ਵੱਲੋਂ ਉਨ੍ਹਾਂ ਤੱਕ ਪਹੁੰਚ ਕਰਕੇ ਆਪਣੀ ਤਕਲੀਫ ਉਨ੍ਹਾਂ ਨਾਲ ਸਾਂਝੀ ਕੀਤੀ ਗਈ। ਇਨ੍ਹਾਂ ਲੋਕਾਂ ਦਾ ਤਾਜ਼ਾ ਪ੍ਰਦਰਸ਼ਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਉਨ੍ਹਾਂ ਨੇ ਬਹੁਤੀ ਹੱਦ ਤੱਕ ਵੈਕਸੀਨੇਸ਼ਨ ਵੀ ਕਰਵਾਈ ਹੋਈ ਸੀ। ਪਿਛਲੇ ਦੋ ਸਾਲਾਂ ਵਿੱਚ ਜੋ ਕੁੱਝ ਵੀ ਸਰਕਾਰ ਵੱਲੋਂ ਆਖਿਆ ਗਿਆ ਉਨ੍ਹਾਂ ਵੱਲੋਂ ਕੀਤਾ ਗਿਆ। ਉਨ੍ਹਾਂ ਆਖਿਆ ਕਿ ਸਿਆਸੀ ਆਗੂ ਕੈਨੇਡੀਅਨਜ਼ ਨੂੰ ਪਬਲਿਕ ਹੈਲਥ ਮਾਪਦੰਡਾਂ ਨੂੰ ਜਾਰੀ ਰੱਖਣ ਦਾ ਕਾਰਨ ਸਮਝਾਉਣ ਵਿੱਚ ਅਸਫਲ ਰਹੇ ਹਨ, ਕਰੌਸ ਬਾਰਡਰ ਟਰੱਕਰਜ਼ ਲਈ ਲਾਜ਼ਮੀ ਕੀਤੀ ਗਈ ਵੈਕਸੀਨ ਇਸ ਦੀ ਤਾਜ਼ਾ ਮਿਸਾਲ ਹੈ। ਐਮਪੀ ਜੋਇਲ ਲਾਈਟਬਾਊਂਡ ਨੇ ਆਖਿਆ ਕਿ ਪਿਛਲੀਆਂ ਫੈਡਰਲ ਚੋਣਾਂ ਦੌਰਾਨ ਵੈਕਸੀਨਜ਼ ਸਬੰਧੀ ਨਿਯਮਾਂ ਦੇ ਸਿਆਸੀਕਰਨ ਤੋਂ ਉਹ ਸਹਿਜ ਨਹੀਂ ਹੋ ਪਾਏ ਪਰ ਓਮਾਈਕ੍ਰੌਨ ਵੇਰੀਐਂਟ ਦੀ ਸ਼ੁਰੂਆਤ ਨਾਲ ਉਨ੍ਹਾਂ ਦੇ ਅੰਦਰ ਬੇਚੈਨੀ ਪੈਦਾ ਹੋਣ ਲੱਗੀ ਤੇ ਉਨ੍ਹਾਂ ਆਪਣੀ ਇਸ ਬੇਚੈਨੀ ਨੂੰ ਜਨਤਕ ਤੌਰ ਉੱਤੇ ਸਾਂਝਾ ਕਰਨ ਦਾ ਫੈਸਲਾ ਕੀਤਾ ਹੈ। ਇਸ ਉੱਤੇ ਪੀਐਮ ਟਰੂਡੋ ਨੇ ਆਖਿਆ ਕਿ ਹਰ ਕੋਈ ਪਾਬੰਦੀਆਂ ਤੋਂ ਅੱਕ ਚੁੱਕਿਆ ਹੈ ਪਰ ਉਨ੍ਹਾਂ ਦੀ ਸਰਕਾਰ ਪਬਲਿਕ ਹੈਲਥ ਗਾਇਡੈਂਸ ਦੀ ਪਾਲਣਾ ਕਰਨਾ ਜਾਰੀ ਰੱਖੇਗੀ। ਇਸ ਦੌਰਾਨ ਜੋਇਲ ਲਾਈਟਬਾਊਂਡ ਨੇ ਕਿਊਬਿਕ ਕਾਕਸ ਦੇ ਚੇਅਰ ਦਾ ਅਹੁਦਾ ਛੱਡਣ ਦਾ ਐਲਾਨ ਵੀ ਕੀਤਾ। ਉਸ ਤੋਂ ਬਾਅਦ ਲਾਈਟਬਾਊਂਡ ਵੱਲੋਂ ਦਿੱਤਾ ਗਿਆ ਅਸਤੀਫਾ ਸਵੀਕਾਰ ਕਰ ਲਿਆ ਗਿਆ ਹੈ ਪਰ ਉਹ ਨੈਸ਼ਨਲ ਕਾਕਸ ਦੇ ਮੈਂਬਰ ਬਣੇ ਰਹਿਣਗੇ।