Breaking News
Home / ਭਾਰਤ / ਸਿੱਖ ਡਰਾਈਵਰ ਦੀ ਕੁੱਟਮਾਰ ਮਾਮਲੇ ‘ਚ ਹਾਈ ਕੋਰਟ ਨੇ ਦਿੱਲੀ ਪੁਲਿਸ ਦੀ ਕੀਤੀ ਲਾਹ-ਪਾਹ

ਸਿੱਖ ਡਰਾਈਵਰ ਦੀ ਕੁੱਟਮਾਰ ਮਾਮਲੇ ‘ਚ ਹਾਈ ਕੋਰਟ ਨੇ ਦਿੱਲੀ ਪੁਲਿਸ ਦੀ ਕੀਤੀ ਲਾਹ-ਪਾਹ

ਵਰਦੀਧਾਰੀ ਬਲਾਂ ਦਾ ਕਾਰਾ ਦਰਿੰਦਗੀ ਦਾ ਸਬੂਤ : ਹਾਈਕੋਰਟ
ਨਵੀਂ ਦਿੱਲੀ : ਦਿੱਲੀ ਦੇ ਮੁਖਰਜੀ ਨਗਰ ਵਿਚ ਗ੍ਰਾਮੀਣ ਸੇਵਾ ਵਾਲੇ ਆਟੋ ਚਾਲਕ ਸਰਬਜੀਤ ਸਿੰਘ ਅਤੇ ਉਸ ਦੇ ਨਾਬਾਲਗ ਪੁੱਤਰ ਦੀ ਕੁੱਟਮਾਰ ਦੇ ਮਾਮਲੇ ਵਿਚ ਹਾਈਕੋਰਟ ਨੇ ਦਿੱਲੀ ਪੁਲਿਸ ਦੀ ਲਾਹ-ਪਾਹ ਕਰਦਿਆਂ ਕਿਹਾ ਕਿ ‘ਵੀਡੀਓ ਪੁਲਿਸ ਦੀ ਦਰਿੰਦਗੀ ਦਾ ਸਬੂਤ ਹੈ ਕਿ ਵਰਦੀਧਾਰੀ ਬਲ ਨੂੰ ਅਜਿਹਾ ਕਾਰਾ ਨਹੀਂ ਕਰਨਾ ਚਾਹੀਦਾ ਸੀ।’ ਜਸਟਿਸ ਜਯੰਤ ਨਾਥ ਅਤੇ ਜਸਟਿਸ ਨਜਮੀ ਵਜ਼ੀਰੀ ਦੇ ਬੈਂਚ ਨੇ ਸਰਬਜੀਤ ਸਿੰਘ ਅਤੇ ਉਸ ਦੇ ਪੁੱਤਰ ਨਾਲ ਕੁੱਟਮਾਰ ਦਾ ਵੀਡੀਓ ਦੇਖਣ ਮਗਰੋਂ ਕਿਹਾ, ”ਤੁਸੀਂ 15 ਸਾਲਾਂ ਦੇ ਲੜਕੇ ਨੂੰ ਕੁੱਟਣ ਦੇ ਮਾਮਲੇ ਨੂੰ ਕਿਵੇਂ ਜਾਇਜ਼ ਠਹਿਰਾ ਸਕਦੇ ਹੋ? ਜੇਕਰ ਇਹ ਪੁਲਿਸ ਦੀ ਦਰਿੰਦਗੀ ਦਾ ਸਬੂਤ ਨਹੀਂ ਹੈ ਤਾਂ ਫਿਰ ਤੁਹਾਨੂੰ ਹੋਰ ਕੀ ਚਾਹੀਦਾ ਹੈ।” ਬੈਂਚ ਨੇ ਕਿਹਾ ਕਿ ਜੇਕਰ ਵਰਦੀਧਾਰੀ ਬਲ ਅਜਿਹੇ ਢੰਗ ਨਾਲ ਕੰਮ ਕਰਨਗੇ ਤਾਂ ਇਸ ਨਾਲ ਨਾਗਰਿਕਾਂ ਵਿਚ ਖ਼ੌਫ਼ ਪੈਦਾ ਹੋਵੇਗਾ ਜਦਕਿ ਉਨ੍ਹਾਂ ਨੂੰ ਇਹ ਮਹਿਸੂਸ ਕਰਾਉਣ ਦੀ ਲੋੜ ਹੈ ਕਿ ਪੁਲਿਸ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹੈ। ‘ਪੁਲਿਸ ਨੂੰ ਦਰਸਾਉਣਾ ਪਵੇਗਾ ਕਿ ਉਹ ਨਾਗਰਿਕਾਂ ਨਾਲ ਹੈ। ਬੱਚਿਆਂ ਸਮੇਤ ਸਾਰੇ ਨਾਗਰਿਕ ਇਹੋ ਚਾਹੁੰਦੇ ਹਨ।’ ਘਟਨਾ ਦੀ ਸੀਬੀਆਈ ਤੋਂ ਜਾਂਚ ਕਰਾਉਣ ਬਾਰੇ ਦਾਖ਼ਲ ਜਨਹਿੱਤ ਪਟੀਸ਼ਨ ‘ਤੇ ਕੇਂਦਰ, ‘ਆਪ’ ਸਰਕਾਰ ਅਤੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰਦਿਆਂ ਹਾਈ ਕੋਰਟ ਨੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ। ਬੈਂਚ ਨੇ ਜਾਇੰਟ ਕਮਿਸ਼ਨਰ ਪੁਲਿਸ ਰੈਂਕ ਦੇ ਅਧਿਕਾਰੀ ਤੋਂ ਘਟਨਾ ਬਾਬਤ ਨਿਰਪੱਖ ਰਿਪੋਰਟ ਹਫ਼ਤੇ ਅੰਦਰ ਮੰਗਦਿਆਂ ਕੇਸ ਦੀ ਸੁਣਵਾਈ 2 ਜੁਲਾਈ ਲਈ ਨਿਰਧਾਰਤ ਕਰ ਦਿੱਤੀ। ਪੁਲਿਸ ਵੱਲੋਂ ਪੇਸ਼ ਹੋਏ ਦਿੱਲੀ ਸਰਕਾਰ ਦੇ ਵਧੀਕ ਸਟੈਂਡਿੰਗ ਵਕੀਲ ਸਤਿਆਕਾਮ ਨੇ ਕਿਹਾ ਕਿ ਉਹ ਅਧਿਕਾਰੀਆਂ ਦੇ ਕਾਰੇ ਦਾ ਬਚਾਅ ਨਹੀਂ ਕਰ ਰਿਹਾ ਹੈ। ਉਸ ਨੇ ਕਿਹਾ ਕਿ ਦੋਵੇਂ ਧਿਰਾਂ ਵੱਲੋਂ ਇਕ-ਦੂਜੇ ਖ਼ਿਲਾਫ਼ ਸ਼ਿਕਾਇਤਾਂ ਦੇ ਆਧਾਰ ‘ਤੇ ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਜਾਂਚ ਲਈ ਕ੍ਰਾਈਮ ਬਰਾਂਚ ਕੋਲ ਭੇਜਿਆ ਗਿਆ ਹੈ। ਉਸ ਨੇ ਅਦਾਲਤ ਨੂੰ ਦੱਸਿਆ ਕਿ ਵੀਡੀਓ ਤੋਂ ਪਛਾਣੇ ਗਏ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਜਾਇੰਟ ਕਮਿਸ਼ਨਰ ਪੁਲੀਸ ਰੈਂਕ ਦੇ ਅਧਿਕਾਰੀ ਦੀ ਅਗਵਾਈ ਹੇਠ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …