Breaking News
Home / ਭਾਰਤ / ਯਾਦਵਿੰਦਰ ਸਿੰਘ ਸੰਧੂ ਨੂੰ ਸਾਹਿਤ ਅਕਾਦਮੀ ਦਾ ਯੁਵਾ ਸਨਮਾਨ

ਯਾਦਵਿੰਦਰ ਸਿੰਘ ਸੰਧੂ ਨੂੰ ਸਾਹਿਤ ਅਕਾਦਮੀ ਦਾ ਯੁਵਾ ਸਨਮਾਨ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਸਾਹਿਤ ਅਕਾਦਮੀ ਦੇ ਸਾਲ 2019 ਦੇ ਯੁਵਾ ਸਾਹਿਤ ਦੇ ਸਨਮਾਨਾਂ ਲਈ ਲੇਖਕਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ। ਪੰਜਾਬੀ ਵਿੱਚ ਇਸ ਸਾਲ ਦਾ ਯੁਵਾ ਸਨਮਾਨ ਯਾਦਵਿੰਦਰ ਸਿੰਘ ਸੰਧੂ ਨੂੰ ਨਾਵਲ ‘ਵਕਤ ਬੀਤਿਆ ਨਹੀਂ’ ਲਈ ਦੇਣ ਦਾ ਫ਼ੈਸਲਾ ਜਿਊਰੀ ਦੀ ਸਿਫ਼ਾਰਸ਼ ਮਗਰੋਂ ਕੀਤਾ ਗਿਆ। ਪੰਜਾਬੀ ਸਨਮਾਨ ਲਈ ਬਣੀ 3 ਮੈਂਬਰੀ ਜਿਊਰੀ ਵਿੱਚ ਬਲਦੇਵ ਸਿੰਘ ਸੜਕਨਾਮਾ, ਪ੍ਰੋ. ਮਨਜੀਤ ਇੰਦਰਾ ਤੇ ਡਾ. ਪ੍ਰੀਤਮ ਸਿੰਘ ਸ਼ਾਮਲ ਸਨ। ਇਨ੍ਹਾਂ ਸਨਮਾਨਾਂ ਵਿੱਚ ਹਰੇਕ ਨੂੰ 50-50 ਹਜ਼ਾਰ ਰੁਪਏ ਤੇ ਸਨਮਾਨ ਚਿੰਨ੍ਹ ਇਕ ਸਮਾਗਮ ਦੌਰਾਨ ਭੇਟ ਕੀਤਾ ਜਾਵੇਗਾ। ਇਸ ਵਾਰ ਦੇ 23 ਭਾਸ਼ਾਵਾਂ ਦੇ ਸਨਮਾਨਾਂ ਵਿੱਚ ਕਵਿਤਾ ਦੀਆਂ ਕਿਤਾਬਾਂ ਦੀ ਝੰਡੀ ਰਹੀ ਤੇ ਕਵਿਤਾਵਾਂ ਦੀਆਂ 11, ਕਹਾਣੀਆਂ ਦੀਆਂ 6 ਤੇ ਨਾਵਲ ਦੀਆਂ 5 ਤੇ ਆਲੋਚਨਾ ਦੀ ਇੱਕ ਕਿਤਾਬ ਦੀ ਇਸ ਵੱਕਾਰੀ ਸਨਮਾਨ ਲਈ ਚੋਣ ਕੀਤੀ ਗਈ। ਅਕਾਦਮੀ ਦੇ ਕਾਰਜਕਰਨੀ ਬੋਰਡ ਵਲੋਂ ਪ੍ਰਧਾਨ ਡਾ. ਚੰਦਰਸ਼ੇਖਰ ਕੰਬਾਰ ਦੀ ਅਗਵਾਈ ਹੇਠ ਇਨ੍ਹਾਂ ਇਨਾਮਾਂ ਦੀ ਮਨਜ਼ੂਰੀ ਦਿੱਤੀ ਗਈ।
ਕਵਿਤਾ ਲਈ ਹਿੰਦੀ ‘ਚ ਅਨੁਜ ਲੁਗੂਨ, ਸਾਗਰ ਨਾਜਿਰ (ਕਸ਼ਮੀਰੀ), ਅਨੁਜਾ ਅਕਥਟਟੂ (ਮਲਿਆਲਮ) ਜਿਤੇਨ ਓਈਨੰਬਾ (ਮਣੀਪੁਰੀ), ਸ਼ੁਸੀਲ ਕੁਮਾਰ ਛਿੰਦੇ (ਮਰਾਠੀ), ਕਰਨ ਬਿਹਾਰਾ (ਨੇਪਾਲੀ), ਯੁਵਰਾਜ ਭੱਟਰਾਈ (ਸੰਸਕ੍ਰਿਤ), ਗਹੀਰਾਮ ਕਿਸਕੂ (ਸੰਤਾਲੀ), ਕਿਰਨ ਪਰਯਾਣੀ ਅਨਮੋਲ (ਸਿੰਧੀ) ਤੇ ਸਬਰੀਨਾਥਨ (ਤਾਮਿਲ) ਨੂੰ ਸਨਮਾਨ ਲਈ ਚੁਣਿਆ ਗਿਆ। ਕਹਾਣੀ ਲਈ ਸੰਜੀਵ ਪਾਲ ਡੇਕਾ (ਅਸਮੀਆ), ਸੁਨੀਲ ਕੁਮਾਰ (ਡੋਗਰੀ), ਤਨੁਜ ਸੋਲੰਕੀ (ਅੰਗਰੇਜ਼ੀ), ਅਜੈ ਸੋਨੀ (ਗੁਜਰਾਤੀ), ਹੇਮੰਤ ਆਈਆ (ਕੋਂਕਣੀ), ਕੀਰਤੀ ਪਰਿਹਾਰ (ਰਾਜਸਥਾਨੀ) ਨਾਵਲਾਂ ਲਈ ਮੋਮਿਤਾ (ਬਾਡਲਾ), ਫਕੀਰ (ਸ੍ਰੀਧਰ ਬਨਵਾਸੀ ਜੀ.ਸੀ.) ਯਾਦਵਿੰਦਰ ਸਿੰਘ ਸੰਧੂ ਦੀ ਚੋਣ ਕੀਤੀ ਗਈ। ਉਰਦੂ ਲਈ ਸਲਾਮ ਅਬਦੁਸ ਸਮਦ ਨੂੰ ਉਨ੍ਹਾਂ ਦੇ ਨਾਵਲ ‘ਲਫਜ਼ੋਂ ਕੇ ਲੱਡੂ’ ਨੂੰ ਚੁਣਿਆ ਗਿਆ। ਕਾਰਜਕਾਰੀ ਮੰਡਲ ਨੇ ਚੋਣ ਕਮੇਟੀ ਵੱਲੋਂ ਇਕਮਤ ਜਾਂ ਬਹੁਮਤ ਨਾਲ ਚੋਣ ਦੇ ਆਧਾਰ ‘ਤੇ ਇਨਾਮਾਂ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਦੀ ਉਮਰ ਪੁਰਸਕਾਰ ਵਰ੍ਹੇ ਵਿੱਚ 1 ਜਨਵਰੀ ਨੂੰ 35 ਸਾਲ ਤੋਂ ਘੱਟ ਹੋਵੇ, ਉਸ ਨੂੰ ਇਨਾਮ ਦਿੱਤਾ ਜਾਂਦਾ ਹੈ।

Check Also

ਈਡੀ ਨੇ ਸ਼ਿਲਪਾ ਸ਼ੈਟੀ ਅਤੇ ਰਾਜਕੁੰਦਰਾ ਦੀ 97.79 ਕਰੋੜ ਰੁਪਏ ਦੀ ਪ੍ਰਾਪਰਟੀ ਕੀਤੀ ਕੁਰਕ

ਮਨੀ ਲਾਂਡਰਿੰਗ ਦੇ ਮਾਮਲੇ ’ਚ ਈਡੀ ਵੱਲੋਂ ਕੀਤੀ ਗਈ ਕਾਰਵਾਈ ਮੁੰਬਈ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ …