ਪੰਜਾਬ ਤੋਂ ਕੈਨੇਡਾ ਤੱਕ ਬਡਵਾਲ ਕਰ ਰਹੇ ਵੱਡੀ ਸੇਵਾ : ਡਾ. ਲਖਵਿੰਦਰ ਜੌਹਲ
ਚੰਡੀਗੜ੍ਹ : ‘ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਟੋਰਾਂਟੋ-ਨੰਗਲ ਡੈਮ’ ਦੇ ਅੰਤਰਰਾਸ਼ਟਰੀ ਪ੍ਰਧਾਨ ਬਲਜੀਤ ਸਿੰਘ ਬਡਵਾਲ ਦਾ ਚੰਡੀਗੜ੍ਹ ਪਹੁੰਚਣ ‘ਤੇ ਪੰਜਾਬ ਕਲਾ ਭਵਨ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਅਤੇ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਡਾ. ਲਖਵਿੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਏ ਇਸ ਸਨਮਾਨ ਸਮਾਗਮ ਦੌਰਾਨ ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ, ਮੰਚ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਜਨਰਲ ਸਕੱਤਰ ਪ੍ਰੀਤਮ ਸਿੰਘ ਰੁਪਾਲ ਅਤੇ ਪ੍ਰਸਿੱਧ ਪੰਜਾਬੀ ਫਿਲਮੀ ਅਦਾਕਾਰ ਤਰਸੇਮ ਪਾਲ ਹੋਰਾਂ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕਰਦਿਆਂ ਬਲਜੀਤ ਸਿੰਘ ਬਡਵਾਲ ਨੂੰ ਸਨਮਾਨਤ ਕੀਤਾ।
ਬਲਜੀਤ ਸਿੰਘ ਬਡਵਾਲ ਦੀ ਅਗਵਾਈ ਹੇਠ ਉਨ੍ਹਾਂ ਦੀ ਸੰਸਥਾ ਵੱਲੋਂ ਸ੍ਰੀ ਆਨੰਦਪੁਰ ਸਾਹਿਬ-ਨੰਗਲ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਸਮਾਜ ਸੇਵੀ ਸੇਵਾਵਾਂ ਸਦਕਾ ਅਤੇ ਟੋਰਾਂਟੋ-ਬਰੈਂਪਟਨ ਦੇ ਖੇਤਰ ਵਿਚ ਸਾਹਿਤਕ ਅਤੇ ਪੰਜਾਬ ਫਿਕਰ ਵਾਲੀਆਂ ਕਰਵਾਈਆਂ ਜਾਂਦੀਆਂ ਵਿਚਾਰ-ਗੋਸ਼ਟੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਪੰਜਾਬ ਆਉਣ ‘ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਡਾ. ਲਖਵਿੰਦਰ ਜੌਹਲ ਹੋਰਾਂ ਨੇ ਆਖਿਆ ਕਿ ਬਲਜੀਤ ਬਡਵਾਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਜਿਵੇਂ ਨਵੀਂ ਪਨੀਰੀ ਨੂੰ, ਖਾਸ ਕਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸਮੇਂ-ਸਮੇਂ ਸੇਵਾ ਨਿਭਾਉਂਦੀ ਹੈ, ਉਸ ਨੇ ਸਾਨੂੰ ਪ੍ਰਭਾਵਿਤ ਕੀਤਾ ਹੈ। ਡਾ. ਲਖਵਿੰਦਰ ਜੌਹਲ ਨੇ ਆਖਿਆ ਕਿ ਬਲਜੀਤ ਸਿੰਘ ਬਡਵਾਲ ਪੰਜਾਬ ਤੋਂ ਲੈ ਕੇ ਕੈਨੇਡਾ ਤੱਕ ਵੱਡੀ ਸੇਵਾ ਨਿਭਾਅ ਰਹੇ ਹਨ।
ਇਸ ਸਨਮਾਨ ਸਮਾਗਮ ਮੌਕੇ ਦੀਪਕ ਸ਼ਰਮਾ ਚਨਾਰਥਲ ਨੇ ਆਖਿਆ ਕਿ ਆਪਣੀ ਹੱਕ ਹਲਾਲ ਦੀ ਕਮਾਈ ਵਿਚੋਂ ਸਮਾਜ ਸੇਵਾ ਲਈ ਦਸਵੰਧ ਕੱਢ ਕੇ ਬਲਜੀਤ ਸਿੰਘ ਬਡਵਾਲ ਗੁਰੂ ਸਾਹਿਬਾਨ ਦੇ ਦਿਖਾਏ ਰਾਹ ‘ਤੇ ਚੱਲ ਰਹੇ ਹਨ।
ਦੀਪਕ ਚਨਾਰਥਲ ਨੇ ਜਿੱਥੇ ਬਲਜੀਤ ਬਡਵਾਲ ਅਤੇ ਉਨ੍ਹਾਂ ਦੀ ਸੰਸਥਾ ਵੱਲੋਂ ਕੀਤੇ ਜਾਂਦੇ ਕਾਰਜਾਂ ਦੀ ਵਿਸਥਾਰਤ ਜਾਣਕਾਰੀ ਸਾਂਝੀ ਕੀਤੀ ਉਥੇ ਉਨ੍ਹਾਂ ਬਡਵਾਲ ਦੇ ਨਾਲ-ਨਾਲ ਨੰਗਲ ਦੀ ਉਘੀ ਹਸਤੀ ਅਤੇ ਇਸ ਟੀਮ ਦੇ ਪੰਜਾਬ ਮੋਢੀ ਗੁਰਪ੍ਰੀਤ ਸਿੰਘ ਗਰੇਵਾਲ ਅਤੇ ਯੋਗੇਸ਼ ਸਚਦੇਵਾ ਤੇ ਸਮੁੱਚੀ ਟੀਮ ਨੂੰ ਵੀ ਚੰਗੇ ਕਾਰਜਾਂ ਲਈ ਵਧਾਈ ਦਿੱਤੀ।
ਬਲਜੀਤ ਸਿੰਘ ਬਡਵਾਲ ਨੇ ਸਮੂਹ ਹਸਤੀਆਂ ਦਾ ਇਹ ਸਨਮਾਨ ਦੇਣ ‘ਤੇ ਜਿੱਥੇ ਧੰਨਵਾਦ ਕੀਤਾ, ਉਥੇ ਗੁਰੂ ਦਾ ਸ਼ੁਕਰਾਨਾ ਕਰਦਿਆਂ ਉਨ੍ਹਾਂ ਕਿਹਾ ਕਿ ਮੇਰੇ ਜ਼ਿੰਮੇ ਜੋ ਸੇਵਾ ਲੱਗੀ ਉਹ ਫਰਜ਼ ਸਮਝ ਕੇ ਨਿਭਾਅ ਰਿਹਾ ਹਾਂ। ਇਹ ਕਾਰਜ ਟੀਮ ਤੋਂ ਬਿਨਾ ਸੰਭਵ ਨਹੀਂ ਹੁੰਦੇ ਸੋ ਇਹ ਸਨਮਾਨ ਮੇਰਾ ਨਹੀਂ ਬਲਕਿ ‘ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ’ ਦੇ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਦਾ ਹੈ।
Check Also
ਗਿਆਨੀ ਰਘਬੀਰ ਸਿੰਘ ਨਾਲ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕੀਤੀ ਮੁਲਾਕਾਤ
ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ ਏ ਕੌਮ ਸਨਮਾਨ ਵਾਪਸ ਲੈਣ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ ਨਿਊਜ਼ …