ਹਾਈਕੋਰਟ ਨੇ 29 ਜੂਨ ਨੂੰ ਵਾਪਸ ਸਰੈਂਡਰ ਕਰਨ ਦੇ ਦਿੱਤੇ ਨਿਰਦੇਸ਼
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸੀਨੀਅਰ ਆਈਏਐੱਸ ਅਫਸਰ ਸੰਜੇ ਪੋਪਲੀ ਨੂੰ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਛੇ ਦਿਨ ਦੀ ਅੰਤਿ੍ਰਮ ਜ਼ਮਾਨਤ ਦੇ ਦਿੱਤੀ ਹੈ। ਸੰਜੇ ਪੋਪਲੀ ਨੇ ਆਪਣੇ ਪੁੱਤਰ ਦੀ 25 ਜੂਨ ਨੂੰ ਪਹਿਲੀ ਬਰਸੀ ’ਚ ਸ਼ਾਮਲ ਹੋਣ ਅਤੇ ਬਿਮਾਰ ਪਤਨੀ ਦੀ ਸਿਹਤ ਦਾ ਹਵਾਲਾ ਦੇ ਕੇ ਅੰਤਿ੍ਰਮ ਜ਼ਮਾਨਤ ਮੰਗੀ ਸੀ। ਹਾਈਕੋਰਟ ਨੇ ਉਨ੍ਹਾਂ ਨੂੰ 23 ਜੂਨ ਤੋਂ 28 ਜੂਨ ਤਕ ਦੀ ਅੰਤਿ੍ਰਮ ਜ਼ਮਾਨਤ ਦਿੰਦੇ ਹੋਏ 29 ਜੂਨ ਨੂੰ ਵਾਪਸ ਸਰੈਂਡਰ ਕਰਨ ਦੇ ਆਦੇਸ਼ ਦਿੱਤੇ ਹਨ। ਪੋਪਲੀ ਦੀ ਰੈਗੂਲਰ ਜ਼ਮਾਨਤ ਹਾਲੇ ਹਾਈਕੋਰਟ ’ਚ ਪੈਂਡਿੰਗ ਹੈ ਜਿਸ ’ਤੇ ਜੁਲਾਈ ਵਿਚ ਸੁਣਵਾਈ ਹੋਣੀ ਹੈ। ਸੰਜੇ ਪੋਪਲੀ ਨੂੰ ਪਿਛਲੇ ਸਾਲ ਪੰਜਾਬ ਪੁਲਿਸ ਨੇ ਭਿ੍ਰਸ਼ਟਾਚਾਰ ਦੇ ਮਾਮਲੇ ’ਚ ਗਿ੍ਰਫਤਾਰ ਕੀਤਾ ਸੀ। ਜਦੋਂ ਵਿਜੀਲੈਂਸ ਦੀ ਟੀਮ ਨੇ ਸੰਜੇ ਪੋਪਲੀ ਦੇ ਚੰਡੀਗੜ੍ਹ ਸਥਿਤ ਘਰ ’ਚ ਛਾਪਾ ਮਾਰਿਆ ਸੀ ਤਾਂ ਇਕ-ਇਕ ਕਿੱਲੋ ਦੀਆਂ 9 ਸੋਨੇ ਦੀਆਂ ਇੱਟਾਂ, 49 ਸੋਨੇ ਦੇ ਬਿਸਕੁਟ, 12 ਸੋਨੇ ਦੇ ਸਿੱਕੇ ਅਤੇ 3 ਕਿੱਲੋ ਚਾਂਦੀ ਬਰਾਮਦ ਹੋਈ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਘਰੋਂ 5 ਮਹਿੰਗੇ ਮੋਬਾਈਲ ਫੋਨ ਅਤੇ ਦੋ ਸਮਾਰਟ ਘੜੀਆਂ ਵੀ ਬਰਾਮਦ ਕੀਤੀਆਂ ਗਈਆਂ ਸਨ ਪਰ ਜਦੋਂ ਵਿਜੀਲੈਂਸ ਦੀ ਟੀਮ ਛਾਪੇਮਾਰੀ ਕਰ ਰਹੀ ਸੀ ਤਾਂ ਪੋਪਲੀ ਦੇ 27 ਸਾਲਾ ਪੁੱਤਰ ਦੀ ਮੌਤ ਹੋ ਗਈ ਸੀ। ਜ਼ਿਕਰਯੋਗ ਹੈ ਕਿ ਸੰਜੇ ਪੋਪਲੀ ਪੰਜਾਬ ਦੇ ਸੀਨੀਅਰ ਆਈਏਐੱਸ ਅਫਸਰ ਹਨ। ਸੰਜੇ ਪੋਪਲੀ ’ਤੇ ਟੈਂਡਰ ਦੇ ਬਦਲੇ ਕਮਿਸ਼ਨ ਲੈਣ ਦਾ ਵੀ ਆਰੋਪ ਹੈ ਅਤੇ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਹੀ ਸੰਜੇ ਪੋਪਲੀ ਦੀ ਗਿ੍ਰਫਤਾਰੀ ਹੋਈ ਸੀ ਅਤੇ ਉਹ ਜੇਲ੍ਹ ਵਿਚ ਬੰਦ ਹਨ।