Breaking News
Home / ਪੰਜਾਬ / ਕੰਵਰ ਸੰਧੂ ਪੀਏਸੀ ਦੇ ਚੇਅਰਮੈਨ ਬਣਾਏ

ਕੰਵਰ ਸੰਧੂ ਪੀਏਸੀ ਦੇ ਚੇਅਰਮੈਨ ਬਣਾਏ

ਬਾਦਲ ਤੇ ਢੀਂਡਸਾ ਮੈਂਬਰਾਂ ਵਿਚ ਸ਼ਾਮਲ, ਪ੍ਰੀਵਿਲਜ਼ ਕਮੇਟੀ ਦੇ ਚੇਅਰਮੈਨ ਸੁਖਜਿੰਦਰ ਸਿੰਘ ਰੰਧਾਵਾ ਬਣੇ
ਚੰਡੀਗੜ੍ਹ /ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੀ ਸਭ ਤੋਂ ਮਹੱਤਵਪੂਰਨ ਪਬਲਿਕ ਅਕਾਊਂਟਸ ਕਮੇਟੀ (ਪੀਏਸੀ), ਜੋ ਸਾਬਕਾ ਸਰਕਾਰਾਂ ਵਿਚ ਹੋਏ ਘਪਲਿਆਂ ਬਾਰੇ ਆਡੀਟਰ ਜਨਰਲ ਵੱਲੋਂ ਉਠਾਏ ਮੁੱਦਿਆਂ ‘ਤੇ ਆਪਣਾ ਫੈਸਲਾ ਦਿੰਦੀ ਹੈ, ਦੀ ਕਮਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਨੂੰ ਸੌਂਪੀ ਗਈ ਹੈ। ਇਸ ਕਮੇਟੀ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਵੀ ਲਿਆ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਪਿਛਲੇ ਦਸ ਸਾਲਾਂ ਵਿਚ ਕੈਗ ਨੇ ਜਿਨ੍ਹਾਂ ਵਿਭਾਗਾਂ ਦੀ ਕਾਰਗੁਜ਼ਾਰੀ ‘ਤੇ ਉਂਗਲੀ ਉਠਾਈ ਹੈ, ਉਸਦੀ ਸਿੱਧੇ ਤੌਰ ‘ਤੇ ਜ਼ਿੰਮੇਵਾਰੀ ਜਾਂ ਤਾਂ ਵਿੱਤ ਮੰਤਰੀ ਦੀ ਹੁੰਦੀ ਹੈ ਅਤੇ ਜਾਂ ਫਿਰ ਮੁੱਖ ਮੰਤਰੀ ਦੀ। ਹੁਣ ਕਮੇਟੀ ਜਦ ਵੀ ਇਨ੍ਹਾਂ ਕੈਗ ਰਿਪੋਰਟਾਂ ‘ਤੇ ਮੀਟਿੰਗ ਕਰੇਗੀ ਤਾਂ ਕੀ ਇਹ ਦੋਵੇਂ ਵਿਧਾਇਕਾਂ ਨੂੰ ਸਿੱਧੇ ਤੌਰ ‘ਤੇ ਨਹੀਂ ਘੇਰੇਗੀ? ਸਪੀਕਰ ਰਾਣਾ ਕੰਵਰਪਾਲ ਸਿੰਘ ਨੇ 12 ਕਮੇਟੀਆਂ ਬਣਾਈਆਂ ਹਨ, ਜਿਨ੍ਹਾਂ ਵਿਚ ਦੋ ਵਿਰੋਧੀ ਧਿਰ ਨੂੰ ਮਿਲੀਆਂ ਹਨ। ਇਨ੍ਹਾਂ ਦੇ ਚੇਅਰਮੈਨ ਵਿਰੋਧੀ ਪਾਰਟੀਆਂ ਦੇ ਵਿਧਾਇਕ ਹੋਣਗੇ। ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਅਤੇ ਭਾਜਪਾ ਦੇ ਤਿੰਨ ਵਿਧਾਇਕਾਂ ਦੇ ਹੱਥ ਕਿਸੇ ਕਮੇਟੀ ਦੀ ਚੇਅਰਮੈਨੀ ਨਹੀਂ ਲੱਗੀ। ਪ੍ਰੀਵਿਲਜ਼ ਕਮੇਟੀ ਦੇ ਚੇਅਰਮੈਨ ਸੁਖਜਿੰਦਰ ਸਿੰਘ ਰੰਧਾਵਾ ਨੂੰ ਬਣਾਇਆ ਗਿਆ ਹੈ। ਇਸ ਕਮੇਟੀ ਵਿਚ ਉਨ੍ਹਾਂ ਤੋਂ ਇਲਾਵਾ ਨੱਥੂ ਰਾਮ, ਰਮਨਜੀਤ ਸਿੰਘ ਸਿੱਕੀ, ਪਰਗਟ ਸਿੰਘ, ਸੁੰਦਰ ਸ਼ਿਆਮ ਅਰੋੜਾ, ਤਰਸੇਮ ਸਿੰਘ ਡੀਸੀ, ਅੰਗਦ ਸਿੰਘ, ਪ੍ਰੀਤਮ ਸਿੰਘ ਕੋਟਭਾਈ, ਬਲਦੇਵ ਸਿੰਘ, ਰੂਪਿੰਦਰ ਕੌਰ ਰੂਬੀ, ਲਖਬੀਰ ਸਿੰਘ ਲੋਧੀਨੰਗਲ ਅਤੇ ਪਵਨ ਕੁਮਾਰ ਟੀਨੂੰ ਨੂੰ ਥਾਂ ਦਿੱਤੀ ਹੈ।
ਡਾ. ਰਾਜ ਕੁਮਾਰ ਵੇਰਕਾ ਐਸਸੀ, ਬੀਸੀ ਵੈਲਫੇਅਰ ਕਮੇਟੀ ਦੇ ਚੇਅਰਮੈਨ
ਐਸਸੀ, ਬੀਸੀ ਵੈਲਫੇਅਰ ਕਮੇਟੀ ਦੇ ਚੇਅਰਮੈਨ ਡਾ. ਰਾਜ ਕੁਮਾਰ ਵੇਰਕਾ ਹੋਣਗੇ। ਉਹਨਾਂ ਨਾਲ 12 ਹੋਰ ਵਿਧਾਇਕ ਵੀ ਹਨ। ਸੁਬਾਰਡੀਨੇਟ ਲੈਜਿਸਲੇਸ਼ਨ ਕਮੇਟੀ ਦੇ ਚੇਅਰਮੈਨ ਰਾਕੇਸ਼ ਪਾਂਡੇ ਹੋਣਗੇ। ਲਾਇਬ੍ਰੇਰੀ ਕਮੇਟੀ ਦਾ ਚੇਅਰਮੈਨ ਸੁਰਿੰਦਰ ਕੁਮਾਰ ਡਾਬਰ ਨੂੰ ਬਣਾਇਆ ਗਿਆ ਹੈ। ਪਬਲਿਕ ਅੰਡਰਟੇਕਿੰਗ ਦਾ ਚੇਅਰਮੈਨ ਓਮ ਪ੍ਰਕਾਸ਼ ਸੋਨੀ, ਲੋਕਲ ਬਾਡੀਜ਼ ਐਂਡ ਪੰਚਾਇਤੀ ਰਾਜ ਦਾ ਬਲਵਿੰਦਰ ਸਿੰਘ ਸਿੱਧੂ, ਪ੍ਰਸ਼ਨ ਤੇ ਰੈਫਰੈਂਸ ਕਮੇਟੀ ਦਾ ਚੇਅਰਮੈਨ ਰਾਣਾ ਗੁਰਜੀਤ ਸਿੰਘ ਸੋਢੀ, ਐਸਟੀਮੇਟ ਕਮੇਟੀ ਦਾ ਚੇਅਰਮੈਨ ਸੁਖਵਿੰਦਰ ਸਿੰਘ ਸਰਕਾਰੀਆ, ਸਰਕਾਰੀ ਵਿਸ਼ਵਾਸ ਕਮੇਟੀ ਦਾ ਚੇਅਰਮੈਨ ਰਣਦੀਪ ਸਿੰਘ, ਪੇਪਰ ਲੇਡ ਕਮੇਟੀ ਦਾ ਚੇਅਰਮੈਨ ਅਕਾਲੀ ਵਿਧਾਇਕ ਗੁਰਪ੍ਰਤਾਪ ਵਡਾਲਾ ਨੂੰ ਬਣਾਇਆ ਗਿਆ ਹੈ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …