7.9 C
Toronto
Tuesday, October 28, 2025
spot_img
Homeਪੰਜਾਬਕੈਪਟਨ ਸਰਕਾਰ ਵਲੋਂ 20 ਵਿਧਾਇਕਾਂ ਨੂੰ ਸੰਸਦੀ ਸਕੱਤਰ ਲਾਉਣ ਦੀ ਤਿਆਰੀ

ਕੈਪਟਨ ਸਰਕਾਰ ਵਲੋਂ 20 ਵਿਧਾਇਕਾਂ ਨੂੰ ਸੰਸਦੀ ਸਕੱਤਰ ਲਾਉਣ ਦੀ ਤਿਆਰੀ

ਮੁੱਖ ਮੰਤਰੀ ਨੇ ਕਾਨੂੰਨੀ ਮਾਹਿਰਾਂ ਨਾਲ ਕੀਤਾ ਵਿਚਾਰ-ਵਟਾਂਦਰਾ
ਚੰਡੀਗੜ੍ਹ/ਬਿਊਰੋ ਨਿਊਜ਼ : ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਭਾਵੇਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਤਕਨੀਕੀ ਨੁਕਤੇ ਦੇ ਆਧਾਰ ‘ਤੇ 19 ਮੁੱਖ ਪਾਰਲੀਮਾਨੀ ਸਕੱਤਰਾਂ ਦੀਆਂ ਨਿਯੁਕਤੀਆਂ ਰੱਦ ਕਰ ਦਿਤੀਆਂ ਸਨ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਕਰੀਬ 20 ਨਿਯੁਕਤੀਆਂ ਕਰਨ ਦਾ ਫ਼ੈਸਲਾ ਕਰ ਲਿਆ ਹੈ।ઠਮੁੱਖ ਮੰਤਰੀ ਇਕ ਤੀਰ ਨਾਲ ਦੋ ਨਿਸ਼ਾਨੇ ਵਿੰਨ੍ਹਣਾ ਚਾਹੁੰਦੇ ਹਨ। ਇਕ ਤਾਂ  ਉਹ ਪਹਿਲੀ ਤੇ ਦੂਜੀ ਵਾਰੀ ਚੁਣੇ ਗਏ ਕਾਂਗਰਸੀ ਵਿਧਾਇਕਾਂ ਦੀਆਂ ਇੱਛਾਵਾਂ ਪੂਰੀਆਂ ਕਰਨਾ ਚਾਹੁੰਦੇ ਹਨ, ਦੂਜਾ ਉਹ ਨਵੇਂ ਵਿਧਾਇਕਾਂ ਨੂੰ ਪ੍ਰਸ਼ਾਸਨਿਕ ਕੰਮਾਂ ਦਾ ਤਜਰਬਾ ਦੇਣ ਦੀ ਮਨਸ਼ਾ ਨਾਲ ਮਾਮੂਲੀ ਟੌਹਰ ਅਤੇ ਠੁੱਕ ਬੰਨ੍ਹਣ ਲਈ ਵੀ ਨੌਜਵਾਨ ਵਿਧਾਇਕਾਂ ਦੀ ਇੱਜ਼ਤ ਮਾਣ ਕਰਨਾ ਚਾਹੁੰਦੇ ਹਨ।ઠਪਤਾ ਲੱਗਾ ਹੈ ਕਿ ਮੁੱਖ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਰਾਹੀਂ ਐਡਵੋਕੇਟ ਜਨਰਲ ਅਤੇ ਹੋਰ ਕਾਨੂੰਨੀ ਮਾਹਰਾਂ ਨਾਲ ਵਿਚਾਰ ਕੀਤਾ ਹੈ ਅਤੇ ਸਬੰਧਤ ਬਿਲ ਵੀ ਤਿਆਰ ਕਰਨ ਦੀ ਸਲਾਹ ਦਿਤੀ ਹੈ ਜੋ ਜੂਨ ਮਹੀਨੇ ਹੋ ਰਹੇ ਬਜਟ ਸੈਸ਼ਨ ਵਿਚ ਰਾਜਪਾਲ ਦੀ ਮਨਜ਼ੂਰੀ ਨਾਲ ਐਕਟ ਬਣਾ ਦਿਤਾ ਜਾਵੇਗਾ।ઠਇਹ ਵੀ ਹੋ ਸਕਦਾ ਹੈ ਕਿ ਅੱਜ ਕੱਲ੍ਹ ਵਿਚ ਸਦਨ ਦੇ ਵਿਧੀਵਤ ਉਠਾ ਦੇਣ ਕਰਕੇ, ਆਰਡੀਨੈਂਸ ਜਾਰੀ ਕੀਤਾ ਜਾਵੇ ਅਤੇ ਜੂਨ ਦੇ ਸੈਸ਼ਨ ਤੋਂ ਪਹਿਲਾਂ ਹੀ 20 ਸੰਸਦੀ ਸਕੱਤਰਾਂ ਨੂੰ ਸਹੁੰ ਚੁਕਾ ਦਿਤੀ ਜਾਵੇ। ਜ਼ਿਕਰਯੋਗ ਹੈ ਕਿ ਮੰਤਰੀਆਂ ਨੂੰ ਹਮੇਸ਼ਾ ਸਹੁੰ ਰਾਜਪਾਲ ਚੁਕਾਉਂਦਾ ਹੈ ਕਿਉਂਕਿ ਉਹ ਪੋਸਟਾਂ ਅਤੇ ਅਹੁਦੇ ਸੰਵਿਧਾਨਕ ਹੁੰਦੇ ਹਨ ਜੋ ਕੁਲ ਵਿਧਾਇਕਾਂ ਦੀ 117 ਦੀ ਗਿਣਤੀ ਦਾ 15 ਫ਼ੀਸਦੀ ਹੁੰਦੀ ਹੈ ਜਦਕਿ ਸੰਸਦੀ ਸਕੱਤਰ ਸੰਵਿਧਾਨਕ ਪੋਸਟ ਨਹੀਂ ਗਿਣੀ ਜਾਂਦੀ।ઠ
ਮੁੱਖ ਮੰਤਰੀ ਇਸ ਦੁਚਿੱਤੀ ਵਿਚ ਹਨ ਕਿ ਮਾਝਾ, ਦੁਆਬਾ ਅਤੇ ਮਾਲਵਾ ਇਲਾਕਿਆਂ ਵਿਚ ਜਿਹੜੇ ਜ਼ਿਲ੍ਹੇ ਮੰਤਰੀ ਪ੍ਰੀਸ਼ਦ ਵਿਚ ਨੁਮਾਇੰਦਗੀ ਤੋਂ ਬਗ਼ੈਰ ਰਹਿ ਗਏ ਹਨ, ਉਨ੍ਹਾਂ ਵਿਚੋਂ ਤੀਜੀ ਜਾਂ ਚੌਥੀ ਵਾਰ ਚੁਣੇ ਗਏ ਵਿਧਾਇਕਾਂ ਨੂੰ ਮੰਤਰੀ ਬਣਾ ਦਿਤਾ ਜਾਵੇ ਜਾਂ ਜੇ ਫਿਰ ਵੀ ਨਹੀਂ ਸਰਦਾ ਤਾਂ ਸੀਪੀਐਸ ਵਿਚ ਅਡਜਸਟ ਕੀਤਾ ਜਾਵੇ। ਕਾਨੂੰਨੀ ਮਾਹਰਾਂ ਤੇ ਐਡਵੋਕੇਟ ਜਨਰਲ ਨੇ ਮੁੱਖ ਮੰਤਰੀઠ ਤੇ ਅਫ਼ਸਰਸ਼ਾਹੀ ਨੂੰ ਮਸ਼ਵਰਾ ਦਿਤਾ ਹੈ ਕਿ ਲਿਖਤੀ ਰੂਪ ਵਿਚ ਤਿਆਰ ਕਰਨ ਵਾਲੇ ਬਿਲ ਜਾਂ ਆਰਡੀਨੈਂਸ ਵਿਚ ਇਕ ਤਾਂ ਪ੍ਰਸ਼ਾਸਨਿਕ ਕੰਮਾਂ ਲਈ ਤਜਰਬਾ ਦਿਵਾਉਣ ਦੀ ਧਾਰਾ ਦਰਜ ਕੀਤੀ ਜਾਵੇ, ਦੂਜਾ ਵਿਧਾਇਕਾਂ ਦੀ ਤਨਖ਼ਾਹ ਤੇ ਭੱਤਿਆਂ ਤੋਂ ਜ਼ਰਾ ਕੁ ਵਾਧੂ ਪੈਸੇ ਦੇਣ ਦੀ ਗੁੰਜਾਇਸ਼ ਰੱਖੀ ਜਾਵੇ।ઠਦੂਜੇ ਪਾਸੇ ਨਵੇਂ ਚੁਣੇ ਗਏ ਵਿਧਾਇਕ ਤਾਂ ਇਹੋ ਕਹਿੰਦੇ ਹੁਣੇ ਜਾਂਦੇ ਹਨ ਕਿ ਸਕੱਤਰੇਤ ਵਿਚ ਬੈਠਣ ਨੂੰ ਥਾਂ ਦੇ ਦਿਓ, ਅਹੁਦਾ ਕੋਈ ਵੀ ਦੇ ਦਿਓ, ਤਨਖ਼ਾਹ ਵੀ ਨਾ ਦਿਓ ਪਰ ਇੱਜ਼ਤ ਮਾਣ, ਗੱਡੀ, ਡਰਾਈਵਰ, ਗਨਮੈਨ ਜ਼ਰੂਰ ਮਿਲ ਜਾਵੇ।
ਕਾਂਗਰਸ ਦੇ ਜਿੱਤੇ ਕੁਲ 77 ਵਿਧਾਇਕਾਂ ਵਿਚ ਭੋਆ ਤੋਂ ਜੋਗਿੰਦਰ ਪਾਲ ਸਿੰਘ, ਪਠਾਨਕੋਟ ਤੋਂ ਅਮਿਤ ਵਿੱਜ, ਗੁਰਦਾਸਪੁਰ ਤੋਂ ਬਰਿੰਦਰਜੀਤ ਸਿੰਘ ਪਾਹੜਾ, ਕਾਦੀਆਂ ਤੋਂ ਫ਼ਤਿਹਜੰਗ ਬਾਜਵਾ, ਸ੍ਰੀ ਹਰਗੋਬਿੰਦਪੁਰ ਤੋਂ ਬਲਵਿੰਦਰ ਲਾਡੀ, ਜੰਡਿਆਲਾ ਤੋਂ ਸੁਖਵਿੰਦਰ ਡੈਨੀ ਤੇ ਅੰਮ੍ਰਿਤਸਰ ਉੱਤਰੀ ਤੋਂ ਸੁਨੀਲ ਦੱਤੀ ਪਹਿਲੀ ਵਾਰ ਚੁਣ ਕੇ ਆਏ ਹਨ।ઠ
ਇਸੇ ਤਰ੍ਹਾਂ ਤਰਸੇਮ ਸਿੰਘ-ਅਟਾਰੀ, ਧਰਮਵੀਰ ਅਗਨੀਹੋਤਰੀ-ਤਰਨਤਾਰਨ, ਹਰਮਿੰਦਰ ਗਿੱਲ-ਪੱਟੀ, ਸੁਖਪਾਲ ਭੁੱਲਰ-ਖੇਮਕਰਨ ਤੋਂ, ਸੰਤੋਖ ਸਿੰਘ-ਬਾਬਾ ਬਕਾਲਾ, ਚੌਧਰੀ ਸੁਰਿੰਦਰ ਸਿੰਘ-ਕਰਤਾਰਪੁਰ, ਸੁਸ਼ੀਲ ਰਿੰਕੂ-ਜਲੰਧਰ ਪਛਮੀ, ਰਾਜਿੰਦਰ ਬੇਰੀ-ਜਲੰਧਰ ਕੇਂਦਰੀ ਤੋਂ ਅਤੇ ਅਵਤਾਰ ਸੰਘੇੜਾ-ਜਲੰਧਰ ਉੱਤਰੀ ਤੋਂ ਪਹਿਲੀ ਵਾਰੀ ਜਿੱਤੇ ਹਨ। ਹੁਸ਼ਿਆਰਪੁਰ ਜ਼ਿਲ੍ਹੇ ਵਿਚੋਂ ਦਸੂਹਾ ਤੋਂ ਅਰੁਣ ਡੋਗਰਾ, ਸ਼ਾਮਚੁਰਾਸੀ ਤੋਂ ਪਵਨ ਆਦੀਆ ਪਹਿਲੀ ਵਾਰ ਦੇ ਵਿਧਾਇਕ ਹਨ।ઠਕੁਲ 35 ਪਹਿਲੀ ਵਾਰੀ ਵਾਲੇ ਕਾਂਗਰਸੀ ਵਿਧਾਇਕਾਂ ਵਿਚ ਅੰਗਦ ਸੈਣੀ-ਨਵਾਂ ਸ਼ਹਿਰ, ਦਰਸ਼ਨ ਲਾਲ-ਬਲਾਚੌਰ, ਗੁਰਪ੍ਰੀਤ ਜੀਪੀ-ਬਸੀ ਪਠਾਣਾਂ, ਸੰਜੀਵ ਤਲਵਾੜ-ਲੁਧਿਆਣਾ ਪੂਰਬੀ, ਕੁਲਦੀਪ ਵੈਦ-ਗਿੱਲ ਸੀਟ ਤੋਂ, ਲਖਬੀਰ ਲਾਖਾ-ਪਾਇਲ, ਡਾ. ਹਰਜੋਤ ਕਮਲ-ਮੋਗਾ, ਸੁਖਜੀਤ ਕਾਕਾ ਲੋਹਗੜ੍ਹ-ਧਰਮਕੋਟ ਤੋਂ, ਕੁਲਬੀਰ-ਜ਼ੀਰਾ, ਸਤਕਾਰ ਕੌਰ-ਫ਼ਿਰੋਜ਼ਪੁਰ ਦਿਹਾਤੀ, ਦਵਿੰਦਰ ਘੁਬਾਇਆ-ਫ਼ਾਜ਼ਿਲਕਾ ਅਤੇ ਭੁੱਚੋ ਮੰਡੀ ਤੋਂ ਪ੍ਰੀਤਮ ਸਿੰਘ, ਧੂਰੀ ਤੋਂ ਦਲਵੀਰ ਗੋਲਡੀ ਅਤੇ ਸਮਾਣਾ ਤੋਂ ਰਾਜਿੰਦਰ ਸਿੰਘ ਸ਼ਾਮਲ ਹਨ। ਇਨ੍ਹਾਂ ਵਿਚੋਂ 10 ਜਾਂ 12 ਬਤੌਰ ਮੁੱਖ ਪਾਰਲੀਮਾਨੀ ਸਕੱਤਰ ਲਏ ਜਾ ਸਕਦੇ ਹਨ। ਦੂਜੀ ਵਾਰ ਚੁਣੇ ਗਏ 19 ਕਾਂਗਰਸੀ ਵਿਧਾਇਕਾਂ ਵਿਚੋਂ ਪੰਜ ਜਾਂ ਸੱਤ ਬਣਾਏ ਜਾ ਸਕਦੇ ਹਨ। ਇਹ ਸਾਰੇ ਮੈਂਬਰ 25 ਸਾਲ ਤੋਂ 45 ਜਾਂ 50 ਸਾਲ ਤਕ ਦੀ ਉਮਰ ਦੇ ਹਨ ਜਿਨ੍ਹਾਂ ਪਿੱਛੇ ਰਾਹੁਲ ਗਾਂਧੀ ਦਾ ਵੱਡਾ ਹੱਥ ਹੈ। ਇਥੇ ਇਹ ਵੀ ਦਸਣਾ ਬਣਦਾ ਹੈ ਕਿ ਮੁੱਖ ਮੰਤਰੀ ਲਈ ਮੁਸੀਬਤ ਬਣਦੀ ਜਾ ਰਹੀ ਹੈ ਕਿ ਤਿੰਨ ਵਾਰ ਦੇ ਚੁਣੇ ਵਿਧਾਇਕ ਮੰਤਰੀ ਮੰਡਲ ਵਿਚ ਪੂਰੀ ਤਰ੍ਹਾਂ ਅਡਜਸਟ ਹੀ ਨਹੀਂ ਹੋ ਰਹੇ, ਬਾਹਰ ਰਹਿਣ ਵਾਲਿਆਂ ਦਾ ਕੀ ਕੀਤਾ ਜਾਵੇ।
ਸਾਡੀ ਵਾਰੀ ਹੀ ਬੰਦ ਹੋਣੀ ਸੀ ਲਾਲ ਬੱਤੀ
ਕੈਪਟਨ ਸਰਕਾਰ ਨੇ ਵੀਆਈਪੀ ਕਲਚਰ ਬੰਦ ਕਰਨ ਦੇ ਲਈ ਲਾਲ ਬੱਤੀ ਨਾ ਲਗਾਉਣ ਦਾ ਫੈਸਲਾ ਤਾਂ ਕੀਤਾ ਹੈ ਪ੍ਰੰਤੂ ਨਵੇਂ ਵਿਧਾਇਕਾਂ ਨੂੰ ਇਹ ਫਰਮਾਨ ਰਾਸ ਨਹੀਂ ਆ ਰਿਹਾ। ਉਨ੍ਹਾਂ ਨੂੰ ਲਗਦਾ ਹੈ ਕਿ ਇਸ ਨਾਲ ਉਹ ਲੋਕਾਂ ‘ਚ ਜਾਣ ਦੇ ਯੋਗ ਨਹੀਂ ਰਹੇ ਕਿਉਂਕਿ ਲੋਕ ਉਨ੍ਹਾਂ ਨੂੰ ਪਹਿਚਾਣਦੇ ਹੀ ਨਹੀਂ। ਇਕ ਵਿਧਾਇਕ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਹਰ ਜਗ੍ਹਾ ਐਮਐਲਏ ਦਾ ਕਾਰਡ ਕੱਢ ਕੇ ਦਿਖਾਈਏ। ਹਰ ਰੋਜ਼ ਚੰਡੀਗੜ੍ਹ ਆਉਣ ਸਮੇਂ ਟੋਲ ਟੈਕਸ ਆਉਂਦੇ ਹਨ ਅਤੇ ਲੋਕ ਵਿਸ਼ਵਾਸ ਨਹੀਂ ਕਰਦੇ। ਵਿਧਾਇਕ ਨੇ ਕਿਹਾ ਕਿ ਤਿੰਨ ਦਿਨ ਪਹਿਲਾਂ ਜਦੋਂ ਦਿੱਲੀ ਗਏ ਤਾਂ ਅਸੀਂ ਇਕ ਹੀ ਗੱਡੀ ‘ਚ ਚਾਰ ਵਿਧਾਇਕ ਸਾਂ। ਟੋਲ ਵਾਲੀ ਲੜਕੀ ਨੂੰ ਕਿਹਾ ਕਿ ਅਸੀਂ ਐਮ ਐਲ ਏ ਹਾਂ ਪਰ ਉਹ ਨਹੀਂ ਮੰਨੀ, ਉਹ ਲੜਕੀ ਬੋਲੀ ਜੇਕਰ ਐਮ ਐਲ ਏ ਹੋ ਤਾਂ ਗੱਡੀ ‘ਤੇ ਲਾਲ ਬੱਤੀ ਕਿਉਂ ਨਹੀਂ ਲਗਾਈ। ਟੋਲ ਬਚਾਉਣ ਦੇ ਲਈ ਕਿਉਂ ਝੂਠ ਬੋਲ ਰਹੇ ਹੋ, ਕੀ ਕਦੇ ਇਕ ਗੱਡੀ ‘ਚ ਚਾਰ ਐਮ ਐਲ ਏ ਬੈਠੇ ਦੇਖੇ ਨੇ। ਹੁਣ ਦੱਸੋ, ਹਰ ਜਗ੍ਹਾ ਤਾਂ ਸਾਡੀ ਇਸ ਤਰ੍ਹਾਂ ਬੇਇਜ਼ਤੀ ਹੁੰਦੀ ਹੈ। ਕੀ ਸਾਡੀ ਵਾਰੀ ਹੀ ਬੰਦ ਕਰਨੀ ਸੀ ਲਾਲ ਬੱਤੀ।
ਝੰਡੀ ਵਾਲੀ ਕਾਰ ਲਈ ਉਤਾਵਲੇ
ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ‘ਚ 8 ਮੰਤਰੀਆਂ ਦੇ ਅਹੁਦੇ ਖਾਲੀ ਹਨ। ਹਰ ਕੋਈ ਇਸ ਨੂੰ ਪਾਉਣ ਦੇ ਲਈ ਦਬਾਅ ਦੀ ਰਾਜਨੀਤੀ ਕਰ ਰਿਹਾ ਹੈ। ਕਦੇ ਸਾਂਝੇ ਬ੍ਰਿਗੇਡ ਸੀਐਮਓ ਦੇ ਚੱਕਰ ਲਗਾਉਂਦੀ ਹੈ ਤਾਂ ਕਦੇ ਦੋਆਬਾ ਦੇ ਐਮ ਐਲ ਏ ਆਪਣੇ ਲਈ ਝੰਡੀ ਵਾਲੀ ਕਾਰ ਦੀ ਕੋਸ਼ਿਸ਼ ਕਰਦੇ ਦਿਖ ਰਹੇ ਹਨ। ਮਲਵਈ ਵਿਧਾਇਕ ਵੀ ਪਿੱਛੇ ਨਹੀਂ। ਸੀਐਮਓ ‘ਚ ਪੋਲੀਟੀਕਲ ਸੈਕਟਰੀ ਸੰਦੀਪ ਸੰਧੂ ਦੇ ਕੋਲ ਵਿਧਾਇਕਾਂ ਦਾ ਜਿਸ ਤਰ੍ਹਾਂ ਇਕੱਠ ਹੋਇਆ ਰਹਿੰਦਾ ਹੈ ਉਸ ਨੂੰ ਦੇਖ ਕੇ ਲਗਦਾ ਹੈ ਕਿ ਹਰ ਕੋਈ ਝੰਡੀ ਵਾਲੀ ਕਾਰ ਲੈਣ ਦੇ ਲਈ ਉਤਾਵਲਾ ਹੈ ਪ੍ਰੰਤੂ ਲਗਦਾ ਨਹੀਂ ਹੈ ਕਿ ਬਜਟ ਸੈਸ਼ਨ ਤੋਂ ਪਹਿਲਾਂ ਕਿਸੇ ਦੀ ਕਿਸਮਤ ਜਾਗੇਗੀ।

RELATED ARTICLES
POPULAR POSTS