10.3 C
Toronto
Tuesday, October 28, 2025
spot_img
Homeਪੰਜਾਬਸ਼ਹੀਦ ਪਰਮਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਸ਼ਹੀਦ ਪਰਮਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਵੱਡੀ ਗਿਣਤੀ ‘ਚ ਲੋਕਾਂ ਨੇ ਸ਼ਹੀਦ ਨੂੰ ਦਿੱਤੀ ਨਮ ਅੱਖਾਂ ਨਾਲ ਵਿਦਾਈ
ਤਰਨਤਾਰਨ/ਬਿਊਰੋ ਨਿਊਜ਼ : ਜੰਮੂ ਦੇ ਪੁਣਛ ਸੈਕਟਰ ਵਿੱਚ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ (ਬੈਟ) ਦੇ ਮੈਂਬਰਾਂ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਨਾਇਬ ਸੂਬੇਦਾਰ ਪਰਮਜੀਤ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਵੇਈਂ ਪੂਈਂ ਲਿਆਂਦੀ ਗਈ। ਸ਼ਹੀਦ ਦਾ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਇਸ ਮੌਕੇ ਸ਼ਹੀਦ ਦੇ ਨੇੜਲੇ ਰਿਸ਼ਤੇਦਾਰਾਂ ਤੇ ਆਲੇ-ਦੁਆਲੇ ਦੇ ਪਿੰਡਾਂ ਨਾਲ ਸਬੰਧਤ ਵੱਡੀ ਗਿਣਤੀ ਲੋਕਾਂ ਨੇ ਸ਼ਹੀਦ ਨੂੰ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ। ਸ਼ਹੀਦ ਪਰਮਜੀਤ ਸਿੰਘ ਦੀ ਦੇਹ ਨੂੰ ਭਾਰਤੀ ਫੌਜ ਦੇ ਇਕ ਹੈਲੀਕਾਪਟਰ ਰਾਹੀਂ 11 ਵਜੇ ਦੇ ਕਰੀਬ ਪਿੰਡ ਲਿਆਂਦਾ ਗਿਆ। ਮ੍ਰਿਤਕ ਦੇਹ ਵਾਲੇ ਬਕਸੇ ਨੂੰ ਸ਼ਹੀਦ ਦੇ ਪਿੰਡ ਪਰਿਵਾਰ ਦੇ ਪੁਰਾਣੇ ਘਰ ਰੱਖਿਆ ਗਿਆ। ਦੱਸਣਯੋਗ ਹੈ ਕਿ ਦੁਸ਼ਮਣ ਫੌਜ ਨੇ ਪਰਮਜੀਤ ਨੂੰ ਗੋਲੀਆਂ ਮਾਰਨ ਤੋਂ ਬਾਅਦ ਉਸ ਦਾ ਸਿਰ ਕਲਮ ਕਰ ਦਿੱਤਾ ਸੀ ਤੇ ਸਰੀਰ ਦੇ ਹੋਰਨਾਂ ਅੰਗਾਂ ਨੂੰ ਵੀ ਨੁਕਸਾਨ ਪਹੁੰਚਾਇਆ ਸੀ। ਸਸਕਾਰ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਹੀਦ ਦੇ ਪਰਿਵਾਰ ਵਾਲਿਆਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਪ੍ਰਸ਼ਾਸਨ ਵੱਲੋਂ ਸ਼ਹੀਦ ਦੇ ਘਰ ਦੇ ਨੇੜੇ ਸਥਿਤ ਪੰਚਾਇਤ ਦੀ ਸਾਂਝੀ ਥਾਂ ਦੀ ਸਸਕਾਰ ਲਈ ਚੋਣ ਕੀਤੀ ਗਈ ਸੀ। ਜਿਵੇਂ ਹੀ ਸ਼ਹੀਦ ਦੀ ਦੇਹ ਨੂੰ ਉਸ ਦੇ ਘਰ ਤੋਂ ਸਸਕਾਰ ਵਾਲੀ ਥਾਂ ਲਿਆਂਦਾ ਜਾ ਰਿਹਾ ਸੀ ਤਾਂ ਰਾਹ ਵਿੱਚ ਪਰਿਵਾਰ ਵਾਲਿਆਂ ਨੇ ਦੇਹ ਨੂੰ ਅੱਗੇ ਲਿਜਾਣ ਤੋਂ ਰੋਕ ਦਿੱਤਾ। ਉਹ ਮੰਗ ਕਰ ਰਹੇ ਸਨ ਕਿ ਸਸਕਾਰ ਤੋਂ ਪਹਿਲਾਂ ਦੇਹ ਦੀ ਸ਼ਨਾਖ਼ਤ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਸਥਿਤੀ ਕਾਫ਼ੀ ਤਣਾਅ ਵਾਲੀ ਬਣ ਗਈ ਤੇ ਡਿਪਟੀ ਕਮਿਸ਼ਨਰ ਇੰਜ. ਡੀਪੀਐਸ ਖਰਬੰਦਾ ਪਰਿਵਾਰ ਨੂੰ ਜਲਦ ਮੁਆਵਜ਼ਾ ਦੇਣ ਦਾ ਯਕੀਨ ਦੁਆ ਕੇ ਸ਼ਾਂਤ ਕੀਤਾ ਗਿਆ। ਡੀਸੀ ਨੇ ਇਸ ਮੌਕੇ ਸੂਬਾ ਸਰਕਾਰ ਵੱਲੋਂ ਵਿੱਤੀ ਮਦਦ ਤੋਂ ਇਲਾਵਾ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਤੋਂ ਇਲਾਵਾ ਹੋਰ ਸਹੂਲਤਾਂ ਦੇਣ ਦਾ ਭਰੋਸਾ ਦੇ ਕੇ ਸ਼ਹੀਦ ਦੇ ਰਿਸ਼ਤੇਦਾਰਾਂ ਨੂੰ ਧਰਵਾਸ ਦੇਣ ਦਾ ਯਤਨ ਕੀਤਾ। ਸਸਕਾਰ ਵਾਲੀ ਥਾਂ ‘ਤੇ ਜਾ ਕੇ ਵੀ ਪਰਿਵਾਰ ਵਾਲਿਆਂ ਨੇ ਮ੍ਰਿਤਕ ਦੇਹ ਦੇਖਣ ਦੀ ਮੰਗ ਕੀਤੀ ਤੇ ਬਕਸੇ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਸਿਰ ਤੋਂ ਬਿਨਾ ਲਾਸ਼ ਦੇਖ ਕੇ ਪਰਿਵਾਰ ਵਾਲਿਆਂ ਦਾ ਰੋਹ ਵੱਧ ਗਿਆ ਤੇ ਪੁਲਿਸ ਨੂੰ ਸਥਿਤੀ ‘ਤੇ ਕਾਬੂ ਪਾਉਣ ਲਈ ਤਾਕਤ ਦਾ ਇਸਤੇਮਾਲ ਕਰਨਾ ਪਿਆ। ਸ਼ਹੀਦ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਤਰਨਤਾਰਨ ਦੇ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ, ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਐਚਐੱਸ ਫੂਲਕਾ ਤੇ ਡਿਪਟੀ ਕਮਿਸ਼ਨਰ ਇੰਜ. ਡੀਪੀਐਸ ਖਰਬੰਦਾ ਸ਼ਾਮਲ ਸਨ। ਸ਼ਹੀਦ ਨੂੰ ਫੌਜ ਨੇ ਅੰਤਿਮ ਸਲਾਮੀ ਵੀ ਦਿੱਤੀ। ਚਿਤਾ ਨੂੰ ਅਗਨੀ ਸ਼ਹੀਦ ਦੇ ਪਿਤਾ ਊਧਮ ਸਿੰਘ ਨੇ ਦਿਖਾਈ ਜਦਕਿ ਉਨ੍ਹਾਂ ਦਾ ਪੋਤਰਾ ਤੇ ઠਸ਼ਹੀਦ ਦਾ ਪੁੱਤਰ ਸਾਹਿਲਦੀਪ ਸਿੰਘ (10) ਵੀ ਸਸਕਾਰ ਮੌਕੇ ਮੌਜੂਦ ਸੀ।
ਪਰਿਵਾਰ ਨੂੰ 12 ਲੱਖ ਰੁਪਏ ਐਕਸ ਗ੍ਰੇਸ਼ੀਆ ਗ੍ਰਾਂਟ, ਵਾਰਸ ਨੂੰ ਸਰਕਾਰੀ ਨੌਕਰੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਨਾਇਬ ਸੂਬੇਦਾਰ ਪਰਮਜੀਤ ਸਿੰਘ ਦੇ ਵਾਰਸਾਂ ਨੂੰ 12 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਹੈ।ਉਨ੍ਹਾਂ ਐਲਾਨ ਕੀਤਾ ਕਿ ਸ਼ਹੀਦ ਨਾਇਬ ਸੂਬੇਦਾਰ ਦੀ ਪਤਨੀ ਅਤੇ ਬੱਚਿਆਂ ਨੂੰ 5 ਲੱਖ ਰੁਪਏ ਨਗਦ ਅਤੇ ਏਨੀ ਹੀ ਕੀਮਤ ਦਾ ਪਲਾਟ ਦਿੱਤਾ ਜਾਵੇਗਾ ਜਦੋਕਿ ਸ਼ਹੀਦ ਦੇ ਮਾਪਿਆਂ ਨੂੰ ਦੋ ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸ਼ਹੀਦ ਫੌਜੀ ਦੇ ਵਾਰਸ ਨੂੰ ਢੁੱਕਵੀਂ ਸਰਕਾਰੀ ਨੌਕਰੀ ਦੇਣ ਅਤੇ ਉਸਦੇ ਬੱਚਿਆਂ ਨੂੰ ਸੂਬੇ ਦੇ 9 ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨੋਲੋਜੀ ਵਿੱਚੋਂ ਇੱਕ ਵਿੱਚ ਡਿਗਰੀ ਕੋਰਸਾਂ ਤੱਕ ਮੁਫ਼ਤ ਸਿੱਖਿਆ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਸਥਾਨਕ ਸਰਕਾਰੀ ਰੈਸਟ ਹਾਊਸ ਦਾ ਨਾਂ ਨਾਇਬ ਸੂਬੇਦਾਰ ਪਰਮਜੀਤ ਸਿੰਘ ਦੇ ਨਾਂ ‘ਤੇ ਰੱਖਣ ਦੇ ਲਈ ਰੈੱਡ ਕਰਾਸ ਰਾਹੀਂ ਇੱਕ ਲੱਖ ਰੁਪਏ ਦੇਣ ਨੂੰ ਵੀ ਪ੍ਰਵਾਨਗੀ ਦਿੱਤੀ ਹੈ।
ਸ਼ਹਾਦਤ ਦਾ ਬਦਲਾ ਲੈਣ ਲਈ ਬੇਟੇ ਨੂੰ ਭੇਜਾਂਗੀ ਫੌਜ ਵਿਚ : ਪਰਮਜੀਤ ਕੌਰ
ਸ਼ਹੀਦ ਦੀ ਪਤਨੀ ਪਰਮਜੀਤ ਕੌਰ ਨੇ ਕਿਹਾ ਕਿ ਉਸ ਨੂੰ ਦੁੱਖ ਦੇ ਨਾਲ ਮਾਣ ਵੀ ਹੈ ਕਿ ਉਸਦਾ ਪਤੀ ਦੇਸ਼ ਲਈ ਸ਼ਹੀਦ ਹੋਇਆ ਹੈ। ਦੁਸ਼ਮਣਾਂ ਕੋਲੋਂ ਬਦਲਾ ਲੈਣ ਲਈ ਆਪਣੇ ਬੇਟੇ ਸਾਹਿਲਦੀਪ ਸਿੰਘ ਨੂੰ ਫੌਜ ਨੂੰ ਭੇਜਾਂਗੀ ਤਾਂ ਉਹ ਪਿਤਾ ਦੀ ਸ਼ਹਾਦਤ ਦਾ ਬਦਲਾ ਲੈ ਸਕੇ।

RELATED ARTICLES
POPULAR POSTS