ਪਾਕਿਸਤਾਨੀ ਫੌਜ ਨੇ ਦੋ ਭਾਰਤੀ ਜਵਾਨਾਂ ਦੇ ਸਿਰ ਵੱਢੇ, ਭਾਰਤ ਨੇ ਬਦਲੇ ‘ਚ ਪਾਕਿ ਦੀਆਂ ਦੋ ਚੌਂਕੀਆਂ ਕੀਤੀਆਂ ਤਬਾਹ
ਜੰਮੂ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਵਿਚ ਸੋਮਵਾਰ ਨੂੰ ਸ਼ਰਹੱਦ ‘ਤੇ ਅਤੇ ਸਰਹੱਦ ਦੇ ਅੰਦਰ ਦੋ ਵੱਡੇ ਹਮਲੇ ਹੋਏ। ਪਾਕਿਸਤਾਨੀ ਫੌਜ ਦੀ 647ਵੀਂ ਮੁਜਾਹਿਦ ਬਟਾਲੀਅਨ ਨੇ ਪੁਛਣ ਦੇ ਮੈਂਡਰ ਸੈਕਟਰ ਦੀ ਕ੍ਰਿਸ਼ਨਾ ਵਾਦੀ ਵਿਚ ਇਕ ਸਰਹੱਦੀ ਚੌਕੀ ‘ਚ ਤਾਇਨਾਤ ਬੀਐਸਐਫ ਤੇ ਫੌਜ ਦੇ ਦੋ ਜਵਾਨਾਂ ਦੀ ਹੱਤਿਆ ਕਰ ਦਿੱਤੀ।
ਏਨਾ ਹੀ ਨਹੀਂ, ਉਹ ਲਗਭਗ ਇਕ ਕਿਲੋਮੀਟਰ ਤੱਕ ਭਾਰਤੀ ਖੇਤਰ ਵਿਚ ਦਾਖਲ ਹੋ ਗਏ ਤੇ ਦੋਵਾਂ ਜਵਾਨਾਂ ਦੇ ਸਿਰ ਵੱਢ ਦਿੱਤੇ। ਬਦਲੇ ਵਿਚ ਦੇਰ ਰਾਤ ਭਾਰਤੀ ਫੌਜ ਨੇ ਵੀ ਪੁਛਣ ਦੇ ਕੇਰੀ ਸੈਕਟਰ ਵਿਚ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਪਾਕਿਸਤਾਨ ਦੀਆਂ ਦੋ ਚੌਕੀਆਂ ਨੂੰ ਤਬਾਹ ਕਰ ਦਿੱਤਾ ਗਿਆ। ਇਸ ਵਿਚ ਪਾਕਿਸਤਾਨ ਦੇ ਦਸ ਫੌਜੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਸੋਮਵਾਰ ਸਵੇਰੇ ਅੱਠ ਵਜੇ ਐਫਡੀਐਲ ਪੋਸਟ ਪਿੰਪਲ ਤੋਂ ਪਾਕਿ ਫੌਜ ਦੀ 647 ਮੁਜਾਹਿਦ ਬਟਾਲੀਅਨ ਦੇ ਜਵਾਨਾਂ ਨੇ ਐਲਓਸੀ ਨਾਲ ਲੱਗਦੀਆਂ ਬੀਐਸਐਫ ਦੀਆਂ ਸਰਹੱਦੀ ਚੌਕੀਆਂ ‘ਤੇ ਰਾਕਟ ਵੀ ਦਾਗੇ। ਭਾਰਤੀ ਫੌਜ ਤੇ ਬਾਰਡਰ ਸਕਿਉਰਿਟੀ ਫੋਰਸ ਦੇ ਜਵਾਨ ਇਕ ਪੋਸਟ ਤੋਂ ਦੂਜੀ ਪੋਸਟ ਵਿਚ ਗਸ਼ਤ ਕਰ ਰਹੇ ਸਨ। ਉਹਨਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਬੀਐਸਐਫ ਦੀ 200ਵੀਂ ਬਟਾਲੀਅਨ ਦੇ ਹੈਡ ਕਾਂਸਟੇਬਲ ਪ੍ਰੇਮ ਸਾਗਰ ਵਾਸੀ ਪਿੰਡ ਟਿਕਮਪੁਰ ਤਹਿਸੀਲ ਭਟਪੁਰ ਰਾਣੀ ਦੇਵਰੀਆ ਉਤਰ ਪ੍ਰਦੇਸ਼ ਅਤੇ ਫੌਜ ਦੀ 22 ਸਿੱਖ ਯੂਨਿਟ ਦੇ ਨਾਇਬ ਸੂਬੇਦਾਰ ਪਰਮਜੀਤ ਸਿੰਘ ਵਾਸੀ ਤਰਨਤਾਰਨ (ਪੰਜਾਬ) ਸ਼ਹੀਦ ਹੋ ਗਏ। ਇਸੇ ਦੌਰਾਨ ਪਾਕਿ ਦੀ ਬਾਰਡਰ ਐਕਸ਼ਨ ਟੀਮ ਦੇ ਕੁਝ ਮੈਂਬਰ ਜਿਸ ਵਿਚ ਪਾਕਿ ਫੌਜ ਦੇ ਕਮਾਂਡੋ ਅਤੇ ਅੱਤਵਾਦੀ ਸ਼ਾਮਲ ਸਨ, ਭਾਰਤੀ ਸਰਹੱਦੀ ਇਲਾਕੇ ਵਿਚ ਦਾਖਲ ਹੋਏ।
ਉਹਨਾਂ ਨੇ ਦੋਵਾਂ ਸ਼ਹੀਦ ਜਵਾਨਾਂ ਦੀਆਂ ਲਾਸ਼ਾਂ ਨੂੰ ਖੁਰਦ-ਬੁਰਦ ਕਰ ਦਿੱਤਾ। ਭਾਰਤੀ ਜਵਾਨਾਂ ਨੇ ਵੀ ਗੋਲੀਬਾਰੀ ਦਾ ਕਰਾਰ ਜਵਾਬ ਦਿੱਤਾ। ਗੋਲੀਬਾਰੀ ਰੁਕਣ ਤੋਂ ਬਾਅਦ ਫੌਜ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਜ਼ਖ਼ਮੀ ਜਵਾਨ ਨੂੰ ਫੌਜੀ ਹਸਪਤਾਲ ਵਿਚ ਦਾਖਲ ਕਰਵਾਇਆ। ਫੌਜ ਨੇ ਸ਼ਹੀਦਾਂ ਦੀਆਂ ਲਾਸ਼ਾਂ ਨਾਲ ਦਰਿੰਦਗੀ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ 13 ਜਨਵਰੀ 2013 ਨੂੰ ਪਾਕਿ ਦੀ ਬਾਰਡਰ ਐਕਸ਼ਟ ਟੀਮ ਨੇ ਕ੍ਰਿਸ਼ਨਾ ਘਾਟੀ ਸੈਕਟਰ ਵਿਚ ਹੀ ਹਮਲਾ ਕਰਕੇ ਦੋ ਜਵਾਨਾਂ ਨੂੰ ਸ਼ਹੀਦ ਕਰਨ ਦੇ ਨਾਲ ਹੀ ਲਾਸ਼ਾਂ ਨੂੰ ਖੁਰਦ-ਬੁਰਦ ਕੀਤਾ ਸੀ। ਉਹ ਇਕ ਜਵਾਨ ਦਾ ਸਿਰ ਵੀ ਆਪਣੇ ਨਾਲ ਲੈ ਗਏ ਸਨ। 13 ਅਗਸਤ ਨੂੰ ਵੀ ਪਾਕਿਸਤਾਨ ਨੇ ਪੁਛਣ ਵਿਚ ਹਮਲਾ ਕਰਕੇ ਪੰਜ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਇਕ ਹਫਤਾ ਪਹਿਲਾਂ ਵੀ ਪਾਕਿ ਫੌਜ ਨੇ ਨੌਸ਼ਹਿਰਾ ਸੈਕਟਰ ਵਿਚ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਗੋਲਾਬਾਰੀ ਕੀਤੀ ਸੀ, ਜਿਸ ਦੇ ਜਵਾਬ ਵਿਚ ਭਾਰਤੀ ਫੌਜ ਨੇ ਅੱਠ ਪਾਕਿ ਫੌਜੀ ਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …